ਖਹਿਰਾ ਨੇ ਬਠਿੰਡਾ ਤੋਂ ਚੋਣ ਲੜਨ ਦਾ ਕੀਤਾ ਐਲਾਨ

ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਾਰੀਆਂ ਕਿਆਸਅਰਾਈਆਂ ਨੂੰ ਖ਼ਤਮ ਕਰਦਿਆਂ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਰਵਾਇਤੀ ਹਲਕੇ ਬਠਿੰਡਾ ਤੋਂ ਚੋਣ ਨਹੀਂ ਲੜਦੀ ਹੈ ਤਾਂ ਵੀ ਉਹ ਬਠਿੰਡਾ ਤੋਂ ਹੀ ਚੋਣ ਲੜਨਗੇ। ਸ੍ਰੀ ਖਹਿਰਾ ਨੇ ਸੰਕੇਤ ਦਿੱਤਾ ਕਿ ਜੇਕਰ ਬੀਬੀ ਬਾਦਲ ਫਿਰੋਜ਼ਪੁਰ ਤੋਂ ਚੋਣ ਲੜੇਗੀ ਤਾਂ ਉਥੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਨੂੰ ਟੱਕਰ ਦੇ ਸਕਦੇ ਹਨ, ਜਿਸ ਬਾਰੇ ਅੰਤਿਮ ਫ਼ੈਸਲਾ ਮੌਕੇ ’ਤੇ ਲਿਆ ਜਾਵੇਗਾ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਮੰਚ ਦੇ ਪ੍ਰਧਾਨ ਅਤੇ ਪਟਿਆਲਾ ਤੋਂ ਚੋਣ ਲੜ ਰਹੇ ਡਾਕਟਰ ਧਰਮਵੀਰ ਗਾਂਧੀ ਨੇ ਸ੍ਰੀ ਖਹਿਰਾ ਨੂੰ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਵੱਲੋਂ ਬਠਿੰਡਾ ਦਾ ਉਮੀਦਵਾਰ ਐਲਾਨਦਿਆਂ ਉਨ੍ਹਾਂ ਨੂੰ ਪੰਜਾਬ ਦੇ ਨਿਧੜਕ ਜਰਨੈਲ ਵਜੋਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੀਡੀਏ ਨੇ ਆਪਣੇ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਸੰਗਰੂੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਪੀਡੀਏ ਨੇ ਸੰਗਰੂਰ ਤੋਂ ਚੋਣ ਲੜ ਰਹੇ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਘੇਰਾਬੰਦੀ ਕਰਨ ਦੀ ਰਣਨੀਤੀ ਬਣਾਈ ਹੈ ਅਤੇ ਇਸ ਲਈ ਕਿਸੇ ਮਜ਼ਬੂਤ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਸਟੇਜ ਉਪਰ ਕੇਵਲ ਇੱਕ ਵਿਧਾਇਕ ਮਾਸਟਰ ਬਲਦੇਵ ਸਿੰਘ ਹੀ ਉਨ੍ਹਾਂ ਨਾਲ ਬੈਠੇ ਸਨ। ਭਾਵੇਂ ਪ੍ਰੈੱਸ ਕਾਨਫਰੰਸ ਵਿਚ ‘ਆਪ’ ਦੇ ਬਾਗ਼ੀ ਧੜੇ ਦੇ ਤਿੰਨ ਵਿਧਾਇਕ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ ਅਤੇ ਪਿਰਮਲ ਸਿੰਘ ਖਾਲਸਾ ਵੀ ਪੁੱਜੇ ਹੋਏ ਸਨ ਪਰ ਇੰਜ ਜਾਪਦਾ ਸੀ ਕਿ ਉਹ ਰਸਮੀ ਹਾਜ਼ਰੀ ਲਵਾਉਣ ਆਏ ਸਨ। ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਉਨ੍ਹਾਂ ਬਾਰੇ ਗੁੰਮਰਾਹਕੁਨ ਪ੍ਰਚਾਰ ਕਰਕੇ ਆਖ ਰਿਹਾ ਹੈ ਕਿ ਉਹ (ਖਹਿਰਾ) ਬਠਿੰਡਾ ਤੋਂ ਬੀਬੀ ਬਾਦਲ ਨੂੰ ਜਿਤਾਉਣ ਲਈ ਚੋਣ ਲੜ ਰਹੇ ਹਨ। ਉਨ੍ਹਾਂ ਸ੍ਰੀ ਮਾਨ ਨੂੰ ਸਵਾਲ ਕੀਤਾ ਕਿ ਕੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਜਲਾਲਾਬਾਦ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਜਿਤਾਉਣ ਲਈ ਉਨ੍ਹਾਂ ਖਿਲਾਫ਼ ਚੋਣ ਲੜੇ ਸਨ। ਸ੍ਰੀ ਖਹਿਰਾ ਨੇ ਬੀਬੀ ਬਾਦਲ ਉਪਰ ਵਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਅੱਜ ਆਰਐਸਐਸ ਦੀ ਕਠਪੁਤਲੀ ਬਣ ਚੁੱਕਾ ਹੈ ਅਤੇ ਉਨ੍ਹਾਂ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਤਿਆਰ ਕੀਤਾ ਚੋਣ ਮਨੋਰਥ ਪੱਤਰ ਲੋਕਾਂ ਨਾਲ ਧੋਖਾ ਸਾਬਤ ਹੋਇਆ ਹੈ। ਉਨ੍ਹਾਂ ਬੀਬੀ ਬਾਦਲ ਅਤੇ ਮਨਪ੍ਰੀਤ ਬਾਦਲ ਨੂੰ ਪੰਜਾਬ ਦੇ ਮੁੱਦਿਆਂ ਉਪਰ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਪਿੰਡ ਬਾਦਲ ਤਕ ਚਾਰ ਮਾਰਗੀ ਅਤੇ ਸੁਖਬੀਰ ਬਾਦਲ ਦੇ ਨਿਊ ਚੰਡੀਗੜ੍ਹ ਵਿਚਲੇ ਹੋਟਲ ਤਕ 6 ਮਾਰਗੀ ਸੜਕ ਹੀ ਬਣਾਈ ਜਦਕਿ ਹੋਰ ਕੋਈ ਵਿਕਾਸ ਨਹੀਂ ਹੋਇਆ।

Previous articleਪੁਲਵਾਮਾ ਹਮਲੇ ਵੇਲੇ ਸ਼ੂਟਿੰਗ ਵਿਚ ਰੁੱਝੇ ਰਹੇ ਮੋਦੀ: ਰਾਹੁਲ
Next articleਇੰਡੀਅਨ ਵੈੱਲਜ਼ ਓਪਨ ਟੈਨਿਸ ਦੇ ਸੈਮੀਫਾਈਨਲ ’ਚ ਨਡਾਲ ਅਤੇ ਫੈਡਰਰ ਆਹਮੋੋ-ਸਾਹਮਣੇ