ਆਇਸ਼ੀ ਨੇ ਹਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ

ਉਪ ਕੁਲਪਤੀ ਦੇ ਅਸਤੀਫ਼ੇ ਲਈ ‘ਸਿਟੀਜ਼ਨਜ਼ ਮਾਰਚ’ ਅੱਜ
ਜਵਾਹਰਲਾਲ ਨਹਿਰੂੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਅੱਜ ਪੁਲੀਸ ਕੋਲ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਆਪਣੀ ਸ਼ਿਕਾਇਤ ’ਚ ਪੁਲੀਸ ਨੂੰ ਇਸੇ ਅਧਾਰ ’ਤੇ ਐੱਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਆਇਸ਼ੀ ਨੇ ਕਿਹਾ ਕਿ ਉਹ ਏਬੀਵੀਪੀ ਕਾਰਕੁਨ ਇਕ ਹਮਲਾਵਰ ਨੂੰ ਪਛਾਣ ਸਕਦੀ ਹੈ। ਇਸ ਦੌਰਾਨ ਵਿਦਿਆਰਥੀ ਯੂਨੀਅਨ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਐੱਮ.ਜਗਦੀਸ਼ ਕੁਮਾਰ ਨੂੰ ਹਟਾਉਣ ਤੇ ਹੋਸਟਲ ਫੀਸਾਂ ’ਚ ਵਾਧੇ ਨੂੰ ਵਾਪਸ ਲੈਣ ਲਈ ਵੀਰਵਾਰ ਨੂੰ ਰੋਸ ਮਾਰਚ ਦਾ ਸੱਦਾ ਦਿੱਤਾ ਹੈ। ਜੇਐੱਨਯੂ ਅਧਿਆਪਕ ਐਸੋਸੀਏਸ਼ਨ, ਵਿਦਿਆਰਥੀ ਯੂਨੀਅਨ ਅਤੇ 5 ਜਨਵਰੀ ਨੂੰ ਕੈਂਪਸ ’ਚ ਹੋਈ ਬੁਰਛਾਗਰਦੀ ਦੌਰਾਨ ਜ਼ਖ਼ਮੀ ਹੋਏ ਵਿਦਿਆਰਥੀ ਯੂਨੀਵਰਸਿਟੀ ਤੋਂ ਸ਼ਾਸਤਰੀ ਭਵਨ, ਜਿੱਥੇ ਐੱਚਆਰਡੀ ਮੰਤਰਾਲਾ ਹੈ, ਤਕ ‘ਸਿਟੀਜ਼ਨਜ਼ ਮਾਰਚ’ ਕੱਢਣਗੇ। ਇਸ ਦੌਰਾਨ ਪੁਲੀਸ ਨੇ ਜੇਐੱਨਯੂ ਹਿੰਸਾ ਸਬੰਧੀ ਪੁਖਤਾ ਸਬੂਤ ਮਿਲਣ ਦਾ ਦਾਅਵਾ ਕੀਤਾ ਹੈ, ਪਰ ਘਟਨਾ ਤੋਂ ਤਿੰਨ ਬਾਅਦ ਵੀ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਇਸ ਦੌਰਾਨ ਸਰਕਾਰ ਖ਼ਿਲਾਫ਼ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵਿਦਿਆਰਥੀਆਂ ਵੱਲੋਂ ਮੁਜ਼ਾਹਰੇ ਕੀਤੇ ਗਏ। ਅੱਜ ਕਾਂਗਰਸ ਦੀ ਤੱਥ ਖੋਜ ਕਮੇਟੀ ਨੇ ’ਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਡੀਐੱਮਕੇ ਆਗੂ ਕਨੀਮੋਜ਼ੀ ਨੇ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਨਾਲ ਮੁਲਾਕਾਤ ਕੀਤੀ। ਮਿਲੀ ਜਾਣਕਾਰੀ ਅਨੁਸਾਰ ਅੱਜ ਸੇਂਟ ਸਟੀਫ਼ਨਜ਼ ਕਾਲਜ ਦੇ ਵਿਦਿਆਰਥੀ ਸਵੇਰੇ ਕਲਾਸਾਂ ਦਾ ਬਾਈਕਾਟ ਕਰ ਕੇ ਲਾਅਨ ’ਚ ਇਕੱਠੇ ਹੋਏ ਤੇ ਜੇਐੱਨਯੂ ਵਿਦਿਆਰਥੀਆਂ ’ਤੇ ਹਮਲੇ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਕਾਂਗਰਸ ਪਾਰਟੀ ਦੀ ਇਕ ਚਾਰ ਮੈਂਬਰੀ ਤੱਥ ਖੋਜ ਕਮੇਟੀ ਵੱਲੋਂ ਜੇਐੱਨਯੂ ਦਾ ਦੌਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ, ਜਿਸ ਦੀ ਵੀਡੀਓ ਵੀ ਬਣਾਈ ਗਈ। ਇਸ ਟੀਮ ’ਚ ਕੁੱਲ ਹਿੰਦ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼ੁਸਮਿਤਾ ਦੇਵ, ਸੰਸਦ ਮੈਂਬਰ ਹਿਬੀ ਐਡਨ, ਐੱਨਐੱਸਯੂਆਈ ਦੀ ਜੇਐੱਨਯੂ ਇਕਾਈ ਦੇ ਸਾਬਕਾ ਪ੍ਰਧਾਨ ਸਈਦ ਨਾਸਰ ਹੁਸੈਨ ਅਤੇ ਐੱਨਐੱਸਯੂਆਈ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਅੰਮ੍ਰਿਤਾ ਧਵਨ ਸ਼ਾਮਲ ਸਨ। ਇਸੇ ਦੌਰਾਨ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕੀਤਾ ਕਿ ਦਿੱਲੀ ਪੁਲੀਸ ਮੋਦੀ ਸਰਕਾਰ ਦਾ ਹੱਥਠੋਕਾ ਬਣ ਚੁੱਕੀ ਹੈ। ਉਨ੍ਹਾਂ ਜੇਐੱਨਯੂ ਹਿੰਸਾ ਮਾਮਲੇ ’ਚ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕੀਤੀ ਗਈ ਜਾਂਚ ਭਰੋਸੇਯੋਗ ਨਹੀਂ ਹੈ।

ਇਸੇ ਦੌਰਾਨ ਜੰਮੂ ਵਿੱਚ ਕੁੱਲ ਹਿੰਦ ਵਿਦਿਆਰਥੀ ਫੈਡਰੇਸ਼ਨ (ਏਆਈਐੱਸਐੱਫ) ਦੇ ਬੈਨਰ ਹੇਠ ਵਿਦਿਆਰਥੀਆਂ ਵੱਲੋਂ ਜੇਐੱਨਯੂ ਵਿਦਿਆਰਥੀਆਂ ’ਤੇ ਹੋਏ ਹਮਲੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਦੂਜੇ ਪਾਸੇ ਸਾਂਝਾ ਦਾਖ਼ਲਾ ਟੈਸਟ (ਕੈਟ) ਦੇ ਪਹਿਲੇ ਦਸ ਮੋਹਰੀਆਂ ’ਚ ਸ਼ਾਮਲ ਜਾਦਵਪੁਰ ਯੂਨੀਵਰਸਿਟੀ ਦੇ ਵਿਦਿਆਰਥੀ ਦੇਬੋਰਸ਼ੀ ਚੰਦਾ ਨੇ ਕਿਹਾ ਕਿ ਉਹ ਜੇਐੱਨਯੂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ’ਤੇ ਹੋਏ ਹਮਲੇ ਵਿਰੁੱਧ ਪ੍ਰਦਰਸ਼ਨਾਂ ’ਚ ਸ਼ਾਮਲ ਹੋਣ ’ਚ ਸ਼ਰਮ ਮਹਿਸੂਸ ਨਹੀਂ ਕਰੇਗਾ। ਉਹ ਜਾਦਵਪੁਰ ਯੂਨੀਵਰਸਿਟੀ ’ਚ ਇਲੈਕਟ੍ਰੀਕਲ ਇੰਜਨੀਅਰਿੰਗ ਦਾ ਵਿਦਿਆਰਥੀ ਹੈ ਅਤੇ 2019-20 ਸੈਸ਼ਨ ’ਚ ਇਸ ਦੇ ਸਕੂਲ ਆਫ਼ ਐਨਰਜੀ ਸਟੱਡੀਜ਼ ’ਚ ਉਸ ਨੇ ਦਾਖ਼ਲਾ ਲਿਆ ਸੀ। ਉਸ ਨੇ ਕੈਟ ’ਚ 100 ਪਰਸੈਂਟਾਈਲ ਹਾਸਲ ਕੀਤੇ ਸਨ। ਉਧਰ ਦਿੱਲੀ ਯੂਨੀਵਰਸਿਟੀ ਦੀ ਆਰਟਸ ਫੈਕਲਟੀ ਨੇ ਵੀ ਬੁੱਧਵਾਰ ਨੂੰ ਐੱਨਆਰਸੀ ਦੇ ਵਿਰੋਧ ’ਚ ਪ੍ਰਦਰਸ਼ਨ ਕੀਤੇ। ਉਨ੍ਹਾਂ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਅਤੇ ਕੌਮੀ ਤਰਾਨੇ ਨੂੰ ਗਾਇਆ।

Previous articleਲੁਧਿਆਣਾ ਵਿੱਚ ਭਾਰਤ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ
Next articleਕੋਈ ਵੀ ਕਿਤੇ ਵੀ ਜਾ ਕੇ ਆਪਣੇ ਵਿਚਾਰ ਰੱਖ ਸਕਦਾ ਹੈ: ਜਾਵੜੇਕਰ