ਕੋਈ ਵੀ ਕਿਤੇ ਵੀ ਜਾ ਕੇ ਆਪਣੇ ਵਿਚਾਰ ਰੱਖ ਸਕਦਾ ਹੈ: ਜਾਵੜੇਕਰ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੌਰੇ ਤੋਂ ਬਾਅਦ ਜਿੱਥੇ ਇਕ ਪਾਸੇ ਕੁਝ ਭਾਜਪਾ ਆਗੂਆਂ ਸਣੇ ਹੋਰਨਾਂ ਵੱਲੋਂ ਉਸ ਦੀ ਆਗਾਮੀ ਫਿਲਮ ‘ਛਪਾਕ’ ਦਾ ਬਾਈਕਾਟ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਅੱਜ ਕੇਂਦਰ ਸਰਕਾਰ ਨੇ ਕਿਹਾ ਕਿ ਸਿਰਫ਼ ਕਲਾਕਾਰ ਹੀ ਨਹੀਂ, ਬਲਕਿ ਭਾਰਤ ਵਰਗੇ ਲੋਕਤੰਤਰ ਵਿੱਚ ਇਕ ਆਮ ਆਦਮੀ ਵੀ ਕਿਤੇ ਵੀ ਜਾ ਕੇ ਆਪਣੇ ਵਿਚਾਰ ਰੱਖ ਸਕਦਾ ਹੈ, ਇਸ ਵਿੱਚ ਕੋਈ ਇਤਰਾਜ਼ ਨਹੀਂ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੈਬਨਿਟ ਸਬੰਧੀ ਸੱਦੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਦੇ ਦੀਪਿਕਾ ਪਾਦੂਕੋਨ ਦੇ ਜੇਐੱਨਯੂ ਦੌਰੇ ਸਬੰਧੀ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਅਜਿਹੇ ਵਿਚਾਰਾਂ ਦੇ ਪ੍ਰਗਟਾਵੇ ’ਤੇ ਕਿਸੇ ਨੂੰ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਉਹ ਇਹ ਗੱਲ ਇਕ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸਥਾਈ ਬੁਲਾਰੇ ਵਜੋਂ ਆਖ ਰਹੇ ਹਨ। ਜੇਐੱਨਯੂ ਹਿੰਸਾ ਬਾਰੇ ਕੇਂਦਰੀ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਪੁਲੀਸ ਜਾਂਚ ਵਿੱਚ ਮੁਲਜ਼ਮ ਬੇਨਕਾਬ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੈਸਟਰ ’ਚ ਦਾਖ਼ਲੇ ਲਈ ਰਜਿਸਟਰੇਸ਼ਨ ਕਰਵਾਉਣ ਤੋਂ ਰੋਕਣਾ ਸਿੱਖਿਆ ਵਿਰੋਧੀ ਹੈ।

Previous articleਆਇਸ਼ੀ ਨੇ ਹਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ
Next articleਸਾਇਨਾ ਤੇ ਸਿੰਧੂ ਮਲੇਸ਼ੀਆ ਮਾਸ਼ਟਰਜ਼ ਦੇ ਦੂਜੇ ਗੇੜ ’ਚ