ਕੇਂਦਰ ਸਰਕਾਰ ਨੇ ਪੰਜਾਬ ’ਚੋਂ ਸਰ੍ਹੋਂ ਖ਼ਰੀਦਣ ਤੋਂ ਟਾਲਾ ਵੱਟਿਆ

ਕੇਂਦਰ ਸਰਕਾਰ ਹੁਣ ਪੰਜਾਬ ’ਚੋਂ ਸਰ੍ਹੋਂ ਦੀ ਸਰਕਾਰੀ ਖ਼ਰੀਦ ਕਰਨ ਤੋਂ ਭੱਜ ਗਈ ਹੈ ਜਦੋਂ ਕਿ ਹਰਿਆਣਾ ਤੇ ਰਾਜਸਥਾਨ ਵਿੱਚ ਸਰਕਾਰੀ ਖ਼ਰੀਦ ਜ਼ੋਰਾਂ ’ਤੇ ਚੱਲ ਰਹੀ ਹੈ। ਬਾਦਲਾਂ ਦੇ ਹਲਕੇ ਬਠਿੰਡਾ ਮਾਨਸਾ ’ਚ ਤਾਂ ਕਿਸਾਨ ਸਰ੍ਹੋਂ ਦੀ ਫਸਲ ਸਰਕਾਰੀ ਭਾਅ ਤੋਂ ਘੱਟ ਉੱਤੇ ਵੇਚਣ ਲਈ ਮਜਬੂਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵਿਆਂ ਕਿ ਕੋਈ ਵੀ ਫਸਲ ਸਰਕਾਰੀ ਭਾਅ ਤੋਂ ਹੇਠਾਂ ਨਹੀਂ ਵਿਕੇਗੀ, ਕੇਂਦਰੀ ਮੰੰਤਰੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਕਿਸਾਨ ਲੁੱਟੇ ਜਾ ਰਹੇ ਰਹੇ ਹਨ। ਕਿਸਾਨ ਕੋਈ ਚਾਰਾ ਨਾ ਹੋਣ ਕਰਕੇ ਭੋਅ ਦੇ ਭਾਅ ਫਸਲ ਸੁੱਟ ਰਹੇ ਹਨ। ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ਵਿੱਚ ਇਹੋ ਸਰ੍ਹੋਂ ਸਰਕਾਰੀ ਭਾਅ ਉੱਤੇ 4200 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਵੇਰਵਿਆਂ ਅਨੁਸਾਰ ਕੇਂਦਰੀ ਏਜੰਸੀ ਨੈਫੇਡ ਵੱਲੋਂ ਹਰਿਆਣਾ ਤੇ ਰਾਜਸਥਾਨ ਵਿੱਚ ਸਰ੍ਹੋਂ ਦੀ ਫਸਲ ਦੀ ਖ਼ਰੀਦ ਕੀਤੀ ਜਾ ਰਹੀ ਹੈ, ਜਦੋਂ ਕਿ ਪੰਜਾਬ ਦੀਆਂ ਮੰਡੀਆਂ ਵਿਚ ਹਾਲੇ ਤੱਕ ਨੈਫੇਡ ਦਾਖਲ ਨਹੀਂ ਹੋਈ ਹੈ। ਨਤੀਜੇ ਵਜੋਂ ਪੰਜਾਬ ਵਿੱਚ ਸਰ੍ਹੋਂ ਦੀ ਫਸਲ 3400 ਤੋਂ 3500 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਖ਼ਰੀਦ ਕੇਂਦਰਾਂ ਵਿੱਚ ਹੁਣ ਸਰ੍ਹੋਂ ਦੀ ਫਸਲ ਆਉਣੀ ਸ਼ੁਰੂ ਹੋਈ ਹੈ। ਗੁਆਂਢੀ ਸੂਬੇ ਪੰਜਾਬ ਦੀ ਫਸਲ ਨਹੀਂ ਖ਼ਰੀਦ ਰਹੇ। ਪੰਜਾਬ ਵਿੱਚ ਐਤਕੀਂ 39 ਹਜ਼ਾਰ ਹੈਕਟੇਅਰ ਰਕਬੇ ਹੇਠ ਸਰ੍ਹੋਂ ਦੀ ਬਿਜਾਂਦ ਹੈ। ਜ਼ਿਲ੍ਹਾ ਮਾਨਸਾ, ਬਠਿੰਡਾ, ਬਰਨਾਲਾ, ਮੁਕਤਸਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਸਰ੍ਹੋਂ ਦੀ ਕਾਸ਼ਤ ਜਿਆਦਾ ਹੁੰਦੀ ਹੈ।ਬਠਿੰਡਾ ਜ਼ਿਲ੍ਹੇ ਵਿੱਚ ਕਰੀਬ ਛੇ ਹਜ਼ਾਰ ਹੈਕਟੇਅਰ ਰਕਬਾ ਸਰ੍ਹੋਂ ਦੀ ਬਿਜਾਂਦ ਹੇਠ ਹੈ। ਪਿੰਡ ਗੁਰੂਸਰ ਸੈਣੇਵਾਲਾ ਦੇ ਕਿਸਾਨ ਸੁਖਪਾਲ ਸਿੰਘ ਨੂੰ ਅੱਜ ਆਪਣੀ ਸਰ੍ਹੋਂ ਦੀ ਫਸਲ ਸਰਕਾਰੀ ਭਾਅ ਤੋਂ ਕਰੀਬ ਅੱਠ ਸੌ ਰੁਪਏ ਪ੍ਰਤੀ ਕੁਇੰਟਲ ਘੱਟ ਕੇ ਵੇਚਣੀ ਪਈ ਹੈ। ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਸੁੱਤੀ ਪਈ ਹੈ ਅਤੇ ਮੰਡੀਆਂ ਵਿੱਚ ਕਿਸਾਨ ਲੁਟੇ ਜਾ ਰਹੇ ਰਹੇ ਹਨ। ਬਠਿੰਡਾ ਮੰਡੀ ਵਿਚ ਅੱਜ ਸਰ੍ਹੋਂ ਦੀ ਫਸਲ 3410 ਰੁਪਏ ਪ੍ਰਤੀ ਕੁਇੰਟਲ ਵਿਕੀ ਹੈ ਜਦੋਂ ਕਿ ਸਰਕਾਰੀ ਭਾਅ 4200 ਰੁਪਏ ਦਾ ਹੈ। ਕਿਸਾਨਾਂ ਨੇ ਦੱਸਿਆ ਕਿ ਸਰ੍ਹੋਂ ਦਾ ਝਾੜ ਐਤਕੀਂ ਪ੍ਰਤੀ ਏਕੜ ਅੱਠ ਤੋਂ ਦਸ ਕੁਇੰਟਲ ਨਿਕਲ ਰਿਹਾ ਹੈ। ਪਿੰਡ ਸੰਘਾ ਦੇ ਕਿਸਾਨ ਸੁਖਵੰਤ ਸਿੰਘ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਪੰਜਾਬ ਦੀ ਸਰ੍ਹੋਂ ਦੀ ਫਸਲ ‘ਤੇ ਪਾਬੰਦੀ ਲਗਾ ਦਿੱਤੀ ਹੈ। ਦੂਸਰੀ ਤਰਫ਼ ਰਾਜਸਥਾਨ ਦੇ ਪਿੰਡ ਲੰਬੀ ਢਾਬ ਦੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਰ੍ਹੋਂ ਦੀ ਫਸਲ 4200 ਰੁਪਏ ਪ੍ਰਤੀ ਕੁਇੰਟਲ ਵੇਚੀ ਹੈ ਪ੍ਰੰਤੂ ਪੰਜਾਬ ਦੇ ਕਿਸਾਨ ਰਾਜਸਥਾਨ ਵਿੱਚ ਫਸਲ ਨਹੀਂ ਵੇਚ ਸਕਦੇ। ਪ੍ਰਾਪਤ ਜਾਣਕਾਰੀ ਅਨੁਸਾਰ ਮਾਲਵਾ ਖ਼ਿੱਤੇ ਦੇ ਜ਼ਿਲ੍ਹਾ ਖੇਤੀਬਾੜੀ ਅਫਸਰਾਂ ਨੇ ਕੱਲ੍ਹ ਖੇਤੀ ਵਿਭਾਗ ਦੀ ਮੀਟਿੰਗ ਵਿਚ ਡਾਇਰੈਕਟਰ ਕੋਲ ਇਹ ਮੁੱਦਾ ਉਠਾਇਆ ਵੀ ਹੈ। ਜ਼ਿਲ੍ਹਾ ਖੇਤੀਬਾੜੀ ਅਫਸਰ ਬਠਿੰਡਾ ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਸਰ੍ਹੋਂ ਦੀ ਫਸਲ ਵਿੱਚ ਨਮੀ ਜਿਆਦਾ ਹੋਣ ਕਰਕੇ ਕਿਸਾਨਾਂ ਨੂੰ ਸਰਕਾਰੀ ਭਾਅ ਨਹੀਂ ਮਿਲ ਰਿਹਾ ਹੈ ਅਤੇ ਇਹ ਮਾਮਲਾ ਡਾਇਰੈਕਟਰ ਦੇ ਨੋਟਿਸ ਵਿੱਚ ਲਿਆ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਵਪਾਰੀ ਤਬਕਾ ਹੀ ਸਰ੍ਹੋਂ ਦੀ ਫਸਲ ਖ਼ਰੀਦ ਰਿਹਾ ਹੈ। ਜ਼ਿਲ੍ਹਾ ਮੰਡੀ ਅਫਸਰ ਬਠਿੰਡਾ ਕੁਲਬੀਰ ਸਿੰਘ ਮੱਤਾ ਦਾ ਕਹਿਣਾ ਸੀ ਕਿ ਸਰ੍ਹੋਂ ਦੀ ਫਸਲ ਉੱਤੇ ਮਾਰਕੀਟ ਫੀਸ ਨਹੀਂ ਹੈ ਅਤੇ ਨਾ ਹੀ ਪੰਜਾਬ ਵਿਚ ਇਸ ਦੀ ਸਰਕਾਰੀ ਖ਼ਰੀਦ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਭਾਅ ਤੋਂ ਫਸਲ ਘੱਟ ਵਿਕਣ ਦਾ ਮਾਮਲਾ ਧਿਆਨ ਵਿੱਚ ਨਹੀਂ ਹੈ।

Previous articleਭਾਖੜਾ ’ਚ ਡਿੱਗੀ ਕਾਰ, ਪਰਿਵਾਰ ਦੇ ਚਾਰ ਜੀਆਂ ਦੀ ਮੌਤ
Next articleਸ਼ਰਾਬ ਨਾਲ ਭਰੇ ਕੈਂਟਰ ਅਤੇ ਕਾਰ ਦੀ ਟੱਕਰ ’ਚ ਇੱਕ ਦੀ ਮੌਤ