ਕਿਸਾਨਾਂ ਨੇ ਕਾਲੀਆ ਦੀ ਮੀਟਿੰਗ ਵਾਲਾ ਹੋਟਲ ਘੇਰਿਆ

ਬਠਿੰਡਾ (ਸਮਾਜ ਵੀਕਲੀ):  ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਅੱਜ ਬਠਿੰਡਾ ਫੇਰੀ ਮੌਕੇ ਪੁਲੀਸ ਦੇ ਸਖ਼ਤ ਬੰਦੋਬਸਤ ਦੌਰਾਨ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਉਹ ਹੋਟਲ ਘੇਰ ਲਿਆ, ਜਿੱਥੇ ਸ੍ਰੀ ਕਾਲੀਆ ਕਾਰਪੋਰੇਸ਼ਨ ਚੋਣਾਂ ਸਬੰਧੀ ਮੁਕਾਮੀ ਆਗੂਆਂ ਨਾਲ ਮੀਟਿੰਗ ਕਰ ਰਹੇ ਸਨ। ਕਿਸਾਨਾਂ ਅਤੇ ਪੁਲੀਸ ਦਰਮਿਆਨ ਕਾਫ਼ੀ ਜ਼ੋਰ-ਅਜ਼ਮਾਇਸ਼ ਹੋਈ। ਆਖ਼ਰ ਕਰੀਬ ਅੱਧੇ ਘੰਟੇ ਦੀ ਮੀਟਿੰਗ ਮਗਰੋਂ ਪੁਲੀਸ ਨੇ ਸ੍ਰੀ ਕਾਲੀਆ ਨੂੰ ਸਾਥੀਆਂ ਸਮੇਤ ਹੋਟਲ ਦੇ ਪਿਛਲੇ ਦਰਵਾਜ਼ਿਓਂ ਬਾਹਰ ਕੱਢਿਆ।

ਭਾਵੇਂ ਇਸ ਦੌਰੇ ਨੂੰ ਕਾਫੀ ਗੁਪਤ ਰੱਖਿਆ ਗਿਆ ਸੀ ਪਰ ਭਿਣਕ ਪੈਂਦਿਆਂ ਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਮੋਠੂ ਸਿੰਘ ਕੋਟੜਾ ਦੀ ਅਗਵਾਈ ਵਿੱਚ ਸੌ ਦੇ ਕਰੀਬ ਕਿਸਾਨ ਅਤੇ ਵੱਡੀ ਗਿਣਤੀ ’ਚ ਕਿਸਾਨ ਬੀਬੀਆਂ, ਮਿੱਤਲ ਮਾਲ ਨੇੜਲੇ ਇਕ ਹੋਟਲ ਵਿੱਚ ਚੱਲ ਰਹੀ ਮੀਟਿੰਗ ਮੌਕੇ ਪਹੁੰਚ ਗਏ। ਸੁਰੱਖਿਆ ਲਈ ਤਾਇਨਾਤ ਇਥੇ ਪੰਜ ਸੌ ਦੇ ਲਗਪਗ ਪੁਲੀਸ ਕਰਮਚਾਰੀਆਂ ਦੀ ਬੈਰੀਕੇਡ ਹਟਾਉਣ ਲਈ ਹੋਈ ਰੱਸਾਕਸ਼ੀ ਦੌਰਾਨ ਕਿਸਾਨ, ਪੁਲੀਸ ਦੀਆਂ ਰੋਕਾਂ ਹਟਾਉਣ ’ਚ ਸਫ਼ਲ ਹੋ ਗਏ।

ਇਸ ਤੋਂ ਪਹਿਲਾਂ ਕਿਸਾਨਾਂ ਨੇ ਲਾਊਡ ਸਪੀਕਰ ਵਾਲੀ ਆਪਣੀ ਗੱਡੀ ਅੱਗੇ ਲਿਆਉਣ ਲਈ ਪੁਲੀਸ ਨੂੰ ਤੋਂ ਇਜਾਜ਼ਤ ਮੰਗੀ ਪਰ ਪੁਲੀਸ ਵੱਲੋਂ ‘ਅਣਸੁਣੀ’ ਕਰੇ ਜਾਣ ’ਤੇ ਉਨ੍ਹਾਂ ਸਾਰੇ ਬੈਰੀਕੇਡ ਹਟਾ ਦਿੱਤੇ। ਪੁਲੀਸ ਵੱਲੋਂ ਅੱਗੇ ਵਧਣ ਤੋਂ ਰੋਕੇ ਜਾਣ ’ਤੇ ਕਿਸਾਨ ਧਰਨੇ ’ਤੇ ਬੈਠ ਗਏ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਅਤੇ ਐੱਸਪੀ ਜਸਪਾਲ ਸਿੰਘ ਵੀ ਉਥੇ ਪਹੁੰਚ ਗਏ।

ਸੂਤਰਾਂ ਅਨੁਸਾਰ ਤਲਖ਼ ਮਾਹੌਲ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਜਦੋਂ ਮਨੋਰੰਜਨ ਕਾਲੀਆ ਨੂੰ ਉਥੋਂ ਚਲੇ ਜਾਣ ਦੀ ਬੇਨਤੀ ਕਰ ਰਹੇ ਸਨ ਤਾਂ ਭਾਜਪਾ ਆਗੂ ਨੇ ਅਧਿਕਾਰੀਆਂ ਦੇ ਹਿਫ਼ਾਜ਼ਤੀ ਪ੍ਰਬੰਧਾਂ ’ਤੇ ਟਿੱਪਣੀ ਕੀਤੀ ਕੀ ਉਹ ਹੁਣ ਪੰਜਾਬ ਵੀ ਛੱਡ ਦੇਣ? ਉਨ੍ਹਾਂ ਅਫ਼ਸਰਾਂ ਨੂੰ ਪੁੱਛਿਆ ਕਿ ਅਜਿਹੇ ਹਾਲਾਤ ’ਚ ਪ੍ਰਸ਼ਾਸਨ ਭੈਅ-ਮੁਕਤ ਅਤੇ ਨਿਰਪੱਖ ਚੋਣਾਂ ਕਿਵੇਂ ਕਰਵਾਏਗਾ? ਆਖ਼ਰ ਸ੍ਰੀ ਕਾਲੀਆ ਨੇ ਅਧਿਕਾਰੀਆਂ ਦੀ ਗੱਲ ਮੰਨ ਲਈ ਅਤੇ ਉਥੋਂ ਜਾਣ ਲਈ ਰਾਜ਼ੀ ਹੋ ਗਏ। ਇਥੋਂ ਸ੍ਰੀ ਕਾਲੀਆ ਭਾਜਪਾ ਦੇ ਇਕ ਆਗੂ ਦੇ ਘਰ ਗਏ ਅਤੇ ਚਾਹ-ਪਾਣੀ ਪੀਣ ਪਿੱਛੋਂ ਆਪਣੀ ਅਗਲੀ ਮੰਜ਼ਿਲ ਲਈ ਰਵਾਨਾ ਹੋ ਗਏ।

Previous articleਖੇਤੀ ਕਾਨੂੰਨ ਬਣਾ ਕੇ ਖੋਹਿਆ ਜਾ ਰਿਹੈ ਕਿਸਾਨਾਂ ਦਾ ਹੱਕ: ਰਾਹੁਲ
Next articleਹਮਲੇ ਦੇ ਕੇਸ ’ਚ ਸੋਮਨਾਥ ਭਾਰਤੀ ਨੂੰ ਦੋ ਸਾਲ ਕੈਦ ਦੀ ਸਜ਼ਾ