ਕੈਨੇਡਾ ਅਲਬਰਟਾ ਸਟੇਟ ਦੇ ਐਡਮਿੰਟਨ ਸ਼ਹਿਰ ’ਚ ਪੰਜਾਬੀ ਜਸਵੀਰ ਦਿਓਲ ਬਣਿਆ ਐਮ ਐਲ ਏ

 ਜਸਵੀਰ ਦਿਓਲ ਕੈਨੇਡਾ ਦੇ ਅਲਬਰਟਾ ਸਟੇਟ ਦੇ ਸ਼ਹਿਰ ਐਡਮਿੰਟਨ ਦੇ ਬਣੇ ਐਮ. ਐਲ. ਏ.
ਸ਼ਾਮਚੁਰਾਸੀ, (ਚੁੰਬਰ) – ਆਦਮਪੁਰ ਨੇੜਲੇ ਪਿੰਡ ਹਰੀਪੁਰ ਦੇ ਜਸਵੀਰ ਸਿੰਘ ਦਿਓਲ ਨੂੰ ਕੈਨੇਡਾ ਦੇ ਅਲਬਰਟਾ ਸਟੇਟ ਦੇ ਸ਼ਹਿਰ ਐਡਮਿੰਟਨ ਦੇ ਮੈਡੋਜ਼ ਹਲਕੇ ਤੋਂ ਐਨ ਡੀ ਪੀ ਪਾਰਟੀ ਦਾ ਵਿਧਾਇਕ ਬਨਣ ਦਾ ਮਾਣ ਪ੍ਰਾਪਤ ਹੋਇਆ ਹੈ। ਜਿਸ ਉਪਰੰਤ ਉਸ ਦੇ ਜੱਦੀ ਪਿੰਡ ਹਰੀਪੁਰ ਦੇ ਲੋਕਾਂ ’ਚ ਖ਼ੁਸ਼ੀ ਦੀ ਲਹਿਰ ਫੈਲ ਗਈ ਅਤੇ ਉਨ੍ਹਾਂ ਨੇ ਪਿੰਡ ਦੇ ਜੰਮਪਲ ਜਸਵੀਰ ਸਿੰਘ ਦਿਓਲ ਦੀ ਇਸ ਪ੍ਰਾਪਤੀ ਤੇ ਜਸ਼ਨ ਮਨਾਇਆ।

ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਦਿਓਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਮਾਸਟਰ ਅਮਰੀਕ ਸਿੰਘ ਦਾ ਪੁੱਤਰ ਜਸਵੀਰ ਸਿੰਘ ਕੈਨੇਡਾ ਦੀ ਅਲਬਰਟਾ ਸਟੇਟ ’ਚ ਜੋ ਹੋਈਆਂ ਹਾਲ ਹੀ ਦੀਆਂ ਚੋਣਾਂ ਦੌਰਾਨ ਐਨ ਟੀ ਪੀ ਪਾਰਟੀ ਦੇ ਐਮ. ਐਲ. ਏ. ਚੁਣੇ ਗਏ ਹਨ। ਜਸਵੀਰ ਸਿੰਘ ਨੂੰ ਇਨ੍ਹਾਂ ਚੋਣਾਂ ’ਚ 10332 ਵੋਟਾਂ ਪਈਆਂ। ਜਦ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨੂੰ 7276 ਵੋਟਾਂ ਹੀ ਪਈਆਂ। ਇਸ ਤਰ੍ਹਾਂ ਜਸਵੀਰ ਦਿਓਲ 3056 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ। ਜਸਵਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਜਸਵੀਰ ਦਿਓਲ ਕੈਨੇਡਾ ਵਿਚ ਵਿਦਿਆਰਥੀਆਂ ਅਤੇ ਨੌਜਵਾਨ ਜਥੇਬੰਦੀਆਂ ਵਿਚ ਸਰਗਰਮ ਰਹਿਣ ਵਾਲੇ ਪੰਜਾਬੀ ਹਨ, ਜਿੰਨ੍ਹਾਂ ਨੇ ਲੋਕ ਦਿਲਾਂ ਦੀ ਤਰਜਮਾਨੀ ਕਰਦਿਆਂ ਇਹ ਰੁਤਬਾ ਹਾਸਲ ਕੀਤਾ।

ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਵੀ ਉਨ੍ਹਾਂ ਇਸ ਤੋਂ ਪਹਿਲਾਂ ਇਕ ਸਾਹਤਿਕ ਅਖ਼ਬਾਰ ਅਤੇ ਆਪਣੇ ਰੇਡੀਓ ਬੁਲੇਟਿੰਨ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਬੇਹੱਦ ਮਾਣ ਵਧਾਇਆ ਅਤੇ ਸਮੇਂ ਸਮੇਂ ਪੰਜਾਬੀ ਸਾਹਿਤਕਾਰਾਂ ਬੁੱਧੀਜੀਵੀਆਂ, ਵਿਦਵਾਨਾਂ ਕਲਮਨਵੀਸਾਂ ਦੇ ਇੱਥੋਂ ਦੇ ਪੰਜਾਬੀਆਂ ਨੂੰ ਪ੍ਰੋਗਰਾਮ ਕਰਵਾ ਕੇ ਰੂ-ਬ-ਰੂ ਕਰਵਾਉਂਦੇ ਰਹਿੰਦੇ ਹਨ। ਉਨ੍ਹਾਂ ਦੀਆਂ ਸਮਾਜਿਕ ਪ੍ਰਾਪਤੀਆਂ ਕਰਕੇ ਹੀ ਇਹ ਜਿੱਤ ਦਾ ਸਿਹਰਾ ਉਨ੍ਹਾਂ ਸਿਰ ਬੱਝਿਆ ਹੈ। ਇਸ ਸਬੰਧੀ ਉਨ੍ਹਾਂ ਦੇ ਭਾਣਜੇ ਪ੍ਰਸਿੱਧ ਗੀਤਕਾਰ ਅਤੇ ਪ੍ਰਮੋਟਰ ਲਾਡੀ ਸੂਸਾਂ ਵਾਲੇ ਨੇ ਵੀ ਸਮੁੱਚੇ ਪੰਜਾਬੀਆਂ ਨੂੰ ਇਸ ਜਿੱਤ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਪਿੰਡ ਹਰੀਪੁਰ ਵਿਚ ਇਸ ਮੌਕੇ ਜਸਪਾਲ ਸਿੰਘ ਦਿਓਲ, ਪਰਮਿੰਦਰ ਸਿੰਘ ਸੋਢੀ, ਅਵਤਾਰ ਸਿੰਘ, ਦਿਓਲ, ਬਲਵਿੰਦਰ ਸਿੰਘ ਦਿਓਲ, ਤਾਜਵਿੰਦਰ ਸਿੰਘ ਸੰਘਾ, ਤਰਸੇਮ ਸਿੰਘ ਸੋਮਾ, ਇੰਸ. ਕੁਲਬੀਰ ਸਿੰਘ, ਸੁਖਦੇਵ ਸਿੰਘ, ਇੰਸ ਮਹਿੰਗਾ ਰਾਮ ਨੇ ਜਸਵੀਰ ਸਿੰਘ ਦੇ ਕੈਨੇਡਾ ਦੇ ਅਲਬਰਟਾ ਸਟੇਟ ਦੇ ਐਡਮਿੰਟਨ ਸ਼ਹਿਰ ਤੋਂ ਐਮ. ਐਲ. ਏ. ਬਣਨ ਤੇ ਖੁਸ਼ੀ ਜ਼ਾਹਰ ਕੀਤੀ ਹੈ।

Previous articleਰਾਜਸਥਾਨ ਰੌਇਲਜ਼ ਨੇ 7 ਵਿਕਟਾਂ ਨਾਲ ਮੈਚ ਜਿੱਤਿਆ
Next articleसामाजिक एकता, संवेदनशील मुददे और चुनाव