ਖੰਨਾ -ਇਥੋਂ ਦੀ ਸ਼ਹੀਦ ਭਗਤ ਸਿੰਘ ਕਲੋਨੀ, ਕਰਤਾਰ ਨਗਰ ‘ਚ ਅੱੱਜ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਸਕੂਲੀ ਬੱਚਿਆਂ ਨਾਲ ਭਰੀ ਵੈਨ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਮੁਹੱਲੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ। ਫੁਟੇਜ ਵਿੱਚ ਮੂੰਹ ਉਪਰ ਰੁਮਾਲ ਬੰਨ੍ਹੀ ਤਿੰਨ ਨੌਜਵਾਨ ਸਕੂਲ ਦੀ ਛੁੱਟੀ ਸਮੇਂ ਮੁਹੱਲੇ ‘ਚ ਘੁੰਮਦੇ ਦਿਖਾਈ ਦਿੰਦੇ ਹਨ। ਦੋ ਨੌਜਵਾਨ ਮੋਟਰਸਾਈਕਲ ਉਪਰ ਤੇ ਇਕ ਸਕੂਟਰੀ ’ਤੇ ਹੈ। ਇਸੇ ਦੌਰਾਨ ਇਹ ਨੌਜਵਾਨ ਗਲੀ ’ਚੋਂ ਲੰਘ ਰਹੀ ਸਕੂਲ ਵੈਨ ਨੂੰ ਘੇਰ ਕੇ ਡਰਾਈਵਰ ਨੂੰ ਧਮਕਾਉਂਦੇ ਹੋਏ ਉਸ ਨੂੰ ਬੱਸ ਵਿਚੋਂ ਉਤਾਰ ਲੈਂਦੇ ਹਨ। ਇਸੇ ਦੌਰਾਨ ਮੁਹੱਲਾ ਵਾਸੀ ਵੀ ਬੱਚਿਆਂ ਨੂੰ ਲੈਣ ਲਈ ਘਰੋਂ ਬਾਹਰ ਨਿਕਲਦੇ ਹਨ, ਜਿਨ੍ਹਾਂ ਨੂੰ ਦੇਖ ਕੇ ਨੌਜਵਾਨ ਉਥੋਂ ਭੱਜ ਜਾਂਦੇ ਹਨ। ਸਕੂਲੀ ਵੈਨ ਦੇ ਡਰਾਈਵਰ ਅਮਨਦੀਪ ਸਿੰਘ ਵਾਸੀ ਗੁਰੂ ਨਾਨਕ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਇੰਦਰ ਮੈਮੋਰੀਅਲ ਸਕੂਲ ਦੀ ਵੈਨ ਚਲਾਉਂਦਾ ਹੈ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਛੁੱਟੀ ਮਗਰੋਂ ਉਹ ਬੱਚਿਆਂ ਨੂੰ ਛੱਡਣ ਜਾ ਰਿਹਾ ਸੀ। ਵੈਨ ‘ਚ 15 ਬੱਚੇ ਸਵਾਰ ਸਨ। ਕਰਤਾਰ ਨਗਰ ਵਿੱਚ ਪੰਕਜ ਕਰਿਆਨਾ ਸਟੋਰ ਨੇੜੇ ਇਕ ਨੌਜਵਾਨ ਰਾਹ ਵਿੱਚ ਮੂੰਹ ਬੰਨ੍ਹੀ ਖੜਾ ਸੀ, ਉਸ ਵੱਲੋਂ ਹੌਰਨ ਵਜਾਉਣ ’ਤੇ ਵੀ ਉਹ ਪਾਸੇ ਨਹੀਂ ਹੋਇਆ। ਇਸੇ ਦੌਰਾਨ ਉਸਦੇ ਦੋ ਹੋਰ ਸਾਥੀ ਵੀ ਉਥੇ ਆ ਗਏ। ਇਨ੍ਹਾਂ ਤਿੰਨਾਂ ਨੇ ਉਸ ਨੂੰ ਧਮਕਾਉਂਦੇ ਹੋਏ ਗੱਡੀ ’ਚੋਂ ਹੇਠਾਂ ਉਤਾਰ ਲਿਆ। ਇਸੇ ਦੌਰਾਨ ਇੱਕ ਔਰਤ ਕੋਲੋਂ ਲੰਘੀ ਤਾਂ ਸ਼ੱਕੀ ਨੌਜਵਾਨ ਚੁੱਪ ਹੋ ਗਏ। ਇਸੇ ਦੌਰਾਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਦੇ ਦੇਖ ਨੌਜਵਾਰ ਉਥੋਂ ਫਰਾਰ ਹੋ ਗਏ। ਡਰਾਈਵਰ ਅਨੁਸਾਰ ਸ਼ੱਕੀ ਨੌਜਵਾਨ ਉਸ ਦੀ ਗੱਡੀ ਲੈ ਕੇ ਫਰਾਰ ਹੋਣਾ ਚਾਹੁੰਦੇ ਸੀ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸੀ। ਉਧਰ,ਸਿਟੀ ਥਾਣਾ 2 ਦੇ ਮੁਖੀ ਗੁਰਮੇਲ ਸਿੰਘ ਨੇ ਕਿਹਾ ਕਿ ਵੈਨ ਅਗਵਾ ਕਰਨ ਵਾਲੀ ਹਾਲੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਵੈਨ ਡਰਾਈਵਰ ਦਾ ਕਿਸੇ ਨਾਲ ਝਗੜਾ ਹੋ ਸਕਦਾ ਹੈ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।
INDIA ਖੰਨਾ ’ਚ ਸਕੂਲ ਵੈਨ ਅਗਵਾ ਕਰਨ ਦੀ ਕੋਸ਼ਿਸ਼