ਖੂਨ-ਖਰਾਬੇ ਦੇ ਡਰੋਂ ਧਾਰਮਿਕ ਦੀਵਾਨ ਛੱਡੇ: ਰਣਜੀਤ ਸਿੰਘ

ਮਾਛੀਵਾੜਾ- ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਖੂਨ ਖਰਾਬਾ ਹੋਵੇ, ਇਸੇ ਲਈ ਉਨ੍ਹਾਂ ਨੇ ਧਾਰਮਿਕ ਦੀਵਾਨ ਨਾ ਸਜਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਚੈਨਲ ’ਤੇ ਆ ਕੇ ਉਨ੍ਹਾਂ ਨਾਲ ਸੰਵਾਦ ਕਰਨ ਦੀ ਚੁਣੌਤੀ ਵੀ ਦਿੱਤੀ ਹੈ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਜਿੱਥੇ ਕਿਤੇ ਵੀ ਧਾਰਮਿਕ ਦੀਵਾਨ ਸਜਾ ਰਹੇ ਹਨ, ਉੱਥੇ ਭਾਈ ਅਮਰੀਕ ਸਿੰਘ ਅਜਨਾਲਾ ਤੇ ਹੋਰ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇੱਥੋਂ ਤਕ ਕਿ ਖੂਨ-ਖਰਾਬੇ ਅਤੇ ਮਾਰਨ ਤਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਮੈਨੂੰ ਆਪਣੀ ਜਾਨ ਦਾ ਡਰ ਨਹੀਂ ਪਰ ਧਾਰਮਿਕ ਦੀਵਾਨਾਂ ਦੌਰਾਨ ਜੇ ਕਿਤੇ ਟਕਰਾਅ ਹੋ ਗਿਆ ਤਾਂ ਕਈ ਕੀਮਤੀ ਜਾਨਾਂ ਜਾ ਸਕਦੀਆਂ ਹਨ, ਜਿਸ ਦੇ ਬਚਾਅ ਲਈ ਉਨ੍ਹਾਂ ਫਿਲਹਾਲ ਧਾਰਮਿਕ ਦੀਵਾਨ ਨਾ ਸਜਾਉਣ ਦਾ ਫ਼ੈਸਲਾ ਲਿਆ ਹੈ।’
ਉਨ੍ਹਾਂ ਭਾਈ ਅਜਨਾਲਾ ਨੂੰ ਚੁਣੌਤੀ ਦਿੱਤੀ ਕਿ ਮਾਰਚ ਮਹੀਨੇ ਉਹ ਚੈਨਲ ’ਤੇ ਉਨ੍ਹਾਂ ਨੂੰ ਸੱਦਾ ਦੇਣਗੇ ਅਤੇ 30 ਮਿੰਟ ਦੇ ਸਮੇਂ ਦੌਰਾਨ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣਗੇ। ਦੂਜੇ ਪਾਸੇ ਅਜਨਾਲਾ ਨੂੰ ਵੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਅਤੇ ਸੰਗਤ ਫ਼ੈਸਲਾ ਲਵੇਗੀ।

Previous articleਏਸ਼ਿਆਈ ਕੁਸ਼ਤੀ ’ਚ ਜਤਿੰਦਰ ਦੀ ਚਾਂਦੀ
Next articleਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵਿਚ ਡਾ. ਅੰਬੇਡਕਰ  ਦੇ ਜੀਵਨ ਅਤੇ ਮਿਸ਼ਨ ‘ਤੇ ਸਮਾਗਮ