ਡੋਵਾਲ-ਵੈਂਗ ਵੱਖਰੇਵਿਆਂ ਨੂੰ ਵਿਵਾਦ ਨਾ ਬਣਨ ਦੇਣ ਲਈ ਸਹਿਮਤ

ਨਵੀਂ ਦਿੱਲੀ/ਪੇਈਚਿੰਗ (ਸਮਾਜਵੀਕਲੀ) :ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਐਤਵਾਰ ਨੂੰ ਟੈਲੀਫੋਨ ’ਤੇ ਹੋਈ ਗੱਲਬਾਤ ਦੌਰਾਨ ਸਰਹੱਦੀ ਖੇਤਰਾਂ ਵਿੱਚ ਅਮਨ ਦੀ ਮੁਕੰਮਲ ਬਹਾਲੀ ਲਈ ਫੌਜਾਂ ਦਰਮਿਆਨ ਕਸ਼ੀਦਗੀ ਨੂੰ ‘ਛੇਤੀ ਤੋਂ ਛੇਤੀ’ ਖ਼ਤਮ ਕਰਨ ’ਤੇ ਸਹਿਮਤੀ ਦਿੱਤੀ ਹੈ। ਦੋਵਾਂ ਆਗੂਆਂ ਨੇ ਆਪੋ ਆਪਣੇ ਮੁਲਕਾਂ ਦੇ ਵਿਸ਼ੇਸ਼ ਨੁਮਾਇੰਦਿਆਂ ਵਜੋਂ ਸੰਵਾਦ ਰਚਾਉਂਦਿਆਂ ਕਿਹਾ ਕਿ ਦੋਵੇਂ ਧਿਰਾਂ ਵੱਖਰੇਵਿਆਂ ਨੂੰ ਵਿਵਾਦ ਨਹੀਂ ਬਣਨ ਦੇਣਗੀਆਂ।

ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਡੋਵਾਲ ਤੇ ਵੈਂਗ ਨੇ ਟੈਲੀਫੋਨ ਵਾਰਤਾ ਦੌਰਾਨ ਜ਼ੋਰ ਦੇ ਕੇ ਆਖਿਆ ਕਿ ਦੋਵੇਂ ਧਿਰਾਂ ਅਸਲ ਕੰਟਰੋਲ ਰੇਖਾ ਦੀ ਨਿਗਰਾਨੀ ਦੇ ਨਾਲ ਇਸ ਦਾ ‘ਸਖ਼ਤੀ ਨਾਲ ਸਤਿਕਾਰ’ ਕਰਨਗੀਆਂ ਤੇ ਅਜਿਹੀ ਕਿਸੇ ਇਕਤਰਫ਼ਾ ਕਾਰਵਾਈ ਤੋਂ ਪ੍ਰਹੇਜ਼ ਕਰਨਗੀਆਂ ਜਿਸ ਨਾਲ ਅਸਲ ਕੰਟਰੋਲ ਰੇਖਾ ਦੀ ਮੌਜੂਦਾ ਸਥਿਤੀ ’ਚ ਫੇਰਬਦਲ ਹੋਵੇ। ਵਿਸ਼ੇਸ਼ ਨੁਮਾਇੰਦਿਆਂ ਨੇ ਸਹਿਮਤੀ ਦਿੱਤੀ ਕਿ ਉਹ ਭਾਰਤ-ਚੀਨ ਸਰਹੱਦੀ ਖੇਤਰਾਂ ਵਿੱਚ ਅਮਨ ਦੀ ਮੁਕੰਮਲ ਬਹਾਲੀ ਲਈ ਆਪਣੀ ਗੱਲਬਾਤ ਨੂੰ ਅੱਗੋਂ ਵੀ ਜਾਰੀ ਰੱਖਣਾ ਯਕੀਨੀ ਬਣਾਉਣਗੇ ਅਤੇ ਕੂਟਨੀਤਕ ਤੇ ਫੌਜੀ ਅਧਿਕਾਰੀਆਂ ਦੀ ਗੱਲਬਾਤ ਪਹਿਲਾਂ ਵਾਂਗ ਜਾਰੀ ਰਹੇਗੀ।

ਸਰਹੱਦ ’ਤੇ ਜਾਰੀ ਟਕਰਾਅ ਮਗਰੋਂ ਡੋਵਾਲ ਤੇ ਵੈਂਗ ਨੇ ਪਹਿਲੀ ਵਾਰ ਇਕ ਦੂਜੇ ਨਾਲ ਗੱਲਬਾਤ ਕੀਤੀ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਭਾਰਤ ਟਕਰਾਅ ਵਾਲੇ ਖੇਤਰਾਂ ’ਚੋਂ ਚੀਨੀ ਫੌਜਾਂ ਦੀ ਵਾਪਸੀ ਨੂੰ ਸਖ਼ਤੀ ਨਾਲ ਵਾਚ ਰਿਹਾ ਹੈ। ਉਧਰ ਪੇਈਚਿੰਗ ਵਿੱਚ ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਵੈਂਗ ਤੇ ਡੋਵਾਲ ‘ਸਕਾਰਾਤਮਕ ਸਾਂਝੀ ਸਮਝ’ ਵਿਕਸਤ ਕਰਨ ਵਿੱਚ ਸਫ਼ਲ ਰਹੇ ਹਨ।

Previous articleਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ
Next articleਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ