ਮਾਹੌਲ ਠੀਕ ਹੈ, ਸਥਿਤੀ ਕਾਬੂ ਹੇਠ ਹੈ!

(ਸਮਾਜ ਵੀਕਲੀ) ਸ਼ਹਿਰ ਕੋਈ ਵੀ ਹੋਵੇ ਜਾਂ ਪਿੰਡ ਹੋਵੇ, ਬੰਦਾ ਅਫਸਰ ਹੋਵੇ ਜਾਂ ਮਜ਼ਦੂਰ, ਲੱਕੜ ਗਿੱਲੀ ਹੋਵੇ ਜਾਂ ਸੁੱਕੀ, ਉਸਨੂੰ ਅੱਗ ਨੇ ਸਾੜ ਕੇ ਰਾਖ਼ ਬਣਾ ਦੇਣਾ ਹੁੰਦਾ ਹੈ। ਨਸ਼ਾ ਜੁਆਨੀ ਦਾ ਹੋਵੇ, ਜਾਂ ਜਨਾਨੀ ਦਾ, ਵਰਦੀ ਦਾ ਹੋਵੇ ਜਾਂ ਸਰਦੀ, ਉਸਨੇ ਜਲਵਾ ਦਿਖਾ ਹੀ ਦੇਣਾ ਹੁੰਦਾ ਹੈ। ਜਦੋਂ ਸਿਰ ਤੇ ਕੋਈ ਕੁੰਡਾ ਨਾ ਹੋਵੇ, ਬਾਂਦਰ ਲੁੰਡਾ ਹੋਵੇ, ਪਿਉ ਸ਼ਰਾਬੀ ਹੋਵੇ, ਕਬਾਬੀ ਹੋਵੇ ਉਸਦਾ ਬਰਬਾਦ ਹੋਣਾ ਤੈਅ ਹੁੰਦਾ ਹੈ। ਜਦੋਂ ਬੰਦਾ ਆਪੇ ਮੁਜਰਿਮ ਤੇ ਆਪੇ ਜੱਜ ਹੋਵੇ ਤਾਂ ਇਨਸਾਫ਼ ਨਹੀਂ ਹੋ ਸਕਦਾ। ਇਨਸਾਫ਼ ਲੈਣ ਲਈ ਸਮਝੌਤਾ ਨਹੀਂ ਹੁੰਦਾ, ਲੜਨਾ ਪੈਂਦਾ ਹੈ। ਲੜਨ ਲਈ ਤਾਕਤ ਹੋਣੀਂ ਚਾਹੀਦੀ ਹੈ, ਬਿਨਾਂ ਲੜਿਆ ਤੇ ਤਾਰਿਆਂ ਭਵਸਾਗਰ ਨਹੀਂ ਪਾਰ ਹੋ ਸਕਦਾ। ਜਦੋਂ ਸਮੁੰਦਰ ਵਿੱਚ ਤੂਫ਼ਾਨ ਹੋਵੇ, ਸਰਕਾਰ ਮਹਾਨ ਹੋਵੇ, ਰੋਜ਼ ਪਟਾਕੇ ਪੈਣ, ਗੜੇਮਾਰੀ ਹੋਵੇ, ਉਦੋਂ ਕਿਸ਼ਤੀ ਨੂੰ ਸੰਭਾਲ ਕੇ ਸੁਰੱਖਿਆ ਲੈ ਕੇ ਜਾਣਾ ਸੂਰਮਗਤੀ ਹੁੰਦੀ ਹੈ। ਜਦੋਂ ਗੋਲੀਆਂ ਚਲਾਉਣ ਵਾਲੇ ਸਰਕਾਰੀ ਡਾਕੂ ਤੇ ਲੁਟੇਰੇ ਅਣਪਛਾਤੇ ਹੋਣ, ਸੱਤਾ ਤੇ ਡੀਪ ਸਟੇਟ ਦੀ ਸ਼ਹਿ ਹੋਵੇ, ਉਦੋਂ ਬਚਣਾ ਮੁਸ਼ਕਿਲ ਹੁੰਦਾ ਹੈ। ਗੱਲ ਸਹੇ ਦੀ ਨਹੀਂ ਪਹੇ ਦੀ ਹੈ। ਹੁਣ ਤਾਂ ਤੁਹਾਡੇ ਗੁਆਂਢੀ ਦੇ ਘਰ ਅੱਗ ਲੱਗੀ ਹੈ, ਤੁਹਾਨੂੰ ਬਸੰਤਰ ਜਾਪਦੀ ਹੈ। ਇਹ ਅੱਗ ਤੁਹਾਡੇ ਵੱਲ ਵੀ ਆ ਰਹੀ ਹੈ। ਇਹ ਅੱਗ ਤੁਹਾਨੂੰ ਆਪਣੀ ਲਪੇਟ ਵਿੱਚ ਕਦੋਂ, ਕਿਥੇ, ਕਿਉਂ ਤੇ ਕਿਵੇਂ ਲੈ ਲਵੇ ਕੋਈ ਪਤਾ ਨਹੀਂ। ਥਾਂ, ਸਮਾਂ, ਬਹਾਨਾ ਤੇ ਗਲਤੀ ਕਿਸੇ ਦੀ ਵੀ ਹੋ ਸਕਦੀ ਹੈ, ਤੁਹਾਡਾ ਬਚਣਾ ਮੁਸ਼ਕਿਲ ਹੈ। ਤੁਸੀਂ ਹਰ ਦਿਨ ਦੇਖਦੇ ਹੋਏ ਵੀ ਤਮਾਸ਼ਬੀਨ ਬਣ ਗਏ ਓ। ਤੁਸੀਂ ਚੁੱਪ ਚਾਪ ਤਮਾਸ਼ਾ ਤੱਕਦੇ ਰਹੋ, ਹੱਸਦੇ ਰਹੋ, ਕਿਉਂਕਿ ਤੁਹਾਡਾ ਕਿਹੜਾ ਕੋਈ ਮਰਿਆ ਹੈ, ਸ਼ਰੇਆਮ ਕੁੱਟਿਆ ਹੈ, ਲੁੱਟਿਆ ਹੈ। ਤੁਸੀਂ ਤਾਂ ਆਪਣੇ ਖੋਲ ( ਘਰ ) ਵਿੱਚ ਸੁਰੱਖਿਅਤ ਹੋ। ਜਿਊਂਦੇ ਬਜ਼ਾਰ ਗਏ ਸੀ, ਜਿਊਂਦੇ ਵਾਪਸ ਆ ਗਏ ਹੋ। ਤੁਹਾਨੂੰ ਕੋਈ ਫ਼ਰਕ ਨਹੀਂ ਪੈਂਦਾ ਤੇ ਨਾ ਤੁਸੀਂ ਫ਼ਿਕਰ ਕਰਦੇ ਓ, ਕਿਉਂਕਿ ਤੁਹਾਡੀ ਤਾਂ ਮੌਤ ਹੋ ਚੁੱਕੀ ਹੈ। ਲਾਸ਼ਾਂ ਉਜ਼ਰ ਨਹੀਂ ਕਰਦੀਆਂ। ਉਹ ਚੀਕਦੀਆਂ ਨਹੀਂ, ਰੌਲਾ ਨਹੀਂ ਪਾਉਂਦੀਆਂ। ਜਿਵੇਂ ਤੁਸੀਂ ਨਹੀਂ ਪਾਉਂਦੇ। ਕਿਉਂਕਿ ਤੁਹਾਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ ਹੈ। ਤੁਸੀਂ ਪਚਾਨਵੇਂ ਦੇ ਚੱਕਰ ਵਿੱਚ ਫਸ ਕੇ ਰਹਿ ਗਏ ਓ। ਤੁਸੀਂ ਦਲਦਲ ਵਿੱਚ ਫਸ ਗਏ, ਨਿਕਲਣ ਦੀ ਕੋਸ਼ਿਸ਼ ਕਰਦੇ ਓ ਤੇ ਧਸਦੇ ਜਾ ਰਹੇ ਓ। ਇਕ ਦਿਨ ਘੱਲੇ ਆਏ ਨਾਨਕਾ ਸੱਦੀ ਉਠੀਂ ਜਾਏ, ਬਣ ਕੇ ਰਹਿ ਜਾਂਦੇ ਓ। ਤੁਸੀਂ ਪੀੜ੍ਹੀ ਦਰ ਪੀੜ੍ਹੀ ਇਹ ਸੰਤਾਪ ਭੋਗਦੇ ਹੋਏ ਵੀ ਚੁੱਪ ਓ। ਤੁਹਾਡੀ ਚੁੱਪ ਹੀ ਤੁਹਾਡੀ ਮੌਤ ਬਣ ਕੇ ਮੁਕਾਬਲਾ ਕਰਦੀ ਹੈ। ਤੁਸੀਂ ਸਦਾ ਹਾਰਦੇ ਓ, ਉਦੋਂ ਤੱਕ ਹਾਰਦੇ ਰਹੋਗੇ ਜਦੋਂ ਤੱਕ ਤੁਸੀਂ ਇਸ ਦਲਦਲ ਵਿਚੋਂ ਨਿਕਲਣ ਲਈ ਸੰਗਠਿਤ ਰੂਪ ਧਾਰਨ ਨਹੀਂ ਕਰਦੇ। ਸਰਕਾਰੀ ਬਿਆਨ ਹੈ ਸ਼ਹਿਰ ਇੱਕਾ ਦੁੱਕਾ ਘਟਨਾਵਾਂ ਨੂੰ ਛੱਡਕੇ ਮਾਹੌਲ ਠੀਕ ਹੈ, ਉਝ ਸਥਿਤੀ ਤਣਾਅ ਪੂਰਨ ਹੈ ਪਰ ਕਾਬੂ ਹੇਠਾਂ ਹੈ। ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ। ਸ਼ਰਾਰਤੀ ਅਨਸਰਾਂ ਨੂੰ ਐਨਕਾਉਂਟਰ ਵਿੱਚ ਮਾਰ ਮੁਕਾਇਆ ਹੈ। ਐਨਕਾਉਂਟਰ ਦਾ ਜਸ਼ਨ ਮਨਾਉਣ ਲੱਗੇ ਹਾਂ। ਭੰਗੜਾ ਪਾਉਣ ਲੱਗੇ। ਪਾਸੇ ਹਟ ਜਾ, ਤੈਨੂੰ ਪਤਾ ਨਹੀਂ ਅਸੀਂ ਕੌਣ ਆ ? ਅਣਪਛਾਤੇ ਗੁੰਡੇ। ਸਰਕਾਰੀ ਗੁੰਡੇ। ਸਰਕਾਰੀ ਗੁੰਡਾਗਰਦੀ ਕਰਨ ਵਾਲੇ। ਉਪਰਲਿਆਂ ਦੀ ਸ਼ਹਿ ਹੇਠ ਪਲਣ ਵਾਲੇ। ਜਦੋਂ ਆਪਣੇ ਸਿਰ ਉੱਤੇ ਪੈਂਦੀ ਹੈ, ਫੇਰ ਖ਼ੁਦਕੁਸ਼ੀਆਂ ਕਰਨ ਵਾਲੇ। ਸਰਕਾਰੀ ਵਰਦੀਧਾਰੀ ਗੁੰਡੇ।
##
ਭਾਈ ਪੜ੍ਹ ਕੇ ਕਿਹੜਾ ਡੀਸੀ ਲੱਗਣਾ ਹੈ ?
ਕੋਈ ਸਮਾਂ ਭਾਰਤ ਸਰਕਾਰ ਦੇ ਵਿੱਚ ਉੱਚੇ ਅਹੁਦਿਆਂ ਉਤੇ ਪੰਜਾਬੀ ਹੁੰਦੇ ਸਨ। ਭਾਰਤੀ ਹਾਕੀ ਟੀਮ ਵਿੱਚ ਜੂੜਿਆ ਤੇ ਚਿੱਟੇ ਰੁਮਾਲਾ ਵਾਲਿਆਂ ਦੀ ਚੜ੍ਹਤ ਹੁੰਦੀ ਸੀ। ਹਰ ਖੇਤਰ ਵਿੱਚ ਸਰਦਾਰ ਹੀ ਸਰਦਾਰ ਹੁੰਦੇ ਸਨ। ਅੱਸੀਵਿਆਂ ਵਿੱਚ ਡੀਪ ਸਟੇਟ ਨੇ ਅਜਿਹੀ ਗੁੜਤੀ ਦਿੱਤੀ ਕਿ ਸਾਨੂੰ ਸਿੱਖਿਆ ਪ੍ਰਾਪਤ ਕਰਨ ਨਾਲੋਂ ਧਰਮ ਪਿਆਰਾ ਹੋ ਗਿਆ। ਧਰਮ ਦੇ ਨਾਂ ਹੇਠ ਹੁਣ ਤੱਕ ਕਿੰਨੇ ਘਰਾਂ ਦੇ ਦੀਵੇ ਗੁਲ ਹੋ ਗਏ ਹਨ ਤੇ ਹੋ ਰਹੇ ਹਨ। ਕਦੇ ਕਿਸੇ ਨੇ ਹਿਸਾਬ ਕਿਤਾਬ ਨਹੀਂ ਕੀਤਾ। ਸਿੱਖਿਆ ਤੋਂ ਬੇਮੁੱਖ ਹੋਏ ਪੰਜਾਬ ਨੇ ਆਪਣੀ ਅਰਥੀ ਆਪ ਹੀ ਬਣਾ ਲਈ। ਹੁਣ ਇਸ ਅਰਥੀ ਉਤੇ ਤਿੰਨ ਪੀੜ੍ਹੀਆਂ ਕਬਰਾਂ ਤੇ ਮੜੀਆਂ ਤੱਕ ਪੁੱਜ ਗਈਆਂ ਹਨ। ਹਰ ਦਿਨ ਘਰਾਂ ਦੇ ਦੀਵੇ ਗੁਲ ਹੋ ਰਹੇ ਹਨ। ਭੁੱਖ ਨਾਲ, ਦੁੱਖ ਨਾਲ, ਸੜਕਾਂ ਉੱਤੇ, ਖੇਤਾਂ ਵਿੱਚ ਮਰ ਰਹੇ ਹਨ ਜਾਂ ਮਾਰੇ ਜਾ ਰਹੇ ਹਨ। ਕਿਸੇ ਨੂੰ ਕੰਨੋਂ ਕੰਨੀ ਸੂਹ ਨਹੀਂ ਲੱਗਦੀ। ਡਰ, ਦਹਿਸ਼ਤ ਤੇ ਬੇਭਰੋਸਗੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਪੰਜਾਬ ਨੂੰ ਘਰੋਂ ਕੱਢ ਕੇ ਭਜਾਇਆ ਜਾ ਰਿਹਾ ਹੈ। ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਜਾ ਰਿਹਾ ਹੈ। ਹੁਣ ਧਰਮ ਨਹੀਂ, ਪ੍ਰਧਾਨਗੀ ਨੂੰ ਖ਼ਤਰਾ ਹੈ, ਪ੍ਰਧਾਨ ਬੜਾ ਖਚਰਾ ਹੈ, ਨੌਟੰਕੀ ਬਾਜ਼ ਹੈ। ਵਪਾਰ ਨੂੰ ਖ਼ਤਰਾ ਹੈ, ਇਸੇ ਕਰਕੇ ਹੁਣ ਮਰਿਆਦਾ ਦਾ ਰੌਲਾ ਪਾਇਆ ਜਾ ਰਿਹਾ ਹੈ। ਜੱਥੇਦਾਰਾਂ ਨੂੰ ਹਟਾਇਆ ਤੇ ਲਗਾਇਆ ਜਾ ਰਿਹਾ ਹੈ। ਨਵਾਂ ਹੀ ਨਾਟਕ ਰਚਾਇਆ ਜਾ ਰਿਹਾ ਹੈ। ਪੜ੍ਹੇ ਲਿਖੇ ਸਭ ਅੰਨ ਪਾੜ ਬਣੇ ਹਨ। ਉਹਨਾਂ ਨੇ ਡੀਸੀ ਤੇ ਡੀਜੀਪੀ ਕਦੋਂ ਲੱਗਣਾ ਹੈ, ਜਿਹਨਾਂ ਨੂੰ ਸਿੱਖਿਆ ਹੀ ਸ਼ਹਾਦਤਾਂ ਦੇਣ ਦੀ ਪੜ੍ਹਾਈ ਗਈ ਹੋਵੇ। ਹੁਣ ਸ਼ਹਾਦਤਾਂ ਦੇਣ ਦੀ ਨਹੀਂ ਸਗੋਂ ਪੜ੍ਹ ਲਿਖ ਕੇ ਅਫਸਰ ਬਣਨ ਦੀ ਲੋੜ ਹੈ। ਪਰ ਕੌਣ ਸਮਝਾਵੇ ਇਹਨਾਂ ਨੂੰ ਕਿ ਜਿਹਨਾਂ ਦੇ ਸ਼ਹੀਦ ਹੋਏ ਹਨ, ਉਹਨਾਂ ਦੇ ਘਰਾਂ ਵਿੱਚ ਦੇਖੇਂ ਹਨ ? ਕਤਲਾਂ ਦੇ ਕੇਸ ਜਦ ਪੈਂਦੇ, ਚੁੱਲਿਆਂ ਵਿੱਚ ਘਾਹ ਉਗ ਪੈਂਦੇ। ਕੋਈ ਘਾਹ ਵੱਢਣ ਲਈ ਨਹੀਂ ਆਉਂਦਾ। ਚਾਰ ਦਿਨ ਦੀ ਚਾਨਣੀ, ਫੇਰ ਹਨੇਰੀ ਰਾਤ। ਐਨੀ ਮੇਰੀ ਬਾਤ।
##
ਪਾਣੀ ਦਾ ਕੀ ਹੈ, ਝੋਨਾ ਤੇ ਧਰਨਾ ਜਰੂਰੀ ਹੈ !
ਹੁਣ ਮਸਲਾ ਪੰਜਾਬ ਦੇ ਪਾਣੀਆਂ ਦਾ ਨਹੀਂ ਹੈ, ਜੱਟਾਂ ਦੀ ਅਣਖ ਦਾ ਬਣ ਗਿਆ। ਲੋਕ ਪਾਣੀ ਮੁੱਲ ਲੈ ਕੇ ਪੀਦੇ ਹਨ ਸਾਨੂੰ ਕੀ ਹੈ। ਸਰਕਾਰ ਸਾਨੂੰ ਰੋਕਣ ਵਾਲੀ ਕੌਣ ਹੈ। ਸਾਡੇ ਖੇਤ ਹਨ, ਝੋਨਾ ਲਾਉਣ ਦਾ ਸਮਾਂ ਹੈ । ਹਰੀਆਂ ਪੱਗਾਂ ਵਾਲਿਆਂ ਨੇ ਚੰਡੀਗੜ੍ਹ ਪੱਕਾ ਮੋਰਚਾ ਲਾਉਣਾ ਸੀ। ਕਹਿੰਦੇ ਦਿੱਲੀ ਨਹਾਉਣ ਦੀ ਕਿੱਲਤ ਸੀ ਸੁਖਨਾ ਝੀਲ ਉਤੇ ਨਹਾਇਆ ਕਰਨਗੇ ਤੇ ਨਾਲ ਸਤਾਰਾਂ ਸੈਕਟਰ ਦੀ ਗੇੜੀ ਮਾਰਿਆ ਕਰਨਗੇ। ਬਸ ਝੋਨਾ ਲਾਉਣਾ ਨਹੀਂ ਛੱਡਣਾ ਭਾਵੇਂ ਪਾਣੀ ਮੁੱਕਦਾ ਮੁੱਕੀ ਜਾਵੇ। ਆਪਾਂ ਕਿਹੜਾ ਬਿਜਲੀ ਮੋਟਰ ਦਾ ਬਿੱਲ ਭਰਨਾ । ਜਿਉਦਾ ਰਹੇ ਬਾਦਲ ਪਰਵਾਰ ਜਿਸਨੇ ਬਿਜਲੀ ਪਾਣੀ ਮੁਫਤ ਕਰਕੇ ਸਾਡੇ ਸੁਪਨੇ ਪੂਰੇ ਕੀਤੇ ਹਨ। ਹਰੀਆਂ ਪੱਗਾਂ ਵਾਲਿਆਂ ਨੂੰ ਧਰਨੇ ਲਗਾਉਣ ਤੇ ਚਕਵਾਉਣ ਦਾ ਕਦੇ ਘਾਟਾ ਨਹੀਂ ਪਿਆ।ਹਰ ਧਰਨੇ ਵਿੱਚੋਂ ਕੁੱਝ ਨਾ ਕੁੱਝ ਇਹਨਾਂ ਨੇ ਖੱਟਿਆ ਹੀ ਹੈ। ਹੁਣ ਪਿਛਲੇ ਸਮਿਆਂ ਤੋਂ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਦੋਸਤਾਨਾ ਮੈਚ ਚੱਲ ਰਿਹਾ ਹੈ। ਸ਼ੰਭੂ ਤੇ ਖਨੌਰੀ ਬਾਰਡਰ ਬੰਦ ਕੀਤਾ ਹੋਇਆ ਹੈ। ਪੰਜਾਬ ਦੀ ਸ਼ਾਹਰਗ ਵੱਢ ਕੇ ਭੰਗੜੇ ਪਾਏ ਜਾਂਦੇ ਹਨ। ਨਾਅਰੇ ਲਗਾਏ ਜਾਂਦੇ ਹਨ, ਚਾਲੇ ਪਾਏ ਜਾਂਦੇ ਹਨ, ਪੁੱਤ ਫ਼ੱਟੜ ਕਰਵਾਏ ਜਾਂਦੇ ਹਨ। ਆਗੂ ਸੁਰੱਖਿਅਤ ਹਨ। ਉਹਨਾਂ ਦਾ ਕਾਟੋ ਕਲੇਸ਼ ਜਾਰੀ ਹੈ। ਮਾਹੌਲ ਠੀਕ ਹੈ, ਮੰਗਾਂ ਜਾਇਜ਼ ਹਨ, ਸਰਕਾਰ ਦਾ ਰਵਈਆ ਨਾਜਾਇਜ਼ ਹੈ। ਵੈਸੇ ਪੰਜਾਬ ਵਿੱਚ ਨਾਜਾਇਜ਼ ਸਭ ਕੁੱਝ ਮਿਲਦਾ ਤੇ ਵਿਕਦਾ ਹੈ। ਲੋਕਾਂ ਦਾ ਨਾ ਦੁੱਧ ਵਿਕਦਾ ਤੇਰਾ ਵਿਕਦਾ ਜੈ ਕੁਰੇ ਪਾਣੀ। ਪਾਣੀ ਤੋਂ ਗੱਲ ਸੋਹਣੀ ਮਹੀਂਵਾਲ ਤੱਕ ਹੁੰਦੀ ਹੋਈ, ਮਿਰਜ਼ਿਆ ਦੇ ਜੰਡ ਹੇਠ ਵੱਢੇ ਜਾਣ ਤੱਕ ਪਹੁੰਚ ਗਈ ਹੈ। ਹੁਣ ਮਹੀਂਵਾਲ, ਰਾਂਝੇ ਪੁੰਨੂ, ਦੁੱਲੇ ਤੇ ਮਿਰਜ਼ੇ ਝੰਡ ਹੇਠਾਂ ਮਾਰੇ ਜਾ ਰਹੇ ਹਨ। ਇਕ ਲੋਕ ਬੋਲੀ ਹੈ, ਅੱਖ ਮੇਰੇ ਯਾਰ ਦੀ ਦੁੱਖੇ ਲਾਲੀ ਮੇਰਿਆਂ ਨੈਣਾਂ ਵਿੱਚ ਰੜਕੇ। ਉਹ ਗੱਲ ਹੋਈ ਹੈ। ਸਰਕਾਰ ਦੀ ਹਾਲਤ ਆਸ਼ਕ ਵਰਗੀ ਹੈ। ਜਹਾਂ ਹੀ ਰਣਜੀਤ ਕੌਰ ਦੇ ਗਾਏ ਗੀਤ ਦੇ ਬੋਲਾਂ ਵਰਗੀ ।
” ਨੀ ਓਧਰੋਂ ਰੁਮਾਲ ਹਿੱਲਿਆ, ਮੇਰੀ ਇਧਰੋਂ ਉਡੀ ਫੁਲਕਾਰੀ !”
ਇਹ ਰੁਮਾਲ ਵਾਲਾ ਕੌਣ ਹੈ ? ਪਤਾ ਕਿਸੇ ਵੀਰ ਭਾਈ ਤੇ ਭੈਣ ਨੂੰ ? ਇੱਕ ਗੀਤ ਚੇਤੇ ਆਇਆ ਹੈ। ਚੰਡੀਗੜ੍ਹ ਦੇ ਕਿਸੇ ਗਾਇਕ ਨੇ ਗਾਇਆ ਸੀ। ਉਦੋਂ ਟੈਲੀਵਿਜ਼ਨ ਦਾ ਜ਼ਮਾਨਾ ਸੀ, ਟੱਬਰ ਤੇ ਗੁਆਂਢੀ ਮੂਹਰੇ ਬਹਿ ਕੇ ਦੇਖਿਆ ਕਰਦੇ ਸੀ।
ਤੇਰੀ ਮੰਜੀ ਥੱਲੇ ਕੌਣ, ਭਾਬੋ ਦੀਵਾ ਜਗਾ
ਨੀ ਏ ਗੰਜਾ ਗੰਜਾ ਕੌਣ ਭਾਬੀ ਦੀਵਾ ਜਗਾ।
ਇਨਕਲਾਬੀ ਧਰਤੀ ਉਤੇ ਗੰਜਿਆਂ ਨੂੰ ਕੰਘੀ ਦੇਣ ਲਈ ਸੰਗਰੂਰ ਵਿੱਚ ਕੋਈ ਮੰਜੇ ਦੇ ਗਿਆ ਹੈ। ਪੰਜਾਬ ਵਿੱਚ ਕਮਲਿਆ ਤੇ ਰਮਲਿਆਂ ਦਾ ਥੰਮਲਿਆਂ ਦਾ ਕੋਈ ਘਾਟਾ ਨਹੀਂ। ਲੋਕਾਂ ਨੂੰ ਭਰਮਾਉਣ ਤੇ ਰਿਝਾਉਣ ਲਈ ਤੁਹਾਡੇ ਪੱਲੇ ਗਿਆਨ ਹੋਵੇ ਤਾਂ ਤੁਸੀਂ ਕਿਸੇ ਨੂੰ ਮੂਰਖ਼ ਬਣਾ ਸਕਦੇ ਓ। ਮੂਰਖਾਂ ਦੇ ਦੇਸ਼ ਵਿੱਚ ਅਕਲ ਦਾ ਕਾਲ ਪੈ ਗਿਆ ਹੈ। ਇਸੇ ਕਰਕੇ ਗੰਜਿਆਂ ਨੂੰ ਕੰਘੇ ਤੇ ਅਕਲ ਦੇ ਅੰਨਿਆਂ ਨੂੰ ਚਸ਼ਮੇ ਵੰਡਣ ਵਾਲਿਆਂ ਦਾ ਕੋਈ ਘਾਟਾ ਨਹੀਂ। ਚਿੱਟੀ ਸਿਉਂਕ ਨੇ ਤਿੰਨ ਕਰੋੜ ਲਾਸ਼ਾਂ ਨੂੰ ਕਬਜ਼ੇ ਵਿੱਚ ਕਰ ਲਿਆ ਹੈ। ਜਦੋਂ ਮੰਤ੍ਰ ਜਾਪ ਕਰਨ ਨਾਲ ਦੁੱਖ ਦੂਰ ਹੋਣ ਫੇਰ ਸੰਘਰਸ਼ ਕਰਨ ਦੀ ਕੀ ਲੋੜ ਹੈ। ਪੜ੍ਹਨ ਤੇ ਅਫ਼ਸਰ ਲੱਗਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਹੁਣ ਤਾਂ ਮੁੱਲ ਦੀਆਂ ਡਿਗਰੀਆਂ ਤੇ ਆਹੁਦੇ ਖ਼ਰੀਦੇ ਤੇ ਵੇਚੇ ਜਾਂਦੇ ਹਨ। ਕੀ ਲੋੜ ਹੈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀ। ਕੀ ਲੋੜ ਹੈ ਇਹਨਾਂ ਵਿੱਚ ਅਧਿਆਪਕਾਂ ਤੇ ਪ੍ਰੋਫ਼ੈਸਰਾਂ ਨੂੰ ਰੱਖਣ ਦੀ। ਜਦੋਂ ਬਿਨਾਂ ਪੜ੍ਹਿਆ ਲਿਖਿਆ ਸਰਦਾ ਹੋਏ?
##
ਪ੍ਰਧਾਨਗੀ ਖ਼ਤਰੇ ਵਿਚ!
ਸਿੱਖ ਕੌਮ ਤੇ ਸਿੱਖ ਧਰਮ, ਪੰਥ ਬਾਦਲਕਿਆਂ ਦੀ ਕੁਰਸੀ ਖਤਰੇ ਵਿੱਚ ਹੈ । ਸਾਧ ਤੇ ਸੰਗਤ ਜੀ ਵੇਲਾ ਹੁਣ ਕੁਰਬਾਨੀਆਂ ਦੇਣ ਦਾ ਹੈ । ਵੱਧ ਤੋਂ ਵੱਧ ਬੱਚੇ ਪੈਦਾ ਕਰੋ, ਸਿੱਖ ਕੌਮ ਦੀ ਗਿਣਤੀ ਘੱਟ ਰਹੀ ਹੈ ਤੇ ਇਹ ਹਿੰਦੂਆਂ ਵਿੱਚ ਵੱਟ ਰਹੀ ਹੈ। ਹਰ ਸਿੱਖ ਦੇ ਘੱਟੋ ਘੱਟ ਚਾਰ ਬੱਚੇ ਹੋਣੇ ਚਾਹੀਦੇ ਹਨ । ਪੰਥ ਖਤਰੇ ਵਿੱਚ ਹੈ । ਸਿੱਖ ਵਿਰੋਧੀ ਤਾਕਤਾਂ ਨੇ ਫੇਰ ਸਿੱਖ ਕੌਮ ਨੂੰ ਵੰਗਾਰਿਆ ਹੈ। ਸਭ ਮਾਈ ਭਾਈ ਤੇ ਸਾਲਾ ਤੇ ਜੁਆਈ ਸਭ ਕਮਰਕਸ ਕਰ ਲਵੋ। ਬੰਦੀ ਸਿੰਘਾਂ ਦੀ ਰਿਹਾਈ ਜਰੂਰੀ ਹੈ। ਬਾਦਲ ਪਰਵਾਰ ਨੂੰ ਬਹੁਤ ਫਿਕਰ ਹੈ, ਜੱਥੇਦਾਰ ਬਿਕਰਮ ਸਿੰਘ ਤੇ ਸੌਦਾ ਸਾਧ ਦਾ ਤੇ ਉਨ੍ਹਾਂ ਦੀ ਰਿਹਾਈ ਦਾ। ਸਰਸੇ ਵਾਲੇ ਨੂੰ ਤਖ਼ਤ ਸਾਹਿਬ ਦਾ ਜਥੇਦਾਰ ਬਣਾਉਣਾ ਤੇ ਸੁਖਬੀਰ ਨੂੰ ਪ੍ਰਧਾਨ ਬਣਾਉਣਾ ਹੈ। ਮੁਹੰਮਦ ਸਦੀਕ ਦੇ ਗੀਤ ਦੇ ਬੋਲ ਚੇਤੇ ਆਉਂਦੇ ਹਨ।
ਹਿੱਸਾ ਠੇਕੇ ਚ ਜ਼ਰੂਰ ਪਾਉਣਾ ਬੱਲੀਏ
ਕੁੱਲੀ ਵਿੱਚ ਭਾਵੇਂ ਕੱਖ਼ ਨਾ ਰਹੇ
–###–
ਜੱਟ ਮਹਿਕਮਾ
ਕਿਸਾਨ ਵੀਰੋ ਗੱਲ ਝੋਨੇ ਦੇ ਸਿੱਧੀ ਜਾਂ ਪੁੱਠੀ ਬਿਜਾਈ ਦੀ ਨਹੀਂ ਹੈ। ਅਸਲ ਵਿੱਚ ਜਿਹੜੀਆਂ ਆਪਾਂ ਪੰਚਾਇਤੀ ਜ਼ਮੀਨਾਂ ਉਪਰ ਕਬਜ਼ਾ ਕੀਤਾ ਹੋਇਆ ਉਸਨੂੰ ਛਡਾਉਣ ਦਾ ਇਹ ਨਵਾਂ ਪੈਤੜਾ ਹੈ। ਅਸੀਂ ਸਭ ਸਮਝਦੇ ਹਾਂ ਕਿ ਇਹ ਜ਼ਮੀਨਾਂ ਜਰੂਰ ਛਡਾਉਣਗੇ।ਕਿਸਾਨ ਵੀਰੋ ਇਹ ਕੌਣ ਹੁੰਦੇ ਹਨ, ਸਾਡੇ ਵੱਲ ਅੱਖ ਚੱਕ ਦੇਖਣ ਵਾਲੇ। ਆਪਾਂ ਦਹਾਕਿਆਂ ਤਾਂ ਝੋਨਾ ਲਾ ਰਹੇ ਹਾਂ ਤੇ ਲਾਉਦੇ ਰਹਾਂਗੇ, …. ਯੂਨੀਅਨ ਜ਼ਿੰਦਾਬਾਦ
ਜ਼ਿੰਦਾਬਾਦ …ਜਿੰਦਾਬਾਦ…!
####
ਸਾਨੂੰ ਹੋਸ਼ ਕਦੋਂ ਆਵੇਗੀ?
ਸਾਨੂੰ ਅਕਲ ਕਦੋਂ ਆਵੇਗੀ, ਫੋਕੀ ਹੈੰਕੜ ਸਾਨੂੰ ਮਾਰ ਮੁਕਾਵੇਗੀ। ਅਗਲੀਆਂ ਨਸਲਾਂ ਦੇ ਲਈ ਅਸੀਂ ਕੀ ਛੱਡਕੇ ਜਾ ਰਹੇ ਹਾਂ ? ਪ੍ਰਦੂਸ਼ਣ, ਗੰਦ ਤੇ ਸੁੱਕੇ ਖੇਤ, ਪਾਣੀ ਤਾਂ ਵੀਹ ਸਾਲ ਜੋਗਾ ਰਹਿ ਗਿਆ। ਸਾਨੂੰ ਅਗਲੀਆਂ ਨਸਲਾਂ ਲਾਹਣਤਾਂ ਪਾਉਣਗੀਆਂ ! ਕੁੱਝ ਸੋਚੋ, ਵਿਚਾਰੋ ਤੇ ਅਕਲ ਨੂੰ ਹੱਥ ਮਾਰੋ । ਸਰਕਾਰਾਂ ਤਾਂ ਤੁਹਾਨੂੰ ਲੜਨ ਲਈ ਉਕਸਾਅ ਰਹੀਆਂ ਹਨ। ਆਪਸ ਵਿੱਚ ਲੜ ਕੇ ਮਰੋ ਤੇ ਮਾਰੋ !
##
ਬੁੱਧ ਸਿੰਘ ਨੀਲੋਂ
94643 70823



