ਖਾਧ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਸ਼ਿਕਾਇਤ ‘ਤੇ ਵੈਕਸ ਕੋਟੇਡ ਸੇਬ ਦੀ ਜਾਂਚ ਸ਼ੁਰੂ

ਨਵੀਂ ਦਿੱਲੀ : ਕੇਂਦਰੀ ਖਪਤਕਾਰ ਮਾਮਲੇ ਤੇ ਖਾਧ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਘਰ ਲਈ ਖ਼ਰੀਦੇ ਗਏ ਸੇਬ ਦੇ ਵੈਕਸ ਕੋਟੇਡ ਪਾਏ ਜਾਣ ਤੋਂ ਬਾਅਦ ਜਾਂਚ ਸ਼ੁਰੂ ਹੋ ਗਈ ਹੈ। ਸਬੰਧਤ ਵਿਭਾਗਾਂ ਨੇ ਆਪਣੀ ਜਾਂਚ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੇਬ ਦੇ ਉੱਪਰ ਵੈਕਸ ਲੱਗੇ ਹੋਣ ਦੀ ਜਾਂਚ ਦਾ ਕੰਮ ਸਿਹਤ ਮੰਤਰਾਲੇ ਨੂੰ ਸੌਂਪ ਦਿੱਤਾ ਗਿਆ ਹੈ। ਮੰਤਰਾਲੇ ਦੇ ਲੀਗਲ ਮੀਟ੍ਰੋਲੋਜੀ ਵਿਭਾਗ ਨੇ ਇਸ ਲਈ ਸੇਬ ਦਾ ਨਮੂਨਾ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫਐੱਸਐੱਸਏਆਈ) ਕੋਲ ਭੇਜ ਦਿੱਤਾ ਹੈ।
ਦਰਅਸਲ ਪਾਸਵਾਨ ਦੇ ਘਰ ਦਿੱਲੀ ਦੇ ਬੇਹੱਦ ਪਾਸ਼ ਇਲਾਕੇ ਖ਼ਾਨ ਮਾਰਕੀਟ ਵਿਚੋਂ ਜਿਹੜਾ ਸੇਬ ਮੰਗਵਾਇਆ ਗਿਆ ਸੀ, ਉਸ ‘ਤੇ ਕਾਫ਼ੀ ਮਾਤਰਾ ਵਿਚ ਵੈਕਸ ਲੱਗੀ ਹੋਈ ਸੀ ਤਾਂ ਕਿ ਉਹ ਜ਼ਿਆਦਾ ਤਾਜ਼ਾ ਦਿਸੇ। ਪਾਸਵਾਨ ਨੇ ਇਸ ਦੀ ਸ਼ਿਕਾਇਤ ਕੀਤੀ ਸੀ। ਉਸ ਤੋਂ ਬਾਅਦ ਲੀਗਲ ਮੀਟ੍ਰੋਲੋਜੀ ਵਿਭਾਗ ਮੰਗਲਵਾਰ ਨੂੰ ਹੀ ਸਰਗਰਮ ਹੋ ਗਿਆ ਸੀ। ਖ਼ਾਨ ਮਾਰਕੀਟ ਦੀ ਉਸ ਫਲ ਦੀ ਦੁਕਾਨ ‘ਤੇ ਛਾਪਾ ਵੀ ਮਾਰਿਆ ਗਿਆ, ਜਿੱਥੋਂ ਸੇਬ ਖ਼ਰੀਦਿਆ ਗਿਆ ਸੀ। ਛਾਪੇਮਾਰੀ ਅਤੇ ਵੱਟਿਆਂ ਤੇ ਮਾਪ ਦੀ ਜਾਂਚ ਦੌਰਾਨ ਖ਼ਰੀਦਿਆ ਗਿਆ ਸੇਬ ਵੀ ਨਿਰਧਾਰਤ ਵਜ਼ਨ ਤੋਂ ਘੱਟ ਪਾਇਆ ਗਿਆ ਅਤੇ ਇਸ ਲਈ ਦੁਕਾਨ ਮਾਲਕ ਦਾ ਚਲਾਨ ਵੀ ਕੱਟ ਦਿੱਤਾ ਗਿਆ ਹੈ।
ਪਾਸਵਾਨ ਦੇ ਦਫ਼ਤਰ ਦੇ ਅਫਸਰਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਸਬੰਧਤ ਵਿਭਾਗਾਂ ਨੂੰ ਸੌਂਪ ਦਿੱਤਾ ਗਿਆ ਹੈ। ਇਕ ਹਫ਼ਤੇ ਦੇ ਅੰਦਰ ਜਾਂਚ ਰਿਪੋਰਟ ਦੇ ਨਾਲ ਹੀ ਕਾਰਵਾਈ ਦਾ ਵੇਰਵਾ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਸਿਹਤ ਮੰਤਰਾਲੇ ਨਾਲ ਸਬੰਧਤ ਐੱਫਐੱਸਐੱਸਏਆਈ ਸੇਬ ਦੇ ਉੱਪਰ ਲਗਾਏ ਗਏ ਵੈਕਸ ਦੀ ਕੁਆਲਿਟੀ ਦੇ ਨਾਲ ਮਾਤਰਾ ਵੀ ਜਾਂਚੇਗਾ। ਐੱਫਐੱਸਐੱਸਏਆਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ ‘ਤੇ ਦਰਾਮਦ ਕੀਤੇ ਫਲਾਂ ‘ਤੇ ਵੈਕਸ ਲੱਗੀ ਹੁੰਦੀ ਹੈ, ਜਿਹੜੀ ਖਾਣ ਦੀ ਕੈਟਾਗਰੀ ਵਾਲੀ ਹੋਣੀ ਚਾਹੀਦੀ ਹੈ। ਜਿਹੜੇ ਨਿਯਮ ਹਨ, ਉਸ ਤਹਿਤ ਸਿਰਫ਼ ਤਿੰਨ ਤਰ੍ਹਾਂ ਦੀ ਵੈਕਸ ਲਗਾਈ ਜਾ ਸਕਦੀ ਹੈ ਜਿਹੜੇ ਸਿਹਤ ਲਈ ਹਾਨੀਕਾਰਕ ਨਹੀਂ ਹੁੰਦੀ ਹੈ। ਆਮ ਤੌਰ ‘ਤੇ ਸਿਰਫ਼ ਇਕ ਤੋਂ ਦੋ ਬੂੰਦਾਂ ਵੈਕਸ ਦੀਆਂ ਹੀ ਲਗਾਈਆਂ ਜਾਂਦੀਆਂ ਹਨ। ਇਹ ਵੈਕਸ ਜੈਵਿਕ ਤਰੀਕੇ ਨਾਲ ਤਿਆਰ ਹੁੰਦੀ ਹੈ ਜਿਸ ਵਿਚ ਸ਼ਹਿਦ ਦੀ ਮੱਖੀ ਦੇ ਛੱਤੇ ਤੋਂ ਵੈਕਸ ਤਿਆਰ ਕਰਨ ਦਾ ਤਰੀਕਾ ਸ਼ਾਮਲ ਹੈ। ਇਹ ਜ਼ਰੂਰੀ ਹੈ ਕਿ ਵੈਕਸ ਕੋਟੇਡ ਫਲ ‘ਤੇ ਲੇਬਲ ਲਗਾ ਕੇ ਇਸ ਦੀ ਜਾਣਕਾਰੀ ਦਿੱਤੀ ਜਾਵੇ।

Previous articleਧਾਰਾ 370 ਹਟਾ ਕੇ ਦੁਨੀਆ ਨੂੰ ਦੱਸ ਦਿੱਤਾ ਕਸ਼ਮੀਰ ਸਾਡਾ ਹੈ : ਅਮਿਤ ਸ਼ਾਹ
Next articleਅੰਤਰਰਾਸ਼ਟਰੀ ਨਗਰ ਕੀਰਤਨ ਦਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਖ਼ਾਲਸਈ ਜਾਹੋ-ਜਲਾਲ ਨਾਲ ਸਵਾਗਤ