(ਸਮਾਜ ਵੀਕਲੀ)
ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਤੇ ਇਹ ਸ਼ੀਸ਼ਾ ਕਿਸੇ ਚੰਗੇ ਸਾਹਿਤਕਾਰ ਦੇ ਹੱਥ ਵਿੱਚ ਹੋਵੇ ਤਾਂ ਸਮਾਜ ਵਿਚਲੇ ਵਰਤਾਰੇ ਦੀ ਸਹੀ ਤਸਵੀਰ ਦਿਖਾਉਣ ਦੇ ਸਮਰੱਥ ਹੁੰਦਾ ਹੈ । ਇਸ ਤਰਾਂ ਵੀ ਕਿਹਾ ਜਾਂਦਾ ਹੈ ਕਿ ਇਕ ਸਾਹਿਤਕਾਰ ਵੀ ਇਕ ਸਮਾਜਕ ਪ੍ਰਾਣੀ ਹੁੰਦਾ ਹੈ , ਜੋ ਸਮਾਜ ਵਿੱਚ ਵਾਪਰ ਰਹੇ ਵਰਤਾਰੇ ਨੂੰ ਆਪਣੇ ਨਜ਼ਰੀਏ ਤੋਂ ਦੇਖਦਾ ਹੈ ਤੇ ਫਿਰ ਆਪਣੇ ਅਨੁਭਵ ਮੁਤਾਬਿਕ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਦੀ ਸਾਹਿਤਕ ਰੂਪ ਵਿੱਚ ਪੇਸ਼ਕਾਰੀ ਕਰਦਾ ਹੈ । ਕੁੱਜ ਲੋਕ ਸਾਹਿਤ ਨੂੰ ਸਾਹਿਤ ਵਾਸਤੇ ਤੇ ਕੁੱਜ ਲੋਕ ਸਾਹਿਤ ਨੂੰ ਸਮਾਜ ਵਾਸਤੇ ਮੰਨਦੇ ਹਨ । ਸਾਹਿਤ ਨੂੰ ਸਮਾਜ ਵਾਸਤੇ ਮੰਨਣ ਵਾਲ਼ਿਆਂ ਦੀ ਸੋਚ ਉਕਤ ਪ੍ਰਕਾਰ ਦੀ ਹੁੰਦੀ ਹੈ ਜਦ ਕਿ ਸਾਹਿਤਕ ਰਚਨਾ ਨੂੰ ਸਿਰਫ ਸਾਹਿਤ ਵਾਸਤੇ ਮੰਨਕੇ ਚੱਲਣ ਵਾਲੇ ਇਸ ਨੂੰ ਆਪਣੀਆ ਅੰਦਰੂਨੀ ਚੇਸ਼ਟਾਵਾ ਦੀ ਪੂਰਤੀ ਜਾਂ ਪ੍ਰਗਟਾਵੇ ਤੱਕ ਸੀਮਤ ਕਰਕੇ ਚੱਲਦੇ ਹਨ । ਉਹਨਾਂ ਮੁਤਾਬਿਕ ਸਾਹਿਤ ਵੀ ਬਾਕੀ ਕਲਾਵਾਂ ਵਾਂਗ ਇਕ ਕਲਾ ਹੈ ਤੇ ਸਾਹਿਤਕਾਰ ਇਕ ਸਾਹਿਤਕ ਰਚਨਾ ਦੁਆਰਾ ਆਪਣੀ ਸਾਹਿਤਕ ਕਲਾਕਾਰੀ ਦੀ ਪੇਸ਼ਕਾਰੀ ਕਰਦਾ ਹੈ ਤੇ ਉਹ ਇਹ ਕਲਾਕਾਰੀ ਸ਼ਬਦੀ ਖੇਡ ਰਾਹੀਂ ਕਰਦਾ ਹੈ, ਪਰ ਸਾਹਿਤਕ ਰਚਨਾ ਨੂੰ ਸਿਰਫ ਸਾਹਿਤ ਵਾਸਤੇ ਮੰਨਣ ਵਾਲੇ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਸਾਹਿਤਕ ਰਚਨਾ ਦਾ ਵਿਸ਼ਾ ਅਲੋਕਾਰੀ ਨਹੀਂ ਸਗੋਂ ਉਹ ਸਮਾਜਕ ਵਰਤਾਰੇ ਵਿੱਚੋਂ ਹੀ ਲਿਆ ਜਾਂਦਾ ਹੈ ਤੇ ਉਸ ਦੀ ਸਾਰਥਿਕਤਾ ਵੀ ਸਮਾਜਕ ਵਰਤਾਰੇ ਨਾਲ ਜੁੜਨ ਵਿੱਚ ਹੀ ਹੋ ਸਕਦੀ ਹੈ । ਇਕੱਲੀ ਸ਼ਬਦ ਜਾਦੂਗਰੀ ਆਪਣੇ ਆਪ ਵਿੱਚ ਕਲਾ ਦਾ ਪ੍ਰਵਾਹ ਨਹੀਂ ਮੰਨੀ ਸਕਦੀ ਜਿੰਨਾ ਚਿਰ ਉਸ ਦਾ ਕੋਈ ਸਮਾਜਕ ਪ੍ਰਯੋਜਨ ਨਹੀਂ । ਸੋ ਕੋਈ ਵੀ ਸਾਹਿਤਕ ਰਚਨਾ ਨਾ ਹੀ ਸਿਰਫ ਮਾਨਸਿਕ ਚਿੱਤ ਬਿਰਤੀਆਂ ਦਾ ਪ੍ਰਗਟਾਵਾ ਹੁੰਦੀ ਹੈ, ਨਾ ਹੀ ਸ਼ਬਦ ਜੁਗਲਬੰਦੀ ਤੇ ਨਾ ਹੀ ਕਲਾ, ਸਗੋਂ ਇਹ ਉਕਤ ਸਭਨਾ ਦਾ ਸੁਮੇਲ ਹੁੰਦੀ ਹੈ ਜਿਸ ਦੀ ਸਾਰਥਿਕਤਾ ਸਮਾਜਕ ਵਰਤਾਰੇ ਨਾਲ ਜੁੜਕੇ ਹੀ ਸੰਭਵ ਹੁੰਦੀ ਹੈ । ਜੇਕਰ ਇੰਜ ਕਹਿ ਲਈਏ ਤਾਂ ਵਧੇਰੇ ਸਾਰਥਿਕ ਹੋਵੇਗਾ ਕਿ ਸਮਾਜਕ ਘਟਨਾਵਾਂ ਦੀ ਅਨੁਭਵ ਗੁੰਨ੍ਹੀ ਉਹ ਨਿੱਗਰ ਸਾਹਿਤਕ ਪੇਸ਼ਕਾਰੀ ਜੋ ਸਮਾਜ ਨੂੰ ਕੋਈ ਨਿੱਗਰ ਦਿਸ਼ਾ ਪ੍ਰਦਾਨ ਕਰਨ ਵਿੱਚ ਸਮਰੱਥ ਹੋਵੇ ਤੇ ਹੋਵੇ ਬੇਸ਼ੱਕ ਸਾਹਿਤ ਦੀ ਕਿਸੇ ਵੀ ਵਿਧਾਂ ਵਿੱਚ, ਉਹ ਸਾਹਿਤਕ ਹੁੰਦੀ ਹੈ ।
ਅਗਲੀ ਗੱਲ ਇਹ ਹੈ ਕਿ ਸਾਹਿਤ ਦੀ ਇਹ ਖ਼ੂਬੀ ਹੁੰਦੀ ਹੈ ਕਿ ਉਹ ਸਮੇਂ ਨਾਲ ਸਮਤੋਲ ਬਣਾ ਕੇ ਚੱਲਦਾ ਹੈ । ਸਮੇਂ ਦੇ ਸਮਤੋਲ ਤੋਂ ਖੁੰਝਿਆ ਸਾਹਿਤ ਤਾਲੋਂ ਬੇਤਾਲ ਹੁੰਦਾ ਹੈ । ਜੋ ਸਾਹਿਤ ਸਮਕਾਲ ਵਿੱਚ ਆਈਆਂ ਤਬਦੀਲੀਆਂ ਨਾਲ ਸੰਵਾਦ ਰਚਾਉਂਦਾ ਹੋਇਆ ਸਮਕਾਲੀ ਸਮੱਸਿਆਵਾਂ ਨੂੰ ਆਪਣਾ ਵਿਸ਼ਾ ਬਣਾਉਦਾ ਹੈ ਉਹ ਜਲਦੀ ਪਰਵਾਨ ਤੜਦਾ ਹੈ । ਏਹੀ ਕਾਰਨ ਹੈ ਕਿ ਸਾਹਿਤ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਇੱਕੋ ਗੱਲ ਸਾਹਮਣੇ ਆਉਦੀ ਹੈ ਕਿ ਵੱਖ ਵੱਖ ਸਮਿਆਂ ‘ਤੇ ਸਮੇਂ ਦੀ ਲੋੜ ਮੁਤਾਬਿਕ ਵੱਖ ਸਾਹਿਤਕ ਧਾਰਾਵਾ ਚੱਲੀਆ, ਚਾਹੇ ਉਹ ਸੂਫ਼ੀ ਹੋਵੇ, ਗੁਰਮਤਿ, ਕਿੱਸਾ, ਪ੍ਰਗਤੀਵਾਦੀ ਜਾਂ ਰੂਪਵਾਦੀ । ਭਾਵੇਂ ਕਿਸੇ ਵਿੱਚ ਕਲਪਨਾ ਉਡਾਰੀ ਦੀ ਪ੍ਰਧਾਨਤਾ ਰਹੀ ਹੋਵੇ, ਯਥਾਰਥ ਜੀਂ ਫੇਰ ਕਰਾਂਤੀਕਾਰੀ ਰੰਗਣ, ਪਰ ਉਹ ਆਪੋ ਆਪਣੇ ਸਮੇਂ ਦੀ ਧਾਰਾ ਨਾਲ ਜੁੜੀਆ ਹੋਈਆ ਸਾਹਿਤਕ ਕਿਰਤਾਂ ਸਨ ਜੋ ਲੋਕਾਂ ਨੇ ਪਰਵਾਨ ਕੀਤੀਆਂ । ਵੀਹਵੀਂ ਸਦੀ ਦੇ ਅੰਤਲੇ ਦਹਾਕੇ ਚ ਖਾੜੀ ਸੰਕਟ ਵੇਲੇ ਪੈਦਾ ਹੋਏ ਆਰਥਿਕ ਸੰਕਟ ਨੂੰ ਮੁੱਖ ਰਖਕੇ ਵੀ ਬਹੁਤ ਸਾਰਾ ਸਾਹਿਤ ਰਚਿਆ ਗਿਆ । ਇਸੇ ਤਰਾਂ ਹੁਣ ਕੋਰੋਨਾ ਮਹਾਮਾਰੀ ਨਾਲ ਸੰਬੰਧਿਤ ਸਾਹਿਤਕ ਰਚਨਾ ਵੀ ਕੀਤੀ ਜਾ ਰਹੀ ਹੈ, ਜਿਸ ਨੂੰ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ “ਕੋਰੋਨਾ ਕਾਲ ਸਾਹਿਤ” ਦਾ ਨਾਮ ਦੇ ਦਿੱਤਾ ਜਾਵੇ ।
ਹਥਲੀ ਚਰਚਾ, ਕੋਰੋਨਾ ਮਹਾਮਾਰੀ ਸੰਬੰਧੀ ਹੁਣ ਤੱਕ ਰਚੇ ਗਏ ਤੇ ਰਚੇ ਜਾ ਸਾਹਿਤ ਨਾਲ ਸੰਬੰਧਿਤ ਹੈ, ਜਿਸ ਵਿੱਚ ਇਹ ਨਿਸਤਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੋਰੋਨਾ ਮਹਾਂਮਾਰੀ ਨਾਲ ਸੰਬੰਧਿਤ ਸਾਹਿਤਕਾਰਾਂ ਦਾ ਕੀ ਅਨਭਵ ਹੈ ਤੇ ਉਹ ਕਿਹੋ ਜਿਹੇ ਸਾਹਿਤ ਦੀ ਰਚਨਾ ਕਰ ਰਹੇ ਹਨ । ਕੋਰੋਨਾ ਮਹਾਂਮਾਰੀ ਨਾਲ ਸੰਬੰਧਿਤ ਰਚਿਆ ਜਾਣ ਵਾਲਾ ਸਾਹਿਤ ਜਿੱਥੇ ਸਮਕਾਲ ਨਾਲ ਸਮਤੋਲ ਹੋਏਗਾ ਉੱਥੇ ਇਤਿਹਾਸਕ ਪੱਖੋਂ ਵੀ ਆਪਣੇ ਆਪ ਚ ਇਹ ਇਕ ਵੱਡਾ ਮੀਲ ਪੱਥਰ ਹੋਏਗਾ । ਇਸ ਕਾਲ ਦੀ ਸਾਹਿਤਕ ਵੰਨਗੀ ਵਜੋਂ ਬਹੁਤ ਸਾਰੇ ਗੀਤ ਤਾਂ ਸ਼ੋਸ਼ਲ ਮੀਡੀਏ ਉੱਤੇ ਅੱਜਕਲ ਚੱਲ ਹੀ ਰਹੇ ਹਨ । ਇਹ ਵੀ ਹੋ ਸਕਦਾ ਹੈ ਕਿ ਕੁੱਜ ਫ਼ਿਲਮ ਨਿਰਮਾਤਾ ਇਸ ਮਹਾਮਾਰੀ ਦੇ ਵੱਖ ਵੱਖ ਪਹਿਲੂਆਂ ਨੂੰ ਲੈ ਫ਼ਿਲਮਾਂ ਦਾ ਨਿਰਮਾਣ ਵੀ ਕਰਨ । ਨਾਵਲਕਾਰ, ਕਹਾਣੀਕਾਰ ਤੇ ਨਾਟਕਕਾਰ ਵੀ ਆਪੋ ਆਪਣੀਆ ਸਾਹਿਤਕ ਰਚਨਾਵਾਂ ਪੇਸ਼ ਕਰਨ ਜਿਸ ਨਾਲ ਗੁਣਾਤਮਕ ਤੇ ਗਿਣਾਤਮਤ ਪੱਖੋਂ ਪੰਜਾਬੀ ਸਾਹਿਤ ਚ ਚੌਥਾ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ ।
ਚੱਲਦਾ ………
– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
13/07/2020