ਨਵੀਂ ਦਿੱਲੀ (ਸਮਾਜਵੀਕਲੀ) : ਪਿਛਲੇ ਦੋ ਮਹੀਨਿਆਂ ਤੋਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਬਣੀ ਤਲਖੀ ਨੂੰ ਘਟਾਉਣ ਦੇ ਪਹਿਲੇ ਸੰਕੇਤ ਵਜੋਂ ਚੀਨੀ ਫੌਜ ਨੇ ਅੱਜ ਗਲਵਾਨ ਘਾਟੀ ’ਚ ਲੱਗੇ ਆਪਣੇ ਤੰਬੂ ਪੁੱਟ ਲਏ ਤੇ ਆਰਜ਼ੀ ਢਾਂਚੇ ਢਾਹ ਦਿੱਤੇ। ਚੀਨ ਨੇ ਘਾਟੀ ’ਚ ਤਾਇਨਾਤ ਆਪਣੀਆਂ ਫੌਜਾਂ ਨੂੰ ਪਿੱਛੇ ਹਟਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ।
ਸੂਤਰਾਂ ਮੁਤਾਬਕ ਚੀਨੀ ਫੌਜਾਂ ਗਲਵਾਨ ਘਾਟੀ ਵਿੱਚ ਗਸ਼ਤੀ ਪੁਆਇੰਟ ਤੋਂ ਡੇਢ ਕਿਲੋਮੀਟਰ ਤਕ ਪਿਛਾਂਹ ਹਟ ਗਈਆਂ ਹਨ। ਦੋਵੇਂ ਫੌਜਾਂ ਗਲਵਾਨ ਨਦੀ ਨੇੜਲੇ ਖੇਤਰ ਵਿੱਚ ਘੱਟੋ-ਘੱਟ ਤਿੰਨ ਕਿਲੋਮੀਟਰ ਦਾ ਬਫ਼ਰ ਜ਼ੋਨ ਬਣਾਉਣਗੀਆਂ। ਉਧਰ ਭਾਰਤ ਵੀ ਦੋਵਾਂ ਧਿਰਾਂ ’ਚ ਬਣੀ ‘ਆਪਸੀ ਸਮਝ’ ਮਗਰੋਂ ਟਕਰਾਅ ਵਾਲੇ ਖੇਤਰਾਂ ’ਚੋਂ ਫੌਜਾਂ ਦੀ ਨਫ਼ਰੀ ਘਟਾਏਗਾ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਚੀਨੀ ਫੌਜਾਂ ਨੇ ਗਲਵਾਨ ਵਾਦੀ ’ਚ ਸੋਮਵਾਰ ਸਵੇਰੇ ਆਪਣੇ ਤੰਬੂ ਤੇ ਬੰਬੂ ਪੁੱਟਣੇ ਸ਼ੁਰੂ ਕਰ ਦਿੱਤੇ ਹਨ।
ਚੀਨੀ ਫੌਜਾਂ ਵਾਦੀ ’ਚੋਂ ਪਿੱਛੇ ਹਟਣ ਲੱਗੀਆਂ ਹਨ। ਸੂਤਰਾਂ ਨੇ ਕਿਹਾ ਕਿ ਗੋਗਰਾ ਹੌਟ ਸਪਰਿੰਗਜ਼ ਵਿੱਚ ਵੀ ਵਾਹਨਾਂ ਤੇ ਸੁਰੱਖਿਆ ਬਲਾਂ ਦੇ ਪੁੱਠੇ ਪੈਰੀਂ ਹੋਣ ਦੀਆਂ ਰਿਪੋਰਟਾਂ ਹਨ। ਪੈਂਗੌਂਗ ਝੀਲ ਖੇਤਰ ਵਿੱਚ ਫਿੰਗਰ 4 ਦੇ ਨੇੜੇ ਵੀ ਚੀਨੀ ਫੌਜਾਂ ਨੇ ਆਪਣੇ ਤੰਬੂ-ਬੰਬੂ ਚੁੱਕ ਲਏ ਹਨ। ਚੇਤੇ ਰਹੇ ਕਿ ਤਲਖੀ ਵਧਣ ਮਗਰੋਂ ਚੀਨ ਨੇ ਫਿੰਗਰ 4 ਤੇ ਫਿੰਗਰ 8 ਦਰਮਿਆਨ ਪੈਂਦੇ ਖੇਤਰਾਂ ’ਚ ਆਪਣੀ ਮੌਜੂਦਗੀ ਵਧਾ ਦਿੱਤੀ ਸੀ।
ਸੂਤਰਾਂ ਨੇ ਕਿਹਾ ਕਿ ਗਲਵਾਨ ਘਾਟੀ ਵਿੱਚ ਚੀਨੀ ਸਲਾਮਤੀ ਦਸਤੇ ਗਸ਼ਤੀ ਪੁਆਇੰਟ 14, 15 ਤੇ 17 ਤੋਂ ਕਰੀਬ ਇਕ ਕਿਲੋਮੀਟਰ ਤਕ ਪਿੱਛੇ ਹਟ ਗਏ ਹਨ। ਸੂਤਰਾਂ ਨੇ ਕਿਹਾ ਕਿ ਹਾਲ ਦੀ ਘੜੀ ਫੌਰੀ ਇਹ ਪਤਾ ਲਾਉਣਾ ਔਖਾ ਹੈ ਕਿ ਚੀਨੀ ਫੌਜਾਂ ਗਲਵਾਨ ਘਾਟੀ ’ਚੋਂ ਕਿੰਨਾ ਕੁ ਪਿੱਛੇ ਮੁੜੀਆਂ ਹਨ ਤੇ ਅਸਲ ਤਸਵੀਰ ਢੁੱਕਵੇਂ ਤਸਦੀਕੀ ਅਮਲ ਦੇ ਪੂਰਾ ਹੋਣ ਮਗਰੋਂ ਹੀ ਸਪਸ਼ਟ ਹੋਵੇਗੀ।
ਸੂਤਰਾਂ ਨੇ ਕਿਹਾ ਕਿ 30 ਜੂਨ ਨੂੰ ਫੌਜੀ ਪੱਧਰ ਦੀ ਗੱਲਬਾਤ ਦੌਰਾਨ ਬਣੀ ਸਹਿਮਤੀ ਮੁਤਾਬਕ ਹੀ ਫੌਜਾਂ ਨੇ ਪਿੱਛੇ ਹਟਣ ਦਾ ਅਮਲ ਸ਼ੁਰੂ ਕੀਤਾ ਹੈ। ਦੋਵੇਂ ਫੌਜਾਂ ਗਲਵਾਨ ਨਦੀ ਨੇੜਲੇ ਖੇਤਰ ਵਿੱਚ ਘੱਟੋ-ਘੱਟ ਤਿੰਨ ਕਿਲੋਮੀਟਰ ਦਾ ਬਫ਼ਰ ਜ਼ੋਨ ਬਣਾਉਣਗੀਆਂ। ਭਾਰਤੀ ਫੌਜੀ ਵੀ ਇਸੇ ਸਹਿਮਤੀ ਮੁਤਾਬਕ ਪੇਸ਼ਕਦਮੀ ਕਰਨਗੇ। ਸੂਤਰਾਂ ਨੇ ਕਿਹਾ ਕਿ ਭਾਰਤ ਟਕਰਾਅ ਵਾਲੇ ਖੇਤਰਾਂ ’ਚੋਂ ਚੀਨੀ ਫੌਜਾਂ ਦੀ ਵਾਪਸੀ ਨੂੰ ਸਖ਼ਤੀ ਨਾਲ ਵਾਚ ਰਿਹਾ ਹੈ।
ਭਾਰਤ ਤੇ ਚੀਨ ਨੇ 30 ਜੂਨ ਨੂੰ ਲੈਫਟੀਨੈਂਟ ਜਨਰਲ ਪੱਧਰ ਦੀ ਤੀਜੇ ਗੇੜ ਦੀ ਗੱਲਬਾਤ ਦੌਰਾਨ ਤਲਖੀ ਨੂੰ ਘਟਾਉਣ ਤੇ ਫੌਜਾਂ ਨੂੰ ਸਰਹੱਦ ਤੋਂ ‘ਤੇਜ਼ੀ ਨਾਲ, ਪੜਾਅਵਾਰ ਤੇ ਕਦਮ ਦਰ ਕਦਮ’ ਹਟਾਉਣ ਦੀ ਸਹਿਮਤੀ ਦਿੱਤੀ ਸੀ।