ਪੁਲਵਾਮਾ ਹਮਲੇ ਵੇਲੇ ਸ਼ੂਟਿੰਗ ਵਿਚ ਰੁੱਝੇ ਰਹੇ ਮੋਦੀ: ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਤਰਾਖੰਡ ਵਿਚ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਖਿਆ ਕਿ ਜਦੋਂ ਪੁਲਵਾਮਾ ਵਿਚ ਸੀਆਰਪੀਐਫ ਦੇ ਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਰਬੈਟ ਨੈਸ਼ਨਲ ਪਾਰਕ ਵਿਚ ਦਸਤਾਵੇਜ਼ੀ ਫਿਲਮ ਬਣਵਾਉਣ ਵਿਚ ਰੁੱਝੇ ਹੋਏ ਸਨ।
ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਜੇ ਚੋਣਾਂ ਵਿਚ ਪਾਰਟੀ ਨੂੰ ਜਿੱਤ ਨਸੀਬ ਹੋਈ ਤਾਂ ਗਰੀਬਾਂ ਲਈ ਘੱਟੋ ਘੱਟ ਆਮਦਨ ਸਕੀਮ ਚਾਲੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ‘‘ ਪੁਲਵਾਮਾ ਹਮਲੇ ਤੋਂ ਫ਼ੌਰੀ ਬਾਅਦ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਉਹ ਸਰਕਾਰ ਤੇ ਦੇਸ਼ ਦੇ ਨਾਲ ਖੜ੍ਹੀ ਹੈ। ਮੈਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਸਨ। ਇੱਥੇ ਖਚਾਖਚ ਭਰੇ ਪਰੇਡ ਗਰਾਊਂਡ ਵਿਚ ਆਖਿਆ ‘‘ ਹਰ ਕੋਈ ਜਾਣਦਾ ਹੈ ਕਿ ਜਦੋਂ ਪੁਲਵਾਮਾ ਹਮਲਾ ਹੋਇਆ ਤਾਂ ਨਰਿੰਦਰ ਮੋਦੀ ਕੀ ਕਰ ਰਹੇ ਸਨ। ਉਹ ਨੈਸ਼ਨਲ ਜਿਓਗ੍ਰਾਫਿਕਸ ਦੀ ਦਸਤਾਵੇਜ਼ੀ ਲਈ ਸ਼ੂਟਿੰਗ ਕਰ ਰਹੇ ਸਨ। ਹਮਲਾ ਹੋਣ ਦੇ ਬਾਵਜੂਦ ਉਸ ਦਿਨ ਉਹ ਸਾਢੇ ਤਿੰਨ ਘੰਟੇ ਸ਼ੂਟਿੰਗ ਕਰਦੇ ਰਹੇ ਪਰ ਹਾਲੇ ਵੀ ਉਹ ਦੇਸ਼ਭਗਤੀ ਦੀਆਂ ਡੀਂਗਾਂ ਮਾਰਨ ਤੋਂ ਨਹੀਂ ਹਟਦੇ।’’
ਰਾਫ਼ਾਲ ਸੌਦੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ‘‘ ਤੁਸੀਂ ਸਭ ਨੇ ਅਨਿਲ ਅੰਬਾਨੀ ਬਾਰੇ ਸੁਣਿਆ ਹੋਵੇਗਾ। ਕੀ ਉਹ ਹਵਾਈ ਜਹਾਜ਼ ਬਣਾ ਸਕਦੇ ਹਨ? ਉਹ ਤਾਂ ਕਾਗਜ਼ ਦਾ ਜਹਾਜ਼ ਨਹੀਂ ਬਣਾ ਸਕਦੇ ਜੋ ਇਕ ਬੱਚਾ ਵੀ ਬਣਾ ਲੈਂਦਾ ਹੈ। ਫਿਰ ਵੀ ਮੋਦੀ ਉਸ ਨੂੰ ਆਪਣੇ ਵਫ਼ਦ ਵਿਚ ਫਰਾਂਸ ਲੈ ਕੇ ਜਾਂਦੇ ਹਨ ਤੇ 30000 ਕਰੋੜ ਰੁਪਏ ਦਾ ਸੌਦਾ ਦਿਵਾਉਂਦੇ ਹਨ।’’
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਸਾਢੇ ਤਿੰਨ ਰੁਪਏ ਦਿਹਾੜੀ ਦੇ ਕੇ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਮਗਜ਼ੇ ਮਾਰ ਰਹੀ ਹੈ।

Previous articleਮੋਦੀ ਵਲੋਂ ਆਪਣੇ ਹਮਾਇਤੀਆਂ ਨੂੰ ‘ਮੈਂ ਵੀ ਚੌਕੀਦਾਰ’ ਦਾ ਹਲਫ਼ ਲੈਣ ਦਾ ਹੋਕਾ
Next articleਖਹਿਰਾ ਨੇ ਬਠਿੰਡਾ ਤੋਂ ਚੋਣ ਲੜਨ ਦਾ ਕੀਤਾ ਐਲਾਨ