ਧਨਖੜ ਦੀ ਰਿਪੋਰਟ ਮਗਰੋਂ ਬੰਗਾਲ ਦਾ ਮੁੱਖ ਸਕੱਤਰ ਤੇ ਡੀਜੀਪੀ ਤਲਬ

ਕੋਲਕਾਤਾ (ਸਮਾਜ ਵੀਕਲੀ) : ਭਾਜਪਾ ਦੇ ਕੌਮੀ ਪ੍ਰਧਾਨ ਜੈ ਪ੍ਰਕਾਸ਼ ਨੱਢਾ ਦੇ ਕਾਫ਼ਲੇ ’ਤੇ ਹਮਲੇ ਤੋਂ ਇਕ ਦਿਨ ਮਗਰੋਂ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਵੱਲੋਂ ਰਾਜ ’ਚ ਅਮਨ ਤੇ ਕਾਨੂੰਨ ਦੇ ਹਾਲਾਤ ਬਾਰੇ ਭੇਜੀ ਰਿਪੋਰਟ ਤੋਂ ਕੁਝ ਘੰਟਿਆਂ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ਦੇ ਮੁੱਖ ਸਕੱਤਰ ਤੇ ਪੁਲੀਸ ਮੁਖੀ (ਡੀਜੀਪੀ) ਨੂੰ 14 ਦਸੰਬਰ ਨੂੰ ਦਿੱਲੀ ਤਲਬ ਕਰ ਲਿਆ ਹੈ। ਇਸ ਦੌਰਾਨ ਪੱਛਮੀ ਬੰਗਾਲ ਪੁਲੀਸ ਨੇ ਕਾਫ਼ਲੇ ’ਤੇ ਹਮਲੇ ’ਚ ਕਥਿਤ ਸ਼ਮੂਲੀਅਤ ਲਈ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰ ਜਣਿਆਂ ਨੂੰ ਫਲਤਾ ਤੇ ਤਿੰਨ ਨੂੰ ਉਸ਼ਤੀ ਪੁਲੀਸ ਥਾਣੇ ਅਧੀਨ ਆਉਂਦੇ ਇਲਾਕੇ ’ਚੋਂ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਦੰਗਾ ਫ਼ਸਾਦ ਸਮੇਤ ਹੋਰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ ਤੇ ਡੀਜੀਪੀ ਵੀਰੇਂਦਰ ਨੂੰ ਦਿੱਲੀ ਤਲਬ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਦੋਵਾਂ ਅਧਿਕਾਰੀਆਂ ਕੋਲੋਂ ਪੱਛਮੀ ਬੰਗਾਲ ’ਚ ਅਮਨ ਤੇ ਕਾਨੂੰਨ ਦੇ ਹਾਲਾਤ, ਸਿਆਸੀ ਹਿੰਸਾ ਨੂੰ ਰੋਕਣ ਲਈ ਚੁੱਕੇ ਕਦਮਾਂ ਤੇ ਸੂਬੇ ’ਚ ਹੋਰਨਾਂ ਅਪਰਾਧਾਂ ਬਾਰੇ ਤਫ਼ਸੀਲ ’ਚ ਸਵਾਲ ਪੁੱਛੇ ਜਾਣ ਦੀ ਸੰਭਾਵਨਾ ਹੈ। ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਦੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਦੋ ਸਿਖਰਲੇ ਅਧਿਕਾਰੀਆਂ ਨੂੰ ਰਾਜਪਾਲ ਜਗਦੀਪ ਧਨਖੜ ਵੱਲੋਂ ਸੂਬੇ ’ਚ ਅਮਨ ਤੇ ਕਾਨੂੰਨ ਦੇ ਹਾਲਾਤ ‘ਖਰਾਬ’ ਹੋਣ ਬਾਰੇ ਭੇਜੀ ਰਿਪੋਰਟ ਦੇ ਕੁਝ ਘੰਟਿਆਂ ਅੰਦਰ ਤਲਬ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਦੇ ਕਾਫ਼ਲੇ ’ਤੇ ਹੋੲੇ ਹਮਲੇ ਮਗਰੋਂ ਲੰਘੇ ਦਿਨ ਰਾਜਪਾਲ ਤੋਂ ਰਿਪੋਰਟ ਮੰਗ ਲਈ ਸੀ।

Previous articleਕਾਫਲੇ ਖੱੜੇ ਨੇ
Next articleUS FDA allows emergency use of Pfizer vaccine, hails scientists