ਐੱਸਏਐੱਸ ਨਗਰ (ਮੁਹਾਲੀ) (ਸਮਾਜ ਵੀਕਲੀ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਤੋਂ ਕਰੋਨਾ ਟੀਕਾਕਰਨ ਮੁਹਿੰਮ ਦਾ ਰਸਮੀ ਆਗਾਜ਼ ਕੀਤਾ। ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਪਹਿਲੀਆਂ ਪੰਜ ਖੁਰਾਕਾਂ ਕਰੋਨਾ ਯੋਧਿਆਂ ਡਾ. ਸੰਦੀਪ ਸਿੰਘ, ਡਾ. ਚਰਨ ਕਮਲ, ਡਾ. ਡਿੰਪਲ ਧਾਲੀਵਾਲ ਸ੍ਰੀਵਾਸਤਵਾ, ਕੰਪਿਊਟਰ ਅਪਰੇਟਰ ਆਸ਼ਾ ਯਾਦਵ ਅਤੇ ਦਰਜਾ ਚਾਰ ਕਰਮਚਾਰੀ ਸੁਰਜੀਤ ਸਿੰਘ ਨੂੰ ਲਾਈਆਂ ਗਈਆਂ। ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਸੂਬੇ ਵਿੱਚ 59 ਥਾਵਾਂ ’ਤੇ ਟੀਕਾਕਰਨ ਮੁਹਿੰਮ ਦਾ ਆਰੰਭ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਖ਼ੁਦ ਸਭ ਤੋਂ ਪਹਿਲਾਂ ਟੀਕਾ ਲਗਾਉਣਾ ਚਾਹੁੰਦੇ ਸਨ ਪ੍ਰੰਤੂ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਇਹ ਦਵਾਈ ਪਹਿਲਾਂ ਸਿਹਤ ਕਾਮਿਆਂ ਅਤੇ ਕਰੋਨਾ ਯੋਧਿਆਂ ਨੂੰ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਪੌਣੇ ਦੋ ਲੱਖ ਸਿਹਤ ਕਾਮਿਆਂ ਨੂੰ ਟੀਕੇ ਲਗਾਏ ਜਾਣਗੇ ਅਤੇ ਰੋਜ਼ਾਨਾ 40 ਹਜ਼ਾਰ ਸਿਹਤ ਕਾਮਿਆਂ ਨੂੰ ਟੀਕਾਕਰਨ ਮੁਹਿੰਮ ਹੇਠ ਕਵਰ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਵੈਕਸੀਨ ਨੂੰ ਲੈ ਕੇ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਨੂੰ ਮੁੱਢੋਂ ਰੱਦ ਕਰਦਿਆਂ ਸੂਬੇ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਟੀਕਾਕਰਨ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਅਤੇ 366 ਥਾਵਾਂ ਕਾਰਜਸ਼ੀਲ ਹਨ। ਮੁੱਢਲੇ ਪੜਾਅ ਵਿੱਚ 408 ਟੀਕਾਕਰਨ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ 59 ਟੀਮਾਂ ਤੁਰੰਤ ਕਾਰਜ ਸ਼ੁਰੂ ਕਰਨਗੀਆਂ। ਉਨ੍ਹਾਂ ਦੱਸਿਆ ਕਿ ਢੁਕਵੇਂ ਤਾਪਮਾਨ ’ਤੇ ਵਾਇਲਜ਼ (ਸ਼ੀਸ਼ੀਆਂ) ਸਟੋਰ ਕਰਨ ਲਈ ਸੂਬੇ ਵਿੱਚ 729 ਕੋਲਡ ਚੇਨ ਪੁਆਇੰਟ ਸਥਾਪਤ ਕੀਤੇ ਗਏ ਹਨ।