ਕੋਰੋਨਾ ਕਾਲ ਦਾ ਸਾਹਿਤਕ ਵਰਤਾਰਾ – ਭਾਗ 2

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

(ਸਮਾਜ ਵੀਕਲੀ)

-ਕੱਲ੍ਹ ਤੋਂ ਅੱਗੇ

ਜਿਵੇਂ ਕਿ ਮੈਂ ਪਹਿਲਾ ਹੀ ਕਹਿ ਚੁੱਕਾ ਹਾਂ ਕਿ ਸਾਹਿਤ ਤਾਂ ਸਮਾਜ ਦਾ ਅਕਸ ਹੁੰਦਾ ਹੈ । ਸਾਹਿਤਕਾਰ ਆਪਣੀ ਵਿਸ਼ਾ ਸਮੱਗਰੀ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਵਿੱਚੋਂ ਹੀ ਇਕੱਤਰ ਕਰਦਾ ਹੈ । ਕੋਰੋਨਾ ਵਾਇਰਸ ਨਾਲ ਸਮਾਜਕ ਵਰਤਾਰੇ ਦਾ ਹਰ ਪੱਖ ਸਿੱਧੇ ਤੌਰ ‘ਤੇ ਪਰਭਾਵਤ ਹੋਇਆ ਹੈ ਤੇ ਫਿਰ ਸਾਹਿਤਕ ਪੱਖ ਇਸ ਤੋਂ ਕਿਵੇਂ ਅਛੂਤਾ ਰਹਿ ਸਕਦਾ ਸੀ ! ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਸਮਾਜ ਵਿੱਚ ਕੁੱਜ ਘਟਨਾਵਾਂ ਅਜਿਹੀਆਂ ਵਾਪਰੀਆਂ ਜੋ ਸ਼ਾਇਦ ਆਮ ਸਮਾਜਕ ਵਰਤਾਰੇ ਵਿੱਚ ਕਦੇ ਵੀ ਨਾ ਵਾਪਰਦੀਆਂ । ਸੋ ਉਹਨਾ ਘਟਨਾਵਾਂ ਦੇ ਮੱਦੇਨਜਰ ਅਤੇ ਉਹਨਾਂ ਨਾਲ ਪਰਭਾਵਤ ਹੋਈਆ ਸਮਾਜਕ, ਆਰਥਿਕ, ਸੱਭਿਆਚਾਰਕ ਤੇ ਰਾਜਨੀਤਕ ਪਰਿਸਥਿਤੀਆਂ ਦਾ ਅਸਰ ਸਾਹਿਤ ਸਿਰਜਨ ਪ੍ਰਕਿਰਿਆ ਉੱਤੇ ਪੈਣਾ ਲਾਜ਼ਮੀ ਸੀ ਤੇ ਪਿਆ ਵੀ ਜਿਸਦੇ ਸਿੱਟੇ ਵਜੋ ਕੋਰੋਨਾ ਨਾਲ ਸੰਬੰਧਿਤ ਨਵੀਆ ਸਾਹਿਤਕ ਕਿਰਤਾਂ (ਗੀਤ, ਗ਼ਜ਼ਲਾਂ, ਲੇਖ, ਕਹਾਣੀਆਂ, ਨਾਵਲ ਆਦਿ) ਆਮ ਹੀ ਅਖ਼ਬਾਰਾਂ ਅਤੇ ਸ਼ੋਸ਼ਲ ਮੀਡੀਏ ਵਿੱਚ ਪੜਨ ਸੁਣਨ ਨੂੰ ਮਿਲ ਰਹੇ ਹਨ ਤੇ ਭਵਿੱਖ ਵਿੱਚ ਵੀ ਮਿਲਦੇ ਰਹਿਣਗੇ ।

ਕੋਰੋਨਾ ਦੇ ਡਰ ਕਾਰਨ ਦੂਜੇ ਰਾਜਾ ਤੋਂ ਰੋਜੀ ਰੋਟੀ ਵਾਸਤੇ ਆਏ ਕਾਮਿਆਂ ਦੀ ਪੈਦਲ ਆਪਣੇ ਰਾਜਾ ਨੂੰ ਤੁਰ ਕੇ ਜਾਣਾ, ਰਸਤੇ ਚ ਕਈਆਂ ਦੀ ਮੌਤ ਹੋ ਜਾਣਾ, ਗਰਭਵਤੀ ਔਰਤਾਂ ਦਾ ਸੜਕਾਂ ਦੇ ਕਿਨਾਰਿਆਂ ਉੱਤੇ ਬੱਚਿਆ ਨੂੰ ਜਨਮ ਦੇਣਾ, ਭਾਰਤੀ ਮੀਡੀਏ ਦੀ ਕੋਰੋਨਾ ਸੰਬੰਧੀ ਆਤੰਕ ਫੈਲਾਉ ਕਵਰੇਜ, ਰੇਲਾਂ, ਕਾਰਾ, ਬੱਸਾਂ ਤੇ ਜਹਾਜਾਂ ਦੀ ਆਵਾਜਾਈ ਦਾ ਅਚਾਨਕ ਠਪ ਹੋ ਜਾਣਾ, ਵਿਤਦੇਸ਼ਾਂ ਵਿਚ ਫਸੇ ਲੋਕਾ ਦੀ ਵਤਨ ਪਰਤਣ ਦੀ ਤਾਂਘ, ਲੌਕ ਡਾਊਨ ਚ ਫਸੇ ਲੋਕਾਂ ਦਾ ਦੋ ਵੇਲੇ ਰੋਟੀ ਦੇ ਜੁਗਾੜ ਕਰਨ ਦੇ ਵਸੀਲੇ ਜੁਟਾਉਣ ਦੀ ਦਾਸਤਾਨ, ਸਰਕਾਰੀਤੰਤਰ ਦਾ ਲੋਕਾ ਪ੍ਰਤੀ ਰਵਈਆ, ਪੁਲਿਸਤੰਤਰ ਦੀ ਲੋਕਾ ਪ੍ਰਤੀ ਬੱਰੁਖੀ ਤੇ ਬੇਰਹਿਮੀ, ਕੋਰੋਨਾ ਨਾਲ ਹੋਈਆ ਮੌਤਾ ਦਾ ਮੰਜਰ ਤੇ ਉਹਨਾ ਮੌਤਾਂ ਪ੍ਰਤੀ ਰਿਸ਼ਤੇਦਾਰਾਂ ਦਾ ਵਤੀਰਾ ਆਦਿ ਬਹੁਤ ਕੁਜ ਅਜਿਹਾ ਹੈ ਜੋ ਕਿਸੇ ਨ ਕਿਸੇ ਸਾਹਿਤਕ ਵਿਧਾ ਦਾ ਵਿਸ਼ਾ ਬਣਨ ਦੀ ਤਕੜੀ ਸਮਰੱਥਾ ਰੱਖਦੇ ਹਨ ਤੇ ਬਣ ਵੀ ਰਹੇ ਹਨ ।

ਇਹਨਾਂ ਉਕਤ ਘਟਨਾਵਾ ਨਾਲ ਸੰਬੰਧਿਤ ਵਿਸ਼ਿਆ ਉਤੇ ਕੁਜ ਕੁ ਮਿਆਰੀ ਕਿਸਮ ਦੀ ਸਾਹਿਤਕ ਰਚਨਾ ਵੀ ਹੋਈ ਹੈ ਜਿਹਨਾ ਦਾ ਸੰਕੇਤ ਮਾਤਰ ਜਿਕਰ ਮੈ ਇਸ ਚਰਚਾ ਦੇ ਅਗਲੇ ਪਸਾਰ ਵਿਚ ਜਰੂਰ ਕਰਾਂਗਾ । ਆਪਣੀ ਗੱਲ ਅਗੇ ਤੋਰਨ ਤੋ ਪਹਿਲਾਂ, ਕੋਰੇਨਾ ਮਹਾਂਮਾਰੀ ਕਾਰਨ ਮਚੀ ਹਾਹਾਕਾਰ ਨੂੰ ਦੇਖ ਕੇ ਸਾਹਿਰ ਲੁਧਿਆਣਵੀ ਦਾ ਇਕ ਸ਼ੇਅਰ ਯਾਦ ਰਿਹਾ ਹੈ ਕਿ,

ਕੱਲ੍ਹ ਜਹਾਂ ਵਸੀ ਥੀ ਖੁਸ਼ੀਆਂ, ਆਜ ਹੈ ਮਾਤਮ ਵਹਾਂ,
ਵਕਤ ਲਾਇਆ ਥਾ ਬਹਾਰੇਂ, ਵਕਤ ਲਾਇਆ ਹੈ ਖਿਜਾਂ

ਸੋ ਵਕਤ ਬੜਾ ਬਲਵਾਨ ਹੈ, ਇਹ ਵਕਤ ਦਾ ਹੀ ਤਕਾਜਾ ਹੈ ਕਿ ਅਚਨਚੇਤ ਕੋਰੋਨਾ ਵਾਇਰਸ ਵਰਗੀ ਘਾਤਕ ਬੀਮਾਰੀ ਪੂਰੀ ਦੁਨੀਆ ਵਿਚ ਚਾਰੇ ਪਾਸੇ ਫੈਲ ਕੇ ਖੌਫ ਦਾ ਮਾਹੌਲ ਪੈਦਾ ਕਰ ਰਹੀ ਹੈ । ਇਹ ਵਕਤ ਦਾ ਹੀ ਰੰਗ ਹੈ ਕਿ 10 ਦਸੰਬਰ 2019 ਤੋ ਪੂਰੀ ਦੁਨੀਆ ਵਿਚ ਕੋਰੋਨਾ ਜੁੱਗ ਸ਼ੁਰੂ ਹੋ ਗਿਆ ਹੈ । ਕਰੋੜਾ ਲੋਕ ਇਸ ਬੀਮਾਰੀ ਨਾਲ ਪੀੜਤ ਹਨ ਤੇ ਲੱਖਾ ਮਰ ਚੁਕੇ ਹਨ, ਪਰ ਅਜੇ ਤੱਕ ਕਿਸੇ ਨੂੰ ਕੋਈ ਪਤਾ ਨਹੀ ਕਿ ਮੌਤ ਦਾ ਮੰਜਰ ਕਿਥੇ ਜਾ ਕੇ ਖਤਮ ਹੋਵੇਗਾ ।

ਸਾਹਿਤਕਾਰ ਇਸ ਸਾਰੇ ਵਰਤਾਰੇ ਨੂੰ ਆਪੋ ਆਪਣੇ ਅਨੁਭਵ ਨਾਲ ਪੇਸ਼ ਕਰ ਰਹੇ ਹਨ । ਕਈਆ ਦਾ ਮੰਨਣਾ ਹੈ ਕਿ ਇਹ ਸਭ ਕੁੱਜ ਕੁਦਰਤ ਨਾਲ ਮਨੁੱਖੀ ਛੇੜਛਾੜ ਦੀ ਇੰਤਹਾ ਦਾ ਨਤੀਜਾ ਹੈ, ਜਿਸ ਨੂੰ ਸਮਝਣ ਕੇ ਸੁਧਰਨ ਦੀ ਬਜਾਏ ਅਜੇ ਵੀ ਮਨੁੱਖ ਇਸ ਦਾ ਮਖੌਲ ਹੀ ਉਡਾ ਰਿਹਾ ਹੈ । ਇਸ ਅਨੁਭਵ ਨੂੰ ਪਰਵਾਸੀ ਸਾਹਿਤਕਾਰ ਪਰਕਾਸ਼ ਸੋਹਲ ਨੇ ਆਪਣੀ ਇਕ ਰਚਨਾ ਦੀਆ ਕੁਜ ਪੰਗਤੀਆਂ ਵਿਚ ਹੇਠ ਲਿਖੀ ਪ੍ਰਕਾਰ ਬਾਖੂਬ ਪੇਸ਼ ਕੀਤਾ ਹੈ :

ਕੋਰੋਨਾ ਦੀ ਇਸ ਮਹਾਂਮਾਰੀ ਨੇ, ਦੁਨੀਆ ਵਿਚ ਨੇਰ੍ਹ ਮਚਾ ਦਿੱਤਾ ।
ਕੁਦਰਤ ਨਾਲ ਖਿਲਵਾੜ ਕਰਨ ਦਾ, ਸੋਹਣਾ ਸਬਕ ਸਿਖਾ ਦਿੱਤਾ ।
ਕੁੱਲ ਮਨੁੱਖਤਾ ਸੂਲੀ ਟੰਗਕੇ, ਫਿਰ ਵੀ ਕਈ ਹੱਸ ਰਹੇ ਨੇ ।
ਐਸੇ ਲੋਕ ਪਤਾ ਨਹੀ ਮੈਨੂੰ, ਕਿਸ ਦੁਨੀਆ ਵਿਚ ਵਸ ਰਹੇ ਨੇ।

ਚੱਲਦਾ ………

– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
14/07/2020

Previous articleਕੋਰੋਨਾ ਕਾਲ ਦਾ ਸਾਹਿਤਕ ਵਰਤਾਰਾ – ਭਾਗ 1
Next articleਕੋਰੋਨਾ ਕਾਲ ਦਾ ਸਾਹਿਤਕ ਵਰਤਾਰਾ – ਭਾਗ 3