ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜੈਪੁਰ (ਸਮਾਜ ਵੀਕਲੀ) : ਰਾਜਸਥਾਨ ਵਿਧਾਨ ਸਭਾ ’ਚ ਅਸ਼ੋਕ ਗਹਿਲੋਤ ਸਰਕਾਰ ਵੱਲੋਂ ਅੱਜ ਭਰੋਸੇ ਦਾ ਵੋਟ ਹਾਸਲ ਕਰਨ ਨਾਲ ਹੀ ਕਾਂਗਰਸ ਪਾਰਟੀ ’ਚ ਪੈਦਾ ਹੋਈ ਬਗ਼ਾਵਤ ਦਾ ਦੌਰ ਖ਼ਤਮ ਹੋ ਗਿਆ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਜ਼ਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਸਚਿਨ ਪਾਇਲਟ ਧੜੇ ਦੇ 19 ਵਿਧਾਇਕਾਂ ਦੇ ਕਾਂਗਰਸ ’ਚ ਪਰਤਣ ਨਾਲ ਸਰਕਾਰ ਨੂੰ ਬਹੁਮੱਤ ਮਿਲਣਾ ਸੁਭਾਵਿਕ ਸੀ।

ਮਤੇ ’ਤੇ ਬਹਿਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ’ਤੇ ਮੁੜ ਦੋਸ਼ ਲਾਇਆ ਕਿ ਉਸ ਨੇ ਉਨ੍ਹਾਂ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਸੀ। ਊਨ੍ਹਾਂ ਕਿਹਾ,‘‘ਤੁਸੀਂ (ਭਾਜਪਾ) ਭਾਵੇਂ ਹਰ ਹਰਬਾ ਵਰਤ ਲਵੋ ਪਰ ਮੈਂ ਕਿਸੇ ਵੀ ਕੀਮਤ ’ਤੇ ਸਰਕਾਰ ਡਿੱਗਣ ਨਹੀਂ ਦੇਵਾਂਗਾ।’’ ਉਨ੍ਹਾਂ ਕਿਹਾ ਕਿ ਸੰਕਟ ਦਾ ਅੰਤ ‘ਖ਼ੂਬਸੂਰਤ ਢੰਗ’ ਨਾਲ ਹੋਇਆ ਹੈ ਅਤੇ ਇਸ ਨਾਲ ਭਾਜਪਾ ਨੂੰ ਢਾਹ ਲੱਗੀ ਹੈ।

ਕਾਂਗਰਸ ਸਰਕਾਰਾਂ ਨੂੰ ਨਿਸ਼ਾਨਾ ਬਣਾਉਣ ਦਾ ਭਾਜਪਾ ’ਤੇ ਦੋਸ਼ ਲਾਉਂਦਿਆਂ ਗਹਿਲੋਤ ਨੇ ਕਿਹਾ,‘‘ਅਰੁਣਾਚਲ ਪ੍ਰਦੇਸ਼, ਕਰਨਾਟਕ, ਗੋਆ ਅਤੇ ਮੱਧ ਪ੍ਰਦੇਸ਼ ’ਚ ਕੀ ਹੋਇਆ? ਚੁਣੀਆਂ ਹੋਈਆਂ ਸਰਕਾਰ ਨੂੰ ਡੇਗ ਦਿੱਤਾ ਗਿਆ ਅਤੇ ਲੋਕਤੰਤਰ ਖ਼ਤਰੇ ’ਚ ਹੈ।’’ ਉਨ੍ਹਾਂ ਗਜੇਂਦਰ ਸਿੰਘ ਸ਼ੇਖਾਵਤ ਦਾ ਨਾਮ ਲਏ ਬਿਨਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਕਾਂਗਰਸ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਘੜੀ ਸੀ। ਵਿਰੋਧੀ ਧਿਰ ਦੇ ਆਗੂ ਗੁਲਾਬ ਚੰਦ ਕਟਾਰੀਆ ਨੇ ਮੁੱਖ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਾਇਲਟ ‘ਨਿਕੰਮੇ’ ਕਿਵੇਂ ਹੋ ਗਏ ਜਦਕਿ ਉਨ੍ਹਾਂ ਵਿਰੋਧੀ ਧਿਰ ’ਚ ਰਹਿੰਦਿਆਂ ਕਾਂਗਰਸ ਨੂੰ ਰਾਜਸਥਾਨ ’ਚ ਮਜ਼ਬੂਤ ਕੀਤਾ ਸੀ।

ਵਿਧਾਨ ਸਭਾ ’ਚ ਸੀਟ ਬਦਲੇ ਜਾਣ ’ਤੇ ਕਟਾਰੀਆ ਅਤੇ ਰਾਜੇਂਦਰ ਰਾਠੌੜ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ’ਤੇ ਪਾਇਲਟ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਸਦਨ ’ਚ ਪਾਰਟੀ ਅਤੇ ਵਿਰੋਧੀ ਧਿਰ ਵਿਚਕਾਰ ‘ਸਰਹੱਦ’ ’ਤੇ ਬਿਠਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਉਸ ਨੂੰ ਹੀ ਭੇਜਿਆ ਜਾਂਦਾ ਹੈ ਜੋ ਯੋਧਾ ਹੋਵੇ। ਪਾਇਲਟ ਨੇ ਕਿਹਾ,‘‘ਮੈਂ ਅਤੇ ਮੇਰੇ ਸਾਥੀਆਂ ਨੇ ਡਾਕਟਰ ਨੂੰ ਆਪਣੀਆਂ ਸ਼ਿਕਾਇਤਾਂ ਦੱਸ ਦਿੱਤੀਆਂ ਹਨ ਅਤੇ ਹੁਣ ‘ਇਲਾਜ’ ਹੋਣ ਮਗਰੋਂ ਉਹ ਸਾਰੇ ਵਿਧਾਨ ਸਭਾ ’ਚ ਇਕੱਠੇ ਹਨ।’’ ਬਾਅਦ ’ਚ ਗਹਿਲੋਤ ਨੇ ਟਵੀਟ ਕਰ ਕੇ ਕਿਹਾ ਕਿ ਇਹ ਉਨ੍ਹਾਂ ਲਈ ਸੁਨੇਹਾ ਹੈ ਜੋ ਦੇਸ਼ ’ਚ ਵਿਰੋਧੀਆਂ ਦੀਆਂ ਸਰਕਾਰਾਂ ਨੂੰ ਡੇਗਣਾ ਚਾਹੁੰਦੇ ਹਨ।

Previous articleਮੋਗਾ ਜ਼ਿਲ੍ਹਾ ਸਕੱਤਰੇਤ ਊੱਤੇ ਖ਼ਾਲਿਸਤਾਨੀ ਝੰਡਾ ਝੁਲਾਇਆ
Next articleਏਡੀਜੀਪੀ ਵਰਿੰਦਰ ਤੇ ਅਨੀਤਾ ਪੁੰਜ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ