- ਕੈਪਟਨ ਅਤੇ ਸਰਕਾਰ ਦੇ ਕੰਮਕਾਜ ਬਾਰੇ ਜਾਣਕਾਰੀ ਕੀਤੀ ਹਾਸਲ
- ਵਿਧਾਇਕਾਂ ਤੇ ਮੰਤਰੀਆਂ ਨੇ ਪੰਜਾਬ ਸਰਕਾਰ ਦੀ ਵਾਗਡੋਰ ਅਫਸਰਸ਼ਾਹੀ ਦੇ ਹੱਥ ਹੋਣ ਦੇ ਲਾਏ ਦੋਸ਼
ਚੰਡੀਗੜ੍ਹ, ਸਮਾਜ ਵੀਕਲੀ: ਪੰਜਾਬ ਕਾਂਗਰਸ ’ਚ ਛਿੜੀ ਖਾਨਾਜੰਗੀ ਦੇ ਨਿਬੇੜੇ ਲਈ ਕਾਂਗਰਸ ਹਾਈ ਕਮਾਂਡ ਵੱਲੋਂ ਤਿੰਨ ਸੀਨੀਅਰ ਆਗੂਆਂ ’ਤੇ ਆਧਾਰਿਤ ਕਮੇਟੀ ਦੀਆਂ ਗਤੀਵਿਧੀਆਂ ਦੇ ਨਾਲ ਹੀ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਮੈਦਾਨ ’ਚ ਆਉਣ ਨੇ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਸ੍ਰੀ ਗਾਂਧੀ ਵੱਲੋਂ ਪੰਜਾਬ ਨਾਲ ਸਬੰਧਤ ਪਾਰਟੀ ਦੇ ਸੀਨੀਅਰ ਆਗੂਆਂ, ਮੰਤਰੀਆਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਵੀ ਹਰਕਤ ਵਿੱਚ ਆ ਗਿਆ ਹੈ।
ਉਧਰ ਪਾਰਟੀ ਵੱਲੋਂ ਗਠਿਤ ਕਮੇਟੀ ਦੇ ਤਿੰਨ ਆਗੂਆਂ ਮਲਿਕਾਰਜੁਨ ਖੜਗੇ, ਜੇ ਪੀ ਅਗਰਵਾਲ ਅਤੇ ਹਰੀਸ਼ ਰਾਵਤ ਨੇ ਅੱਜ ਨਵੀਂ ਦਿੱਲੀ ਵਿੱਚ ਤਕਰੀਬਨ 10 ਮੰਤਰੀਆਂ ਸਮੇਤ 25 ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ। ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ। ਭਲਕੇ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਸਮੇਤ 25 ਵਿਧਾਇਕਾਂ ਤੇ ਮੰਤਰੀਆਂ ਨੇ ਦਿੱਲੀ ਜਾਣਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਖੜਗੇ ਕਮੇਟੀ ਨਾਲ ਮੁਲਾਕਾਤ ਕਰਨਗੇ।
ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਆਗੂਆਂ ਦੇ ਵਿਚਾਰ ਜਾਣੇ ਗਏ। ਇਸ ਦੇ ਨਾਲ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਰਣਨੀਤੀ ’ਤੇ ਵੀ ਚਰਚਾ ਕੀਤੀ ਗਈ। ਸੂਤਰਾਂ ਨੇ ਕਿਹਾ ਕਿ ਬਾਗ਼ੀ ਧੜੇ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਸਰਕਾਰ ਦੀ ਸਮੁੱਚੀ ਵਾਗਡੋਰ ਅਫਸਰਸ਼ਾਹੀ ਦੇ ਹੱਥ ਹੋਣ ਅਤੇ ਵਰਕਰਾਂ ਦੇ ਨਿਰਾਸ਼ ਹੋਣ ਦੀ ਗੱਲ ਵੀ ਆਖੀ। ਬਾਗ਼ੀ ਧੜੇ ’ਚ ਸ਼ਾਮਲ ਇੱਕ ਮੰਤਰੀ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਦੇ ਖਾਸਮਖਾਸ ਮੰਨੇ ਜਾਂਦੇ ਮੰਤਰੀਆਂ ਤੇ ਵਿਧਾਇਕਾਂ ਨੇ ਅਫਸਰਸ਼ਾਹੀ ਦੇ ਮੁੱਦੇ ’ਤੇ ਬਾਗ਼ੀਆਂ ਦੀ ਸੁਰ ਨਾਲ ਸੁਰ ਮਿਲਾਈ ਹੈ।
ਸੂਤਰਾਂ ਮੁਤਾਬਕ ਰਾਹੁਲ ਗਾਂਧੀ ਵੱਲੋਂ ਹੁਣ ਤੱਕ ਦੋ ਦਰਜਨ ਤੋਂ ਵੱਧ ਵਿਧਾਇਕਾਂ ਅਤੇ ਮੰਤਰੀਆਂ ਨਾਲ ਫੋਨ ’ਤੇ ਰਾਬਤਾ ਕਾਇਮ ਕੀਤਾ ਜਾ ਚੁੱਕਾ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਵੱਲੋਂ ਵੀ ਮੁੱਖ ਮੰਤਰੀ ਅਤੇ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਹੀ ਸਵਾਲ ਪੁੱਛੇ ਜਾਂਦੇ ਹਨ। ਉਨ੍ਹਾਂ ਵੱਲੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਪਾਰਟੀ ਦੀ ਭਵਿੱਖ ਦੀ ਲੀਡਰਸ਼ਿਪ ਸਬੰਧੀ ਵੀ ਚਰਚਾ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਦੇ ਮੈਦਾਨ ’ਚ ਆਉਣ ਤੋਂ ਬਾਅਦ ਕੈਪਟਨ ਦੇ ਧੜੇ ’ਚ ਬੇਚੈਨੀ ਪਾਈ ਜਾ ਰਹੀ ਹੈ। ਕੈਪਟਨ ਹਮਾਇਤੀਆਂ ਦਾ ਕਹਿਣਾ ਹੈ ਕਿ ਜਦੋਂ ਬਾਗ਼ੀਆਂ ਅਤੇ ਮੁੱਖ ਮੰਤਰੀ ਦਰਮਿਆਨ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਤਾਂ ਸ੍ਰੀ ਗਾਂਧੀ ਵੱਲੋਂ ਵਿਧਾਇਕਾਂ ਅਤੇ ਮੰਤਰੀਆਂ ਨਾਲ ਰਾਬਤਾ ਕਾਇਮ ਕਰਨਾ ਨਵੀਂ ਬਿਪਤਾ ਹੈ।
ਜਾਣਕਾਰੀ ਮੁਤਾਬਕ ਆਗੂਆਂ ਨੂੰ ਪਹਿਲਾਂ ਦੱਸਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਕਿੰਨੇ ਵਜੇ ਫੋਨ ਕਰਨਾ ਹੈ। ਫੋਨ ’ਤੇ ਵਾਰਤਾ 15 ਤੋਂ 20 ਮਿੰਟ ਤੱਕ ਕੀਤੀ ਜਾਂਦੀ ਹੈ। ਉਂਜ ਕੈਪਟਨ ਧੜਾ ਇਸ ਗੱਲ ’ਤੇ ਵੀ ਕਾਇਮ ਹੈ ਕਿ ਬਗ਼ਾਵਤ ਨੂੰ ਠੱਲ੍ਹ ਪਾ ਲਈ ਜਾਵੇਗੀ। ਜ਼ਿਕਰਯੋਗ ਹੈ ਕਿ ਸ੍ਰੀ ਗਾਂਧੀ ਅਤੇ ਕੈਪਟਨ ਦਰਮਿਆਨ ਸਬੰਧ ਕੋਈ ਜ਼ਿਆਦਾ ਸੁਖਾਵੇਂ ਨਹੀਂ ਮੰਨੇ ਜਾਂਦੇ। ਇਸ ਲਈ ਸਾਬਕਾ ਪ੍ਰਧਾਨ ਦੀਆਂ ਗਤੀਵਿਧੀਆਂ ਮੁੱਖ ਮੰਤਰੀ ਲਈ ਚੁਣੌਤੀ ਬਣ ਸਕਦੀਆਂ ਹਨ। ਰਾਹੁਲ ਗਾਂਧੀ ਦੇ ਸਰਗਰਮ ਹੋਣ ਨਾਲ ਬਾਗ਼ੀਆਂ ਦੇ ਹੌਸਲੇ ਵਧ ਗਏ ਹਨ ਜਦੋਂ ਕਿ ਸਿਆਸੀ ਮਾਹਿਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਵਰਗੇ ਸਿਆਸਤਦਾਨ ਨੂੰ ਕੁਰਸੀ ਤੋਂ ਲਾਹ ਕੇ ਉਸ ਦਾ ਬਦਲ ਲੱਭਣਾ ਕਾਂਗਰਸ ਅਤੇ ਗਾਂਧੀ ਪਰਿਵਾਰ ਲਈ ਵੱਡੀ ਚੁਣੌਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly