ਵੈਨਕੂਵਰ (ਸਮਾਜ ਵੀਕਲੀ) : ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਨੇ ਲੈਂਗਲੀ ਦੇ ਰਹਿਣ ਵਾਲੇ ਤੇ ਸਰੀ ਦੇ ਪਾਇਲ ਸੈਂਟਰ ਵਿਚ ‘ਕੈਨ ਏਸ਼ੀਆ ਇਮੀਗਰੇਸ਼ਨ’ ਨਾਂ ਦੀ ਕੰਪਨੀ ਹੇਠ ਕਾਰੋਬਾਰ ਕਰ ਰਹੇ ਰੁਪਿੰਦਰ ਉਰਫ਼ ਰੌਨ ਬਾਠ ਅਤੇ ਨਵਦੀਪ ਬਾਠ ਵਿਰੁੱਧ 69 ਦੋਸ਼ਾਂ ਅਧੀਨ ਕੇਸ ਦਰਜ ਕੀਤਾ ਹੈ। ਦੋਵਾਂ ਨੂੰ 13 ਅਕਤੂਬਰ ਨੂੰ ਸਰੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ’ਤੇ ਬਹੁਤੇ ਦੋਸ਼ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਗੁਮਰਾਹ ਕਰਨ ਤੇ ਇਮੀਗਰੇਸ਼ਨ ਵਿਭਾਗ ਕੋਲ ਨਕਲੀ ਸਬੂਤ ਪੇਸ਼ ਕਰਨ ਦੇ ਹਨ।
ਸਰਹੱਦੀ ਸੁਰੱਖਿਆ ਦੀਆਂ ਸੇਵਾਵਾਂ ਨਿਭਾਅ ਰਹੀ ਏਜੰਸੀ ਦਾ ਕਹਿਣਾ ਹੈ ਕਿ ਪਤੀ-ਪਤਨੀ ਲੰਮੇ ਸਮੇਂ ਤੋਂ ਪਰਵਾਸ ਸਲਾਹਕਾਰ ਵਜੋਂ ਕਾਰੋਬਾਰ ਕਰ ਰਹੇ ਹਨ। ਏਜੰਸੀ ਮੁਤਾਬਕ ਤਿੰਨ ਸਾਲ ਪਹਿਲਾਂ ਉਨ੍ਹਾਂ ਪਤਾ ਲੱਗਾ ਕਿ ਉਹ ਲੋਕਾਂ ਨੂੰ ਗੁਮਰਾਹ ਕਰਨ ਦੇ ਨਾਲ-ਨਾਲ ਵਿਭਾਗ ਕੋਲ ਵੀ ਲੋਕਾਂ ਦੇ ਗਲਤ ਸਬੂਤ ਬਣਾ ਕੇ ਪੇਸ਼ ਕਰਦੇ ਹਨ। ਪੰਜ ਅਕਤੂਬਰ 2017 ਨੂੰ ਏਜੰਸੀ ਨੇ ਉਨ੍ਹਾਂ ਦੇ ਦਫ਼ਤਰ ਦੀ ਛਾਣਬੀਣ ਕੀਤੀ ਅਤੇ ਉਨ੍ਹਾਂ ਦੇ ਕੰਮਕਾਰ ਉਤੇ ਨਜ਼ਰ ਰੱਖੀ।
ਇਸੇ ਦੌਰਾਨ ਉਨ੍ਹਾਂ ਦੇ ਕੰਮ ਵਿਚ ਗੰਭੀਰ ਊਣਤਾਈਆਂ ਹੋਣ ਅਤੇ ਨਕਲੀ ਦਸਤਾਵੇਜ਼ ਬਣਾਏ ਜਾਣ ਦਾ ਪਤਾ ਲੱਗਾ। ਏਜੰਸੀ ਦੀ ਨਜ਼ਰ ਵਿਚ ਆਉਣ ਕਾਰਨ ਜੋੜੇ ਨੇ ਕੰਪਨੀ ਬੰਦ ਕਰ ਦਿੱਤੀ, ਪਰ ਏਜੰਸੀ ਵੱਲੋਂ ਉਦੋਂ ਤੋਂ ਹੀ ਵੱਖ-ਵੱਖ ਵਿਭਾਗਾਂ ਤੋਂ ਸਬੂਤ ਇਕੱਠੇ ਕੀਤੇ ਜਾਂਦੇ ਰਹੇ। ਸਾਰੇ ਸਬੂਤ ਇਕੱਠੇ ਕਰਕੇ ਦੋਵਾਂ ਵਿਰੁੱਧ ਦੋਸ਼ ਪੱਤਰ ਤਿਆਰ ਕੀਤਾ ਹੈ। ਵਿਭਾਗ ਕੁਝ ਹੋਰ ਲੋਕਾਂ ਵਿਰੁੱਧ ਵੀ ਜਾਂਚ ਕਰ ਰਿਹਾ ਹੈ, ਬਹੁਤੇ ਮਾਮਲੇ ਐਲਐਮਆਈਏ ਦੀ ਵਿਕਰੀ ਅਤੇ ਦੁਰਵਰਤੋਂ ਦੇ ਹਨ।