ਏਸ਼ਿਆਈ ਕੁਸ਼ਤੀ ’ਚ ਜਤਿੰਦਰ ਦੀ ਚਾਂਦੀ

ਭਾਰਤੀ ਪਹਿਲਵਾਨ ਜਤਿੰਦਰ ਕੁਮਾਰ ਨੇ ਅੱਜ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ 74 ਕਿਲੋ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਦੇ ਨਾਲ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਵਿੱਚ ਥਾਂ ਪੱਕੀ ਕਰ ਲਈ ਹੈ, ਜਿਸ ਨਾਲ ਮਾਹਿਰ ਸੁਸ਼ੀਲ ਕੁਮਾਰ ਲਈ ਟੋਕੀਓ ਖੇਡਾਂ ਦਾ ਦਰਵਾਜ਼ਾ ਬੰਦ ਹੋ ਸਕਦਾ ਹੈ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਨੇ ਸੱਟ ਦਾ ਹਵਾਲਾ ਦਿੰਦਿਆਂ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲਿਆ। ਪੁਰਸ਼ ਫਰੀਸਟਾਈਲ ਮੁਕਾਬਲੇ ਦੇ ਦੂਜੇ ਦਿਲ ਭਾਰਤ ਦੇ ਖਾਤੇ ਕੋਈ ਸੋਨ ਤਗ਼ਮਾ ਨਹੀਂ ਆਇਆ, ਕਿਉਂਕਿ ਦੀਪਕ ਪੂਨੀਆ (86 ਕਿਲੋ) ਅਤੇ ਰਾਹੁਲ ਅਵਾਰੇ (61 ਕਿਲੋ) ਨੇ ਕਾਂਸੀ ਦੇ ਤਗ਼ਮੇ ਆਪਣੇ ਨਾਮ ਕੀਤੇ।
ਜਿਤੇਂਦਰ ਨੇ ਕੇਡੀ ਜਾਧਵ ਇੰਡੋਰ ਸਟੇਡੀਅਮ ਵਿੱਚ ਕਜ਼ਾਖ਼ਸਤਾਨ ਦੇ ਦਾਨਿਆਰ ਕੈਸਾਨੋਵ ਖ਼ਿਲਾਫ਼ ਸ਼ਾਨਦਾਰ ਰੱਖਿਆਤਮਕ ਨੀਤੀ ਅਪਣਾਈ, ਪਰ ਹਮਲੇ ਦੀ ਘਾਟ ਕਾਰਨ ਉਹ ਮੌਜੂਦਾ ਚੈਂਪੀਅਨ ਤੋਂ 1-3 ਨਾਲ ਹਾਰ ਗਿਆ। ਹਾਲਾਂਕਿ ਉਸ ਦਾ ਇਹ ਪ੍ਰਦਰਸ਼ਨ ਕੌਮੀ ਫੈਡਰੇਸ਼ਨ ਨੂੰ ਭਰੋਸਾ ਦਿਵਾਉਣ ਲਈ ਕਾਫ਼ੀ ਸੀ ਕਿ ਉਸ ਨੂੰ ਓਲੰਪਿਕ ਕੁਆਲੀਫਾਇਰ ਲਈ ਕਿਰਗਿਸਤਾਨ ਦੇ ਬਿਸ਼ਕੇਕ ਜਾਣਾ ਚਾਹੀਦਾ ਹੈ ਅਤੇ ਇਸ ਵਰਗ ਲਈ ਮੁੜ ਟਰਾਇਲ ਕਰਵਾਉਣ ਦੀ ਲੋੜ ਨਹੀਂ ਪਈ। ਇਸ ਦਾ ਅਰਥ ਹੈ ਕਿ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ (ਉਹ ਵੀ 74 ਕਿਲੋ ਵਰਗ ਵਿੱਚ ਖੇਡਦਾ ਹੈ) ਨੂੰ ਉਡੀਕ ਕਰਨੀ ਹੋਵੇਗੀ ਕਿ ਜਤਿੰਦਰ ਬਿਸ਼ਕੇਕ ਵਿੱਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ ਹੈ। ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਵਾਨ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਵੇਗਾ।

Previous articleਅਕਾਲੀ ਵਰਕਰਾਂ ਵੱਲੋਂ ਡੀਜੀਪੀ ਖ਼ਿਲਾਫ਼ ਰੋਸ ਮੁਜ਼ਾਹਰਾ
Next articleਖੂਨ-ਖਰਾਬੇ ਦੇ ਡਰੋਂ ਧਾਰਮਿਕ ਦੀਵਾਨ ਛੱਡੇ: ਰਣਜੀਤ ਸਿੰਘ