ਭਾਖੜਾ ’ਚ ਡਿੱਗੀ ਕਾਰ, ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਨਾਭਾ ਰੋਡ ’ਤੇ ਭਾਖੜਾ ਨਹਿਰ ਵਿਚ ਕਾਰ ਡਿੱਗਣ ਕਾਰਨ ਸ਼ਹਿਰ ਦੇ ਇਕ ਰਸੂਖ਼ਵਾਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ‘ਐਲੀ’ ਆਇਲਟਸ ਅਤੇ ਇਮੀਗਰੇਸ਼ਨ ਇੰਸਟੀਚਿਊਟ ਦਾ ਮਾਲਕ ਪਰਮਵੀਰ ਗਰਾਂਗ (33) ਤੇ ਉਸ ਦੀ ਪਤਨੀ ਦੀਪ ਸ਼ਿਖਾ, ਬੇਟੀ ਲੀਜ਼ਾ ਅਤੇ ਬੇਟਾ ਸੁਸ਼ਾਂਤ ਸ਼ਾਮਲ ਹੈ। ਪਰਿਵਾਰ ਪਟਿਆਲਾ ਦੀ ਆਦਰਸ਼ ਕਾਲੋਨੀ ਦਾ ਰਹਿਣ ਵਾਲਾ ਹੈ ਤੇ ਬੱਚੇ ਡੀਏਵੀ ਸਕੂਲ ਵਿਚ ਦੂਜੀ ਅਤੇ ਐਲਕੇਜੀ ਦੇ ਵਿਦਿਆਰਥੀ ਸਨ।
ਵੇਰਵਿਆਂ ਮੁਤਾਬਕ ਹਾਦਸਾ ਦਿਨੇ ਸਾਢੇ ਗਿਆਰਾਂ ਵਜੇ ਨਾਭਾ ਰੋਡ ਸਥਿਤ ਭਾਖੜਾ ਪੁਲ ਕੋਲ ਵਾਪਰਿਆ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਤੇਜ਼ ਰਫ਼ਤਾਰ ’ਚ ਆਈ ਚੈਰੀ ਕਲਰ ਦੀ ਐਂਡੇਵਰ ਐੱਸਯੂਵੀ ਪੁਲ ਦੇ ਨਾਲ ਪਟੜੀ ਵਾਲੇ ਪਾਸਿਉਂ ਭਾਖੜਾ ਵਿਚ ਜਾ ਡਿੱਗੀ। ਭਾਵੇਂ ਕਿ ਜਲਦੀ ਹੀ ਕਾਰ ਪਾਣੀ ਵਿਚ ਡੁੱਬ ਗਈ ਸੀ ਪਰ ਕੁਝ ਪਲਾਂ ਲਈ ਜਦ ਕਾਰ ਦਾ ਕੁਝ ਹਿੱਸਾ ਪਾਣੀ ਤੋਂ ਉਤਾਂਹ ਸੀ ਤਾਂ ਦੋਵੇਂ ਬੱਚੇ ਕਾਰ ਦੇ ਸ਼ੀਸ਼ਿਆਂ ’ਤੇ ਹੱਥ ਮਾਰ ਕੇ ਚੀਕਾਂ ਮਾਰ ਰਹੇ ਸਨ। ਸ਼ੀਸ਼ੇ ਬੰਦ ਹੋਣ ਕਾਰਨ ਆਵਾਜ਼ ਬਾਹਰ ਨਹੀਂ ਆਈ।
ਘਟਨਾ ਸਥਾਨ ਦੇ ਲਾਗੇ ਹੀ ਮੌਜੂਦ ਭੋਲੇ ਸ਼ੰਕਰ ਡਾਇਵਰਜ਼ ਕਲੱਬ ਨਾਲ ਸਬੰਧਤ ਗੋਤਾਖੋਰ ਜਲਦੀ ਹੀ ਭਾਖੜਾ ਵਿਚ ਉਤਰ ਗਏ ਤੇ ਉਨ੍ਹਾਂ ਨੇ ਨਹਿਰ ਦੇ ਹੇਠਲੇ ਤਲ ’ਤੇ ਜਾ ਪੁੱਜੀ ਕਾਰ ਲੱਭ ਕੇ ਰੱਸੀਆਂ ਨਾਲ ਬੰਨ੍ਹ ਕੇ ਇਸ ਨੂੰ ਅੱਗੇ ਜਾਣ ਤੋਂ ਰੋਕ ਲਿਆ। ਉਦੋਂ ਤੱਕ ਚਾਰਾਂ ਦੀ ਮੌਤ ਹੋ ਚੁੱਕੀ ਸੀ। ਮੌਕੇ ’ਤੇ ਡੀਐੱਸਪੀ ਦਲਬੀਰ ਗਰੇਵਾਲ ਅਤੇ ਥਾਣਾ ਸਿਵਲ ਲਾਈਨ ਦੇ ਮੁਖੀ ਰਮਨਦੀਪ ਸਿੰਘ ਵੀ ਪੁੱਜੇ। ਗੋਤਾਖੋਰਾਂ ਨੇ ਕਾਰ ਦਾ ਇੱਕ ਸ਼ੀਸ਼ਾ ਤੋੜ ਕੇ ਚਾਰੇ ਲਾਸ਼ਾਂ ਬਾਹਰ ਕੱਢੀਆਂ ਤੇ ਕਰੇਨ ਨਾਲ ਕਾਰ ਵੀ ਕੱਢ ਲਈ ਗਈ। ਵੇਰਵਿਆਂ ਮੁਤਾਬਕ ਪਤੀ-ਪਤਨੀ ਸਕੂਲੋਂ ਬੱਚਿਆਂ ਨੂੰ ਲੈ ਕੇ ਆਏ ਸਨ ਤੇ ਕਰੀਬ ਅੱਧੇ ਘੰਟੇ ਦੇ ਅੰਦਰ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਦੋਵੇਂ ਬੱਚੇ ਸਕੂਲੀ ਵਰਦੀ ਵਿਚ ਸਨ ਤੇ ਕਾਰ ਵਿਚ ਬੈਗ ਵੀ ਸਨ। ਬੱਚਿਆਂ ਦੀ ਮਾਂ ਨੇ ਹੀਰੇ ਅਤੇ ਸੋਨੇ ਦੇ ਗਹਿਣੇ ਪਹਿਨੇ ਹੋਏ ਸਨ। ਲਾਸ਼ਾਂ ਨੂੰ ਰਾਜਿੰਦਰਾ ਹਸਪਤਾਲ ਵਿਚ ਰੱਖਿਆ ਗਿਆ ਹੈ ਤੇ ਭਲਕੇ ਪੋਸਟ ਮਾਰਟਮ ਕੀਤਾ ਜਾਵੇਗਾ।
ਪੁਲੀਸ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਅਚਾਨਕ ਵਾਪਰੀ ਘਟਨਾ ਦੱਸਿਆ ਹੈ ਤੇ ਖ਼ੁਦਕੁਸ਼ੀ ਸਬੰਧੀ ਕੋਈ ਪੱਤਰ ਆਦਿ ਵੀ ਨਹੀਂ ਮਿਲਿਆ, ਫੇਰ ਵੀ ਪੁਲੀਸ ਆਪਣੇ ਪੱਧਰ ’ਤੇ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ।

Previous articleਅਕਾਲ ਤਖ਼ਤ ਵਲੋਂ ‘ਸਿੱਖ ਹੈਰੀਟੇਜ ਕਮਿਸ਼ਨ’ ਬਣਾਉਣ ਦਾ ਫ਼ੈਸਲਾ
Next articleਕੇਂਦਰ ਸਰਕਾਰ ਨੇ ਪੰਜਾਬ ’ਚੋਂ ਸਰ੍ਹੋਂ ਖ਼ਰੀਦਣ ਤੋਂ ਟਾਲਾ ਵੱਟਿਆ