ਖੜਗੇ ਕਮੇਟੀ ਇਸੇ ਹਫ਼ਤੇ ਸੌਂਪ ਸਕਦੀ ਹੈ ਰਿਪੋਰਟ

ਚੰਡੀਗੜ੍ਹ (ਸਮਾਜ ਵੀਕਲੀ): ਖੜਗੇ ਕਮੇਟੀ ਪੰਜਾਬ ਕਾਂਗਰਸ ’ਚ ਛਿੜੇ ਕਾਟੋ ਕਲੇਸ਼ ਨਾਲ ਨਜਿੱਠਣ ਲਈ ਪਾਰਟੀ ਹਾਈ ਕਮਾਨ ਨੂੰ ਇਸੇ ਹਫ਼ਤੇ ਰਿਪੋਰਟ ਸੌਂਪ ਸਕਦੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਨਿੱਤਰੇ ਵਿਰੋਧੀ ਧੜੇ ਨੂੰ ਹੁਣ ਹਾਈ ਕਮਾਨ ਤੋਂ ਆਖਰੀ ਆਸਾਂ ਹਨ। ਵਿਰੋਧੀ ਧੜਾ ਹੁਣ ਦਿੱਲੀ ਦਾ ਸੁਨੇਹਾ ਉਡੀਕ ਰਿਹਾ ਹੈ। ਪਤਾ ਲੱਗਾ ਹੈ ਕਿ ਖੜਗੇ ਕਮੇਟੀ ਦੇ ਸੀਨੀਅਰ ਮੈਂਬਰ ਮਲਿਕਾਰਜੁਨ ਖੜਗੇ ਕਰਨਾਟਕ ਗਏ ਹੋਏ ਹਨ ਜਿਨ੍ਹਾਂ ਦੇ ਭਲਕੇ ਦਿੱਲੀ ਪਰਤਣ ਮਗਰੋਂ ਹੀ ਕਮੇਟੀ ਵੱਲੋਂ ਕਾਂਗਰਸ ਪ੍ਰਧਾਨ ਨੂੰ ਰਿਪੋਰਟ ਸੌਂਪੀ ਜਾਣੀ ਹੈ। ਖੜਗੇ ਕਮੇਟੀ ਵੱਲੋਂ ਪੰਜ ਦਿਨਾਂ ਦੌਰਾਨ ਪੰਜਾਬ ਕਾਂਗਰਸ ਦੇ ਦੋਵੇਂ ਧੜਿਆਂ ਦੀ ਗੱਲ ਸੁਣੀ ਗਈ ਤੇ ਅਗਲੀਆਂ ਚੋਣਾਂ ਵਿਚ ਉੱਤਰਨ ਤੋਂ ਪਹਿਲਾਂ ਕਾਂਗਰਸ ਦੀ ਚਿਹਰਾ ਮੋਹਰਾ ਕਿਵੇਂ ਸਾਫ-ਸੁਥਰਾ ਬਣਾਇਆ ਜਾਵੇ, ਬਾਰੇ ਮੰਥਨ ਕੀਤਾ ਗਿਆ।

ਨਾਰਾਜ਼ ਆਗੂਆਂ ਨਾਲ ਸਿਆਸੀ ਤਾਲਮੇਲ ਕਿਵੇਂ ਹੁੰਦਾ ਹੈ, ਇਕੱਲਾ ਇਹ ਵੱਡਾ ਮਸਲਾ ਨਹੀਂ ਬਲਕਿ ਇਹ ਵੇਖਣਾ ਅਹਿਮ ਹੋਵੇਗਾ ਕਿ ਹਾਈ ਕਮਾਨ ਪੰਜਾਬ ਕਾਂਗਰਸ ’ਚ ਨਾਰਾਜ਼ਗੀ ਦੀ ਵਜ੍ਹਾ ਬਣਨ ਵਾਲੇ ਅਤੇ ਕੈਪਟਨ ਵਿਰੋਧੀ ਧੜੇ ਵੱਲੋਂ ਉਠਾਏ ਮੂਲ ਮੁੱਦਿਆਂ ’ਤੇ ਕੀ ਰੁਖ਼ ਅਖਤਿਆਰ ਕਰਦੀ ਹੈ। ਸਿਆਸੀ ਚਰਚੇ ਛਿੜੇ ਹਨ ਕਿ ਜੇਕਰ ਕਾਂਗਰਸ ਹਾਈ ਕਮਾਨ ਨੇ ਨਾਰਾਜ਼ ਆਗੂਆਂ ਨੂੰ ਅਹੁਦੇ ਨਿਵਾਜਣ ਤੱਕ ਕੇਂਦਰੀ ਫ਼ਾਰਮੂਲਾ ਸੀਮਤ ਰੱਖਿਆ ਤਾਂ ਪੰਜਾਬ ਦੇ ਲੋਕਾਂ ’ਚ ਕਾਂਗਰਸ ਦਾ ਅਕਸ ਉਭਾਰਨਾ ਮੁਸ਼ਕਲ ਹੋਵੇਗਾ। ਮੁੱਖ ਤੌਰ ’ਤੇ ਪੰਜ ਦਿਨਾਂ ਦੇ ਮੰਥਨ ਦੌਰਾਨ ਬਰਗਾੜੀ ਮਾਮਲਾ, ਨਸ਼ਾ ਤਸਕਰੀ ਅਤੇ ਬਿਜਲੀ ਸਮਝੌਤਿਆਂ ਤੋਂ ਇਲਾਵਾ ਅਕਾਲੀਆਂ ਨਾਲ ਦੋਸਤਾਨਾ ਮੈਚ ਖੇਡੇ ਜਾਣ ਦੇ ਮੁੱਦੇ ਉੱਭਰੇ ਸਨ।

ਸਿਆਸੀ ਮਾਹਿਰ ਆਖਦੇ ਹਨ ਕਿ ਪੰਜਾਬ ਕਾਂਗਰਸ ਵਿਚ ਬਿਖੇੜੇ ਦਾ ਕਾਰਨ ਬਣਨ ਵਾਲੇ ਮੂਲ ਮੁੱਦਿਆਂ ’ਤੇ ਪੰਜਾਬ ਸਰਕਾਰ ਕੋਈ ਰਫ਼ਤਾਰ ਨਹੀਂ ਫੜਦੀ ਤਾਂ ਅਗਲੀਆਂ ਚੋਣਾਂ ਵਿਚ ਲੋਕਾਂ ਦੀ ਦੇਹਲੀ ਚੜ੍ਹਨੀ ਕਾਂਗਰਸ ਨੂੰ ਔਖੀ ਹੋ ਜਾਵੇਗੀ। ਬੇਸ਼ੱਕ ਖੜਗੇ ਕਮੇਟੀ ਨੇ ਆਪਣੀ ਰਿਪੋਰਟ ਵਿਚ ਤੱਥ ਪੇਸ਼ ਕਰਨੇ ਹਨ ਪ੍ਰੰਤੂ ਆਖਰੀ ਫੈਸਲਾ ਗਾਂਧੀ ਪਰਿਵਾਰ ਨੇ ਹੀ ਲੈਣਾ ਹੈ। ਹੁਣ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਬਦਲੀ ਦੀ ਗੱਲ ਵੀ ਉੱਠਣ ਲੱਗੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਦੇ ਆਲੇ-ਦੁਆਲੇ ਮੋਰਚਿਆਂ ’ਚ ਕਿਸਾਨਾਂ ਦੀ ਰੌਣਕ ਵਧਣ ਲੱਗੀ
Next articleਮਮਤਾ ਬੈਨਰਜੀ ਨੂੰ ਭਲਕੇ ਮਿਲਣਗੇ ਰਾਕੇਸ਼ ਟਿਕੈਤ