ਸਾਡੀ ਲੱਗਦੀ ਕਿਸੇ ਨਾ ਦੇਖੀ_ ਟੁੱਟਦੀ ਨੂੰ ਜੱਗ ਜਾਣਦਾ

ਮੋਗਾ/ਭਲੂਰ (ਬੇਅੰਤ ਗਿੱਲ) (ਸਮਾਜ ਵੀਕਲੀ): ਖਬਰ ਦੀਆਂ ਉਪਰੋਕਤ ਸਤਰਾਂ ਬੀਬੀ ਜੰਗੀਰ ਕੌਰ ਅਤੇ ਬਾਦਲਾਂ ਉੱਪਰ ਇਨ ਬਿੰਨ ਢੁੱਕਦੀਆਂ ਹਨ। ‘ਅਸੀਂ ਲੁਕ ਛਿਪ ਤੇਰੇ ਨਾਲ ਲਾਈਆਂ ਕਿ ਵੱਜ ਗਏ ਨੇ ਢੋਲ ਹਾਣੀਆਂ “। ਸੱਚਮੁੱਚ ਹੁਣ ਢੋਲ ਵੱਜ ਗਏ ਹਨ। ਸ਼ੋਸ਼ਲ ਮੀਡੀਆ ‘ਤੇ ਲੋਕ ਇਹਨਾਂ ਦੇ ਤੋੜ ਵਿਛੋੜੇ ਦਾ ਖੂਬ ਸਵਾਦ ਲੈ ਰਹੇ ਹਨ। ਵੰਨ- ਸੁਵੰਨੀਆਂ ਗੱਲਾਂ ਦੇ ਚਰਚੇ ਹਨ। ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਲੋਕ ਚੁਟਕਲੇ ਬਣਾ ਬਣਾ ਸੁਣਾ ਰਹੇ ਹਨ। ਇਹਨਾਂ ਸੱਥਾਂ ਵਿੱਚ ਹੀ ਲੋਕ ਬਾਦਲਾਂ ਦੇ ਸਿਆਸੀ ਭਵਿੱਖ ਦੀਆਂ ਵੀ ਆਪੋ ਆਪਣੀ ਸਮਝ ਅਨੁਸਾਰ ਕਿਆਸ- ਅਰਾਈਆਂ ਲਗਾ ਰਹੇ ਹਨ।

ਸੂਝਵਾਨ ਲੋਕਾਂ ਦਾ ਮੰਨਣਾ ਹੈ ਕਿ ਬਾਦਲਾਂ ਨੇ ਹੁਣ ਤੱਕ ਜਿੰਨਾ ਵੀ ਰਾਜ ਕੀਤਾ ਹੈ,ਉਸਦੀ ਨੀਂਹ ਨਿਰੀ ਪੁਰੀ ਹੀ ਝੂਠ ‘ਤੇ ਟਿਕੀ ਹੋਈ ਸੀ ਅਤੇ ਪਾਰਟੀ ਵਿਚਲੇ ਜਿਆਦਾਤਰ ਲੀਡਰ ਨਿੱਜੀ ਸਵਾਰਥਾਂ ਨੂੰ ਪਹਿਲ ਦੇ ਕੇ ਪੰਜਾਬ ਨੂੰ ਲੁੱਟਣ ਤੇ ਕੁੱਟਣ ‘ਤੇ ਹੀ ਰਹੇ। ਬਾਦਲ ਆਪਣੇ ਨਿੱਜ ਲਈ ਪਿੰਡਾਂ ਵਿੱਚ ਧੜੇਬੰਦੀਆਂ ਬਣਾ ਕੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਵੱਡਾ ਖੋਰਾ ਲਾਉਂਦੇ ਰਹੇ ਅਤੇ ਭਰਾ ਨੂੰ ਭਰਾ ਨਾਲ ਲੜਾ ਕੇ ਪਾੜੇ ਪਾਉਣ ਦੀ ਰਾਜਨੀਤੀ ਕਰਦੇ ਰਹੇ। ਪਾਖੰਡੀ ਲੋਕਾਂ ਨੂੰ ਪੰਜਾਬ ਦੇ ਸਿਰ ‘ਤੇ ਬਿਠਾਉਣ ਵਾਲੇ ਵੀ ਬਾਦਲ ਹੀ ਹਨ। ਪੰਜਾਬ ਵਿੱਚ ਨਸ਼ੇ ਦੇ ਅੱਤਵਾਦ ਨੂੰ ਬੜਾਵਾ ਦੇਣ ਵਿਚ ਵੀ ਇਹਨਾਂ ਵੱਡੀ ਮਿਹਰਬਾਨੀ ਕੀਤੀ ਹੈ।

ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ ਅਤੇ ਹਰ ਮਹਿਕਮੇ ‘ਚ ਉਪਜੇ ਮਾਫੀਏ ਨੇ ਪੰਜਾਬ ਦਾ ਲੱਕ ਤੋੜ ਦਿੱਤਾ ਹੈ। ਹੁਣ ਬਾਦਲ ਪਾਰਟੀ ਅੰਦਰ ਵੱਡੀ ਹਿਲਜੁਲ ਹੋਈ ਹੈ। ਇਸੇ ਹਿਲਜੁਲ ‘ਚੋਂ ਬੀਬੀ ਜੰਗੀਰ ਕੌਰ ਬਾਗੀ ਹੋ ਕੇ ਵਿਰੋਧੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਬਾਦਲ ਪਾਰਟੀ ਅੰਦਰ ਵੱਡਾ ਤੂਫਾਨ ਆਉਣ ਦੇ ਚਰਚੇ ਹਨ। ਇਕ ਵਾਰ ਤਾਂ ਪਾਰਟੀ ਦੀ ਕਾਫੀ ਟੁੱਟ-ਭੱਜ ਹੋਣ ਦੇ ਆਸਾਰ ਹਨ। ਹੌਲੀ ਹੌਲੀ ਪਾਰਟੀ ਪੱਬਾਂ ਭਾਰ ਹੋਵੇਗੀ। ਬੀਬੀ ਨਾਲੋਂ ਹੋਇਆ ਤੋੜ ਵਿਛੋੜਾ ਸੁਖਬੀਰ ਨੂੰ ਬੰਦਾ ਬਣਨ ਦੀ ਨਸੀਹਤ ਜਰੂਰ ਦੇ ਰਿਹਾ ਹੈ। ਹੁਣ ਹੋ ਸਕਦਾ ਉਹ ਪਿਉ ਵਾਲੀ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕਰੇ ਪਰ ਹੁਣ ਇਹ ਖੇਡ ਸੁਖਾਲੀ ਨਹੀਂ ਹੈ। ਬੀਬੀ ਜੰਗੀਰ ਕੌਰ ਨੇ ਵੱਖ ਹੁੰਦਿਆਂ ਹੀ ਉਹ ਭੇਦ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ, ਜਿਹੜੇ ਬਾਦਲਾਂ ਲਈ ਵੱਡੀ ਮੁਸੀਬਤ ਬਣ ਸਕਦੇ ਹਨ। ਲੋਕ ਕਹਿੰਦੇ ਹਨ ਕਿ ਅੰਦਰਖਾਤੇ ਲਾਈਆਂ ਸੀ,ਹੁਣ ਕੋਠੇ ਚੜ੍ਹ ਕੇ ਤੋੜੀਆਂ ਹਨ। ਇਹਨਾਂ ‘ਲੱਗੀਆਂ’ ਨੇ ਪੰਜਾਬ ਦਾ ਰੱਜਕੇ ਖੂਨ ਪੀਤਾ। ਹੁਣ ‘ਟੁੱਟੀਆਂ’ ਨੇ ਪੰਜਾਬ ਨੂੰ ਜੋੜਨਾ ਵੀ ਹੋਇਆ। ਆਉਣ ਵਾਲੇ ਦਿਨਾਂ ਵਿਚ ਇਹ ਟੁੱਟੀਆਂ ਕੀ ਰੰਗ ਲਿਆਉਂਦੀਆਂ, ਵੇਖਣਾ ਹੋਵੇਗਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਵਾਸੀ ਭਾਰਤੀ ਸੋਮ ਥਿੰਦ ਯੂ ਕੇ ਤੇ ਜੀਤ ਬਾਬਾ ਬੈਲਜੀਅਮ ਨੇ ਬੱਚਿਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡੀ ।
Next articleਕਵਿਤਾ