ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਹਾਈ ਕੋਰਟ ਨੇ ਅੱਜ ਉਸ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਜਿਸ ’ਚ ‘ਆਪ’ ਸਰਕਾਰ ਨੂੰ ਕੋਵਿਡ ਦੀ ਦੂਜੀ ਲਹਿਰ ਨੂੰ ਕਾਬੂ ਕਰਨ ਅਤੇ ਉਸ ਦਾ ਅਸਰ ਘੱਟ ਕਰਨ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ।
ਬੈਂਚ ਨੇ ਕਿਹਾ ਕਿ ਸਰਕਾਰ ਇਸ ਮਹਾਮਾਰੀ ਨੂੰ ਕਾਬੂ ਕਰਨ ਤੇ ਇਸ ਦਾ ਅਸਰ ਘਟਾਉਣ ਲਈ ਸਭ ਕੁਝ ਕਰ ਰਹੀ ਹੈ ਅਤੇ ਉਹ ਇਸ ਪਟੀਸ਼ਨ ’ਤੇ ਸੁਣਵਾਈ ਨਹੀਂ ਕਰਨਾ ਚਾਹੁੰਦੇ। ਬੈਂਚ ਨੇ ਕਿਹਾ, ‘ਲੋਕਾਂ ਨੂੰ ਟੀਕੇ ਲੱਗ ਰਹੇ ਹਨ, ਇੱਥੇ ਜੋ ਅਪੀਲਾਂ ਕੀਤੀਆਂ ਗਈਆਂ ਹਨ ਉਹ ਸਾਧਾਰਨ ਹਨ, ਤੁਸੀਂ ਸਰਕਾਰ ਤੋਂ ਹੋਰ ਕੀ ਚਾਹੁੰਦੇ ਹੋ?’ ਫਿਲਹਾਲ ਬੈਂਚ ਨੇ ਅਪੀਲਕਰਤਾ ਵਕੀਲ ਰਾਕੇਸ਼ ਮਲਹੋਤਰਾ ਨੂੰ ਵਿਸ਼ੇਸ਼ ਸੁਝਾਵਾਂ ਨਾਲ ਇੱਕ ਅਰਜ਼ੀ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।