ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿਚ ਇਕ ਦਿਨ ’ਚ 3,66,161 ਨਵੇਂ ਕੇਸ ਸਾਹਮਣੇ ਆਏ ਹਨ ਜੋ ਕਿ ਭਾਰਤ ਵਿੱਚ ਲੰਘੇ ਚੌਵੀ ਘੰਟਿਆਂ ਦੌਰਾਨ ਦੁਨੀਆਂ ਦੇ ਬਾਕੀ ਮੁਲਕਾਂ ’ਚ ਸਾਹਮਣੇ ਆਏ ਕਰੋਨਾ ਦੇ ਕੁੱਲ ਕੇਸਾਂ ਤੋਂ ਵੀ ਵੱਧ ਹਨ। ਨਵੇਂ ਕੇਸਾਂ ਮਗਰੋਂ ਦੇਸ਼ ’ਚ ਮਰੀਜ਼ਾਂ ਦੀ ਗਿਣਤੀ 2,26,62,575 ਹੋ ਗਈ ਹੈ। ਇਸ ਤੋਂ ਇਲਾਵਾ ਅੱਜ 3,754 ਮੌਤਾਂ ਹੋਰ ਹੋਣ ਨਾਲ ਹੁਣ ਤੱਕ ਦੇਸ਼ ਭਰ ਵਿਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2,46,116 ਹੋ ਗਈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਨਵੇਂ ਕੇਸਾਂ ਦੀ ਗਿਣਤੀ ਵਧਣ ਨਾਲ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 37,45,237 ਹੋ ਗਈ ਹੈ ਜੋ ਕਿ ਕੁੱਲ ਕੇਸਾਂ ਦਾ 16.53 ਫ਼ੀਸਦ ਹੈ ਜਦਕਿ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਦਰ 82.39 ਫ਼ੀਸਦ ਹੈ। ਅੰਕੜਿਆਂ ਮੁਤਾਬਕ ਹੁਣ ਤੱਕ ਦੇਸ਼ ਭਰ ਵਿਚ 1,86,71,222 ਮਰੀਜ਼ ਇਸ ਬਿਮਾਰੀ ਤੋਂ ਉੱਭਰ ਕੇ ਤੰਦਰੁਸਤ ਹੋ ਚੁੱਕੇ ਹਨ ਜਦਕਿ ਮੌਤਾਂ ਦੀ ਦਰ 1.09 ਫ਼ੀਸਦ ਦਰਜ ਕੀਤੀ ਗਈ ਹੈ। ਦੇਸ਼ ਭਰ ਵਿਚ ਅੱਜ ਹੋਈਆਂ 3,754 ਮੌਤਾਂ ਵਿਚੋਂ ਸਭ ਤੋਂ ਵੱਧ 572 ਮੌਤਾਂ ਇਕੱਲੇ ਮਹਾਰਾਸ਼ਟਰ ’ਚ ਹੋਈਆਂ।
ਉਸ ਤੋਂ ਬਾਅਦ ਕਰਨਾਟਕ ’ਚ 490, ਉੱਤਰ ਪ੍ਰਦੇਸ਼ ’ਚ 294, ਦਿੱਲੀ ਵਿਚ 273, ਤਾਮਿਲਨਾਡੂ ’ਚ 236, ਪੰਜਾਬ ’ਚ 191, ਛੱਤੀਸਗੜ੍ਹ ’ਚ 189, ਉੱਤਰਾਖੰਡ ’ਚ 180, ਰਾਜਸਥਾਨ ’ਚ 159, ਹਰਿਆਣਾ ਵਿਚ 151, ਪੱਛਮੀ ਬੰਗਾਲ ’ਚ 124 ਅਤੇ ਗੁਜਰਾਤ ’ਚ 121 ਮੌਤਾਂ ਹੋਈਆਂ ਹਨ।ਇਸੇ ਤਰ੍ਹਾਂ ਭਾਰਤ ਵਿਚ ਹੁਣ ਤੱਕ ਕਰੋਨਾ ਕਾਰਨ ਹੋਈਆਂ ਕੁੱਲ 2,46,116 ਮੌਤਾਂ ’ਚੋਂ 75849 ਮੌਤਾਂ ਇਕੱਲੇ ਮਹਾਰਾਸ਼ਟਰ ’ਚ ਹੋਈਆਂ ਹਨ। ਉਸ ਤੋਂ ਬਾਅਦ ਦਿੱਲੀ ਵਿਚ 19344, ਕਰਨਾਟਕ ’ਚ 18776, ਤਾਮਿਲਨਾਡੂ ’ਚ 15648, ਉੱਤਰ ਪ੍ਰਦੇਸ਼ ’ਚ 15464, ਪੱਛਮੀ ਬੰਗਾਲ ’ਚ 12327, ਛੱਤੀਸਗੜ੍ਹ ’ਚ 10570 ਅਤੇ ਪੰਜਾਬ ’ਚ 10506 ਮੌਤਾਂ ਹੋਈਆਂ ਹਨ। ਮੰਤਰਾਲੇ ਦਾ ਕਹਿਣਾ ਹੈ ਕਿ ਮਰਨ ਵਾਲਿਆਂ ’ਚੋਂ 70 ਫ਼ੀਸਦ ਤੋਂ ਵੱਧ ਮਰੀਜ਼ ਹੋਰ ਵੱਖ-ਵੱਖ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ।