ਨਵੀਂ ਦਿੱਲੀ (ਸਮਾਜ ਵੀਕਲੀ) : ਕਿਸਾਨ ਆਗੂਆਂ ਨੇ ਅੱਜ ਮੁੜ ਸਾਫ਼ ਕਰ ਦਿੱਤਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਘੱਟ ਹੋਰ ਕੁਝ ਵੀ ਸਵੀਕਾਰ ਨਹੀਂ ਕਰਨਗੇ। ਕਿਸਾਨ ਯੂਨੀਅਨਾਂ ਨੇ ਕਿਹਾ ਕਿ ਜੇ ਸਰਕਾਰ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਖਾਹਿਸ਼ਮੰਦ ਹੈ ਤਾਂ ਪਹਿਲਾਂ ਵਾਂਗ ਰਸਮੀ ਸੱਦਾ ਭੇਜੇ। ਇਸ ਦੌਰਾਨ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਤੇ ਦੇਸ਼ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੱਲੋਂ ‘ਸੰਯੁਕਤ ਕਿਸਾਨ ਮੋਰਚੇ’ ਦੀ ਅਗਵਾਈ ਹੇਠ ਭਲਕੇ ਦਿੱਲੀ-ਜੈਪੁਰ ਕੌਮੀ ਮਾਰਗ ਜਾਮ ਕੀਤਾ ਜਾਵੇਗਾ। ਕਿਸਾਨ ਯੂਨੀਅਨਾਂ ਭਲਕੇ ਪੰਜਾਬ ਦੀ ਤਰਜ਼ ’ਤੇ ਦੇਸ਼ ਭਰ ਦੇ ਟੌਲ ਪਲਾਜ਼ੇ ਵੀ ਬੰਦ ਕਰਨਗੀਆਂ।
‘ਦਿੱਲੀ ਚੱਲੋ’ ਮੁਹਿੰਮ ਤਹਿਤ ਕਿਸਾਨਾਂ ਵੱਲੋਂ ਜਾਰੀ ਧਰਨੇ ਦਾ ਅੱਜ 16ਵਾਂ ਦਿਨ ਸੀ। ਚੇਤੇ ਰਹੇ ਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਸਾਨ ਆਗੂਆਂ ਨੂੰ ਖੇਤੀ ਕਾਨੂੰਨਾਂ ’ਚ ਸੋਧ ਲਈ ਭੇਜੀਆਂ ਤਜਵੀਜ਼ਾਂ ’ਤੇ ਗੌਰ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਜੇਕਰ ਯੂਨੀਅਨ ਚਾਹੇ ਤਾਂ ਸਰਕਾਰ ਉਨ੍ਹਾਂ ਨਾਲ ਅਗਲੇਰੀ ਗੱਲਬਾਤ ਲਈ ਤਿਆਰ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਪਿਛਲੀਆਂ ਰਸਮੀ ਮੀਟਿੰਗਾਂ ਵਾਂਗ ਉਹ (ਸਰਕਾਰ) ਪਹਿਲਾਂ ਸਾਨੂੰ ਇਹ ਦੱਸਣ ਕਿ ਮੀਟਿੰਗ ਕਦੋਂ ਤੇ ਕਿੱਥੇ ਕਰਨੀ ਚਾਹੁੰਦੇ ਹਨ।
ਜੇ ਉਹ ਸਾਨੂੰ ਗੱਲਬਾਤ ਲਈ ਸੱਦਦੇ ਹਨ ਤਾਂ ਅਸੀਂ ਪਹਿਲਾਂ ਆਪਣੀ ਤਾਲਮੇਲ ਕਮੇਟੀ ਨਾਲ ਚਰਚਾ ਕਰਾਂਗੇ ਤੇ ਫਿਰ ਕੋਈ ਫੈਸਲਾ ਲਵਾਂਗੇ।’ ਬੀਕੇਯੂ ਆਗੂ ਨੇ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨਾਂ ਨੂੰ ਮਨਸੂਖ਼ ਨਹੀਂ ਕਰਦੀ, ਘਰਾਂ ਨੂੰ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗੱਲਬਾਤ ਲਈ ਸਰਕਾਰ ਵੱਲੋਂ ਕੋਈ ਰਸਮੀ ਸੱਦਾ ਮਿਲਣ ਬਾਰੇ ਪੁੱਛੇ ਜਾਣ ’ਤੇ ਟਿਕੈਤ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਨੂੰ ਹਾਲ ਦੀ ਘੜੀ ਅਜਿਹੀ ਕੋਈ ਪੇਸ਼ਕਸ਼ ਨਹੀਂ ਹੋਈ। ਉਨ੍ਹਾਂ ਕਿਹਾ, ‘ਇਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਕਿਸਾਨ ਨਵੇਂ ਖੇਤੀ ਕਾਨੂੰਨ ਰੱਦ ਕਰਨ ਤੋਂ ਛੁੱਟ ਕੁਝ ਵੀ ਸਵੀਕਾਰ ਨਹੀਂ ਕਰਨਗੇ।’
ਇਸ ਦੌਰਾਨ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਖੇਤੀ ਮੰਤਰੀ ਤੋਮਰ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਚੱਲਦੀ ਗੱਲਬਾਤ ਦੌਰਾਨ ਕਿਸਾਨ ਯੂਨੀਅਨਾਂ ਵੱਲੋਂ ਅਗਲੇ ਗੇੜ ਦੇ ਅੰਦੋਲਨ ਲਈ ਕੀਤੇ ਐਲਾਨ ਨੂੰ ਗੈਰਵਾਜਬ ਦੱਸਿਆ ਸੀ। ਕਮੇਟੀ ਨੇ ਦਾਅਵਾ ਕੀਤਾ ਕਿ ਉਹ ਸਰਕਾਰ ਹੀ ਹੈ, ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੁੱਦੇ ’ਤੇ ਅੜੀ ਕਰੀ ਬੈਠੀ ਹੈ। ਇਕ ਹੋਰ ਕਿਸਾਨ ਜਥੇਬੰਦੀ ਆਲ ਇੰਡੀਆ ਕਿਸਾਨ ਸਭਾ ਨੇ ਵੀ ਤੋਮਰ ਦੇ ਬਿਆਨ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ’ਚ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਸੰਘਰਸ਼ ਕਿਸਾਨ ਮੰਗਾਂ ਮੰਨੇ ਜਾਣ ਤਕ ਜਾਰੀ ਰਹੇਗਾ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਭਲਕੇ ਅੰਦੋਲਨ ਹੋਰ ਤਿੱਖਾ ਕਰਨ ਲਈ ਦਿੱਲੀ-ਜੈਪੁਰ ਕੌਮੀ ਮਾਰਗ ਜਾਮ ਕੀਤਾ ਜਾਵੇਗਾ। ਦਿੱਲੀ ਨੂੰ ਜਾਂਦੀਆਂ ਮੁੱਖ ਪੰਜ ਸੜਕਾਂ ਵਿੱਚੋਂ ਚਾਰ ਸੜਕਾਂ ਦਿੱਲੀ-ਕਰਨਾਲ ਮਾਰਗ (ਸਿੰਘੂ ਬਾਰਡਰ), ਦਿੱਲੀ-ਬਹਾਦਰਗੜ੍ਹ (ਟਿਕਰੀ ਬਾਰਡਰ), ਦਿੱਲੀ-ਆਗਰਾ ਮਾਰਗ (ਪਲਵਲ ਬਾਰਡਰ) ਤੇ ਦਿੱਲੀ-ਨੋਇਡਾ ਮਾਰਗ (ਗਾਜ਼ੀਪੁਰ ਬਾਰਡਰ) ਪਹਿਲਾਂ ਹੀ ਬੰਦ ਹਨ। ਹਾਲਾਂਕਿ ਗਾਜ਼ੀਪੁਰ ਮਾਰਗ ਦਾ ਇਕ ਹਿੱਸਾ ਖੁੱਲ੍ਹਾ ਛੱਡਿਆ ਗਿਆ ਹੈ। ਬੀਕੇਯੂ (ਲੱਖੋਵਾਲ) ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਸਪੱਸ਼ਟ ਕੀਤਾ ਕਿ ਇਸ ਖੇਤਰ ਵਿੱਚ ਕਈ ਅਹਿਮ ਹਸਪਤਾਲ ਹੋਣ ਕਰਕੇ ਲੋਕਾਂ ਨੂੰ ਤੰਗੀ ਨਾ ਹੋਵੇ, ਇਸ ਲਈ ਇਕ ਮਾਰਗ ਖੁੱਲ੍ਹਾ ਰੱਖਿਆ ਗਿਆ ਹੈ।
ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਦਿੱਲੀ ਨੂੰ ਜਾਂਦੇ ਪੰਜਵੇਂ ਮਾਰਗ ਨੂੰ ਭਲਕੇ ਬੰਦ ਕਰਨ ਲਈ ਹਰਿਆਣਾ ਤੇ ਰਾਜਸਥਾਨ ਤੋਂ ਕਿਸਾਨ ਜਾਣਗੇ ਤੇ ਇਹ ਕੌਮੀ ਮਾਰਗ ਵੀ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਜਾਵੇਗਾ। ਦੋਵਾਂ ਰਾਜਾਂ ਦੇ ਕਿਸਾਨ ਮਾਰਗ ਬੰਦ ਕਰਨ ਲਈ ਕੂਚ ਕਰਨਗੇ ਤੇ ਦੁਪਹਿਰ ਜਾਂ ਸ਼ਾਮ ਤੱਕ ਇਹ ਬੰਦ ਕਰ ਦਿੱਤਾ ਜਾਵੇਗਾ। ਦਿੱਲੀ-ਜੈਪੁਰ ਮਾਰਗ ਜਾਮ ਕਰਨ ਦੇ ਫ਼ੈਸਲੇ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ 68 ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਜਾ ਰਹੇ ਹਨ।
ਗੁਰੂਗ੍ਰਾਮ ਦੇ ਮੈਜਿਸਟਰੇਟ ਅਮਿਤ ਖੱਤਰੀ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਨਾਲ ਇਹ ਮੈਜਿਸਟਰੇਟ ਦਿਨ ਭਰ ਤਾਇਨਾਤ ਰਹਿਣਗੇ। ਕੌਮੀ ਮਾਰਗ-48 ’ਤੇ ਪੈਂਦੇ ਕਈ ਅਹਿਮ ਸਥਾਨਾਂ ਉਤੇ 2000 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਦਿੱਲੀ-ਗੁਰੂਗ੍ਰਾਮ ਹੱਦ ਉਤੇ ਵੀ ਸੁਰੱਖਿਆ ਸਖ਼ਤ ਕੀਤੀ ਗਈ ਹੈ। ਅੱਜ ਹੋਈ ਬੈਠਕ ਦੀ ਪ੍ਰਧਾਨਗੀ ਕਿਸਾਨ ਆਗੂ ਬਲਵਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸ਼ਾਂਤਮਈ ਰਹੇਗਾ ਤੇ 14 ਦਸੰਬਰ ਨੂੰ ਦੱਸੇ ਪ੍ਰੋਗਰਾਮ ਤਹਿਤ ਅੰਦੋਲਨ ਅੱਗੇ ਵਧਾਇਆ ਜਾਵੇਗਾ।
ਉਧਰ ਟਰੇਡ ਯੂਨੀਅਨਾਂ ਨੇ ਵੀ ਕਿਸਾਨ ਅੰਦੋਲਨ ਨੂੰ ਹਮਾਇਤ ਦਿੱਤੀ ਹੈ। ਟਰੇਡ ਯੂਨੀਅਨ ਆਗੂ ਅਮਰਜੀਤ ਕੌਰ ਨੇ ਕਿਹਾ ਕਿ 8 ਦਸੰਬਰ ਦੇ ਕਿਸਾਨਾਂ ਦੇ ਭਾਰਤ ਬੰਦ ਦੇ ਸਫ਼ਲ ਰਹਿਣ ਮਗਰੋਂ ਵੀ ਕੇਂਦਰ ਸਰਕਾਰ ਵੱਲੋਂ ਹਾਂ-ਪੱਖੀ ਹੁੰਗਾਰਾ ਨਹੀ ਭਰਿਆ ਗਿਆ। ਦੂਜੇ ਪਾਸੇ ਪੰਜਾਬ ਦੇ ਕਾਂਗਰਸੀ ਆਗੂਆਂ- ਜਸਵੀਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ, ਸੰਜੀਵ ਬਿੱਟੂ, ਅੰਮ੍ਰਿਤ ਗਿੱਲ, ਰਾਜਕੁਮਾਰ ਲੱਕੀ ਵੱਲੋਂ ਜੰਤਰ-ਮੰਤਰ ਉਤੇ ਦਿੱਤਾ ਜਾ ਰਿਹਾ ਧਰਨਾ ਜਾਰੀ ਹੈ। ਕਈ ਦਲਿਤ ਜਥੇਬੰਦੀਆਂ ਵੱਲੋਂ ਵੀ ਸਿੰਘੂ ਬਾਰਡਰ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ। ਦਿੱਲੀ ਪੁਲੀਸ ਦੇ ਦੋ ਅਧਿਕਾਰੀਆਂ ਨੂੰ ਕਰੋਨਾ ਹੋਣ ਦਾ ਪਤਾ ਲੱਗਣ ਮਗਰੋਂ ਸਿੰਘੂ ਬਾਰਡਰ ਉੱਤੇ ਤਾਇਨਾਤ ਹੋਰ ਪੁਲੀਸ ਮੁਲਾਜ਼ਮਾਂ ਦੇ ਕਰੋਨਾ ਟੈਸਟ ਕੀਤੇ ਜਾਣ ਦੀ ਸੂਚਨਾ ਹੈ।