ਈਆਈਏ ਨੋਟੀਫਿਕੇਸ਼ਨ: ਜਾਵੜੇਕਰ ਨੇ ਰਮੇਸ਼ ਦੇ ਮਸ਼ਵਰੇ ਨਕਾਰੇ

ਨਵੀਂ ਦਿੱਲੀ (ਸਮਾਜ ਵੀਕਲੀ) :  ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਵੱਲੋਂ ਈਆਈਏ ਨੋਟੀਫਿਕੇਸ਼ਨ ਦੇ ਖਰੜੇ ਸਬੰਧੀ ਤਿੱਖੇ ਇਤਰਾਜ਼ ਦਾਇਰ ਕੀਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕਾਂਗਰਸੀ ਆਗੂ ਦੇ ਮਸ਼ਵਰੇ ਨਿਰਆਧਾਰ ਤੇ ਗਲਤ ਵਿਆਖਿਆ ’ਤੇ ਆਧਾਰਤ ਹਨ।

ਜ਼ਿਕਰਯੋਗ ਹੈ ਕਿ ਵਿਗਿਆਨ ਤੇ ਤਕਨਾਲੋਜੀ, ਵਾਤਾਵਰਨ, ਜੰਗਲਾਤ ਤੇ ਜਲਵਾਯੂ ਬਦਲਾਅ ਸਬੰਧੀ ਸਟੈਂਡਿੰਗ ਕਮੇਟੀ ਦੇ ਮੌਜੂਦਾ ਚੇਅਰਮੈਨ ਤੇ ਸਾਬਕਾ ਵਾਤਾਵਰਨ ਮੰਤਰੀ ਰਮੇਸ਼ ਵੱਲੋਂ ਵਾਤਾਵਰਨ ਪ੍ਰਭਾਵ ਮੁਲਾਂਕਣ (ਈਆਈਏ) ਨੋਟੀਫਿਕੇਸ਼ਨ ਦੇ ਖਰੜੇ ’ਤੇ ਚਿੰਤਾ ਜ਼ਾਹਿਰ ਕਰਦਿਆਂ ਸ੍ਰੀ ਜਾਵੜੇਕਰ ਨੂੰ ਇਕ ਪੱਤਰ ਲਿਖਿਆ ਗਿਆ ਸੀ ਜਿਸ ਦੇ ਜਵਾਬ ਵਿੱਚ ਅੱਜ ਕੇਂਦਰੀ ਮੰਤਰੀ ਨੇ ਉਕਤ ਸ਼ਬਦ ਆਖੇ।

ਸਾਬਕਾ ਮੰਤਰੀ ਨੂੰ ਲਿਖੇ ਇਕ ਪੱਤਰ ਵਿੱਚ ਸ੍ਰੀ ਜਾਵੜੇਕਰ ਨੇ ਕਿਹਾ, ‘‘25 ਜੁਲਾਈ ਨੂੰ ਤੁਹਾਡਾ ਲਿਖਿਆ ਪੱਤਰ ਮੈਨੂੰ ਮਿਲਿਆ ਜੋ ਤੁਰੰਤ ਪ੍ਰੈੱਸ ਨੂੰ ਜਾਰੀ ਕਰ ਦਿੱਤਾ ਗਿਆ। ਨੋਟੀਫਿਕੇਸ਼ਨ ਦੇ ਖਰੜੇ ਨੂੰ ਟਿੱਪਣੀਆਂ ਤੇ ਮਸ਼ਵਰਿਆਂ ਲਈ ਲੋਕਾਂ ਸਾਹਮਣੇ ਰੱਖਿਆ ਗਿਆ ਹੈ। ਤੁਹਾਡੇ ਵਿਚਾਰ ਦਰਜ ਕਰ ਲਏ ਗਏ ਹਨ। ਹੁਣੇ ਮਸ਼ਵਰਿਆਂ ਲਈ 15 ਹੋਰ ਦਿਨ ਬਾਕੀ ਹਨ। ਤੁਹਾਡੇ ਸਾਰੇ ਮਸ਼ਵਰੇ ਨਿਰਆਧਾਰ ਅਤੇ ਗਲਤ ਵਿਆਖਿਆ ’ਤੇ ਆਧਾਰਤ ਹਨ। ਮੈਂ ਤੁਹਾਨੂੰ ਵਿਸਥਾਰ ’ਚ ਜਵਾਬ ਦੇਵਾਂਗਾ।’’ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਰੇ ਮਸ਼ਵਰਿਆਂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਦਾ ਖਰੜਾ ਤਿਆਰ ਕੀਤਾ ਜਾਵੇਗਾ।

Previous articleਗਹਿਲੋਤ ਸਰਕਾਰ ਨੇ ਰਾਜਪਾਲ ਨੂੰ ਨਵੀਂ ਤਜਵੀਜ਼ ਭੇਜੀ
Next articleਫਾਰੂਕ ਅਬਦੁੱਲਾ ਵੱਲੋਂ ਜੰਮੂ-ਕਸ਼ਮੀਰ ਦਾ ਸੂਬਾਈ ਦਰਜਾ ਮੁੜ ਬਹਾਲ ਕਰਨ ਦੀ ਮੰਗ