(ਸਮਾਜ ਵੀਕਲੀ)
ਆਸਾ ਲਾ-ਲਾ ਨਹੀਂ ਕਿਸੇ ਵੱਲ ਤੱਕੀ ਦਾ,
ਆਪਣੇ ਕੰਮ ਤੱਕ ਹੁਣ ਹੈ ਮਤਲਬ ਰੱਖੀ ਦਾ।
ਵਿਸ਼ਵਾਸਾ ਨੇ ਐਨੇ ਤੋੜ ਮਰੋੜੇ ਹਾਂ,
ਹਰ ਇੱਕ ਕਦਮ ਵੀ ਸੋਚ ਸਮਝ ਕੇ ਰੱਖੀ ਦਾ।
ਕਦਰਾਂ ਪਾਵਣ ਵਾਲੇ ਨੇ ਛੱਡ ਦੂਰ ਗਏ,
ਕਿਸਨੂੰ ਹਾਲ ਸੁਣਾਈਏ ਦੁੱਖਦੀ ਬੱਖੀ ਦਾ।
ਤੰਗ ਦਿਲੀਆਂ ਨੂੰ ਜਿੰਦਗੀ ਵਿੱਚੋਂ ਕੱਢ ਦਿੱਤਾ,
ਹਰ ਇੱਕ ਦਿਨ ਹੈ ਹੱਸ ਖੇਡ ਕੇ ਕੱਟੀ ਦਾ।
ਵੇਖ-ਵੇਖ ਕੇ ਦੁਨੀਆ ਦੇ ਰੰਗ ਅੱਕ ਗਏ,
ਹੁਣ ਬੱਸ ਆਪਣੀ ਮੰਜਿਲ ਵੱਲ ਹੈ ਤੱਕੀ ਦਾ।
ਵਿਸ਼ਵਾਸਾ ਨੇ ਇੱਕ ਦਿਨ ਹੁੰਦਾ ਟੁੱਟ ਜਾਣਾ,
ਹੱਦੋਂ ਵੱਧ ਵਿਸ਼ਵਾਸ ਕਿਤੇ ਨਹੀਂ ਰੱਖੀ ਦਾ।
ਦੁਨੀਆ ਸਾਰੀ ਰਿਸ਼ਤੇ ਲੋੜ ਲਈ ਵਰਤ ਜਾਵੇ,
ਤੋੜ ਚੜਾਈਏ ਬੋਲ ਪਿੱਛੇ ਨਹੀਂ ਹਟੀ ਦਾ।
‘ਸੰਦੀਪ’ ਇਹ ਜਿੰਦਗੀ ਰੋਜ ਹੀ ਢਲਦੇ ਦਿਨ ਵਰਗੀ,
ਨਵੀਂ ਆਸ ਨਾਲ ਨਵੇਂ ਵਕਤ ਨੂੰ ਤੱਕੀ ਦਾ।
ਆਸਾ ਲਾ-ਲਾ ਨਹੀਂ ਕਿਸੇ ਵੱਲ ਤੱਕੀ ਦਾ,
ਆਪਣੇ ਕੰਮ ਤੱਕ ਹੁਣ ਹੈ ਮਤਲਬ ਰੱਖੀ ਦਾ।
ਸੰਦੀਪ ਸਿੰਘ (ਬਖੋਪੀਰ)
ਸੰਪਰਕ ਨੰਬਰ:- 9815321017