ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਵਿਚਲੀ ਮਿਆਦ ਵਧਾਉਣਾ ‘ਵਾਜਬ ਪਹੁੰਚ’: ਫੌਚੀ

ਵਾਸ਼ਿੰਗਟਨ (ਸਮਾਜ ਵੀਕਲੀ) : ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਡਾ.ਐਂਥਨੀ ਫੌਚੀ ਨੇ ਕਿਹਾ ਕਿ ਭਾਰਤ ਵਿੱਚ ਬੇਕਾਬੂ ਹੋਈ ਕਰੋਨਾ ਦੀ ਦੂਜੀ ਲਹਿਰ ਨੂੰ ਨੱਥ ਪਾਉਣ ਲਈ ਕੋਵਿਡ19 ਟੀਕਾਕਰਨ ਨੂੰ ਤੇਜ਼ ਕਰਨਾ ਤੇ ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਵਿਚਲੇ ਵਕਫ਼ੇ ਨੂੰ ਵਧਾਉਣਾ ‘ਵਾਜਬ ਪਹੁੰਚ’ ਹੈ। ਉਨ੍ਹਾਂ ਕਿਹਾ ਕਿ ਦੋ ਖੁਰਾਕਾਂ ਵਿਚਲਾ ਵਕਫ਼ਾ ਵਧਣ ਨਾਲ ਲਾਭਪਾਤਰੀ ਨੂੰ ‘ਵੈਕਸੀਨ ਦੇ ਅਸਰ’ ਦੇ ਨੁਕਤੇ ਨਿਗ੍ਹਾ ਤੋਂ ਵੀ ਫਾਇਦਾ ਮਿਲੇਗਾ।

ਇਕ ਖ਼ਬਰ ਏਜੰਸੀ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਦੌਰਾਨ ਫੌਚੀ ਨੇ ਕਿਹਾ, ‘ਜਦੋਂ ਤੁਸੀਂ ਬਹੁਤ ਮੁਸ਼ਕਲ ਹਾਲਾਤ, ਜਿਹੋ ਜਿਹੇ ਅੱਜਕੱਲ੍ਹ ਭਾਰਤ ਵਿਚ ਹਨ, ਤਾਂ ਤੁਹਾਨੂੰ ਜਿੰਨਾ ਛੇਤੀ ਹੋ ਸਕੇ ਵੱਧ ਤੋਂ ਵੱਧ ਲੋਕਾਂ ਦੇ ਟੀਕਾਕਰਨ ਸਮੇਤ ਹੋਰ ਕਈ ਢੰਗ ਤਰੀਕੇ ਤਲਾਸ਼ਣੇ ਪੈਂਦੇ ਹਨ, ਲਿਹਾਜ਼ਾ ਮੇਰਾ ਮੰਨਣਾ ਹੈ ਕਿ ਦਰਪੇਸ਼ ਸੰਕਟ ਦੇ ਹੱਲ ਲਈ ਇਹ ਵਾਜਬ ਪਹੁੰਚ ਹੈ।’

ਦੱਸਣਾ ਬਣਦਾ ਹੈ ਕਿ ਭਾਰਤ ਸਰਕਾਰ ਨੇ ਵੀਰਵਾਰ ਨੂੰ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਤੇ ਦੂਜੀ ਖੁਰਾਕ ਵਿਚਲੀ ਮੌਜੂਦਾ 6 ਤੋਂ 8 ਹਫ਼ਤਿਆਂ ਦੇ ਵਕਫ਼ੇ ਨੂੰ ਵਧਾ ਕੇ 12 ਤੋਂ 16 ਹਫਤੇ ਕਰਨ ਦਾ ਐਲਾਨ ਕੀਤਾ ਸੀ। ਪਿਛਲੇ ਤਿੰਨ ਮਹੀਨਿਆਂ ’ਚ ਇਹ ਦੂਜੀ ਵਾਰ ਹੈ ਜਦੋਂ ਕੋਵੀਸ਼ੀਲਡ ਦੀ ਦੂਜੀ ਖੁਰਾਕ ਲੈਣ ਦੀ ਮਿਆਦ ਨੂੰ ਵਧਾਇਆ ਗਿਆ ਹੈ। ਸਰਕਾਰ ਦੀ ਇਸ ਪੇਸ਼ਕਦਮੀ ਦੀ ਹਾਲਾਂਕਿ ਇਹ ਕਹਿ ਕੇ ਨੁਕਤਾਚੀਨੀ ਕੀਤੀ ਜਾ ਰਹੀ ਹੈ ਕਿ ਕੇਂਦਰ ਕੋਲ ਦੇਸ਼ ਦੇ ਲੋਕਾਂ ਲਈ ਮੁੁਨਾਸਿਬ ਮਾਤਰਾ ਵਿੱਚ ਵੈਕਸੀਨ ਉਪਲੱਬਧ ਨਹੀਂ ਹੈ ਤੇ ਸਰਕਾਰ ਉਪਰੋਕਤ ਐਲਾਨ ਦੀ ਆੜ ਵਿੱਚ ਆਪਣੀ ਨਾਕਾਮੀ ਨੂੰ ਲੁਕਾਉਣ ਦਾ ਯਤਨ ਕਰ ਰਹੀ ਹੈ। 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸਟਰੇਲੀਆ ਨੇ ਭਾਰਤੀ ਉਡਾਣਾਂ ਤੋਂ ਪਾਬੰਦੀ ਹਟਾਈ
Next articleਯੂਥ ਕਾਂਗਰਸ ਪ੍ਰਧਾਨ ਸ੍ਰੀਨਿਵਾਸ ਤੋਂ ਪੁਲੀਸ ਵੱਲੋਂ ਪੁੱਛ-ਪੜਤਾਲ