ਕੀ ਪਤਾ ਸੀ ਜੱਗ ਤੈਨੂੰ ਇਸ ਤਰਾਂ ਭੁੱਲ ਜਾਏਗਾ

(ਸਮਾਜ ਵੀਕਲੀ)

” ਦਮਾ ਦਮ ਮਸਤ ਕਲੰਦਰ –” ਇਕ ਸੰਸਾਰ ਪ੍ਰਸਿੱਧ ਪੰਜਾਬੀ ਗੀਤ ਹੈ, ਜਿਸ ਨੂੰ ਗਾ ਕੇ ਬਹੁਤ ਸਾਰੇ ਗਾਇਕਾਂ ਨੇ ਨਾਮਣਾ ਖੱਟਿਆ ਹੈ । ਇਸ ਨੂੰ ਗਾਉਣ ਵਾਲਿਆਂ ਵਿਚ ਨੂਰ ਜਹਾਂ, ਰੂਨਾ ਲੈਲਾ, ਰੇਸ਼ਮਾ, ਆਬਿਦਾ ਪ੍ਰਵੀਨ, ਨੁਸਰਤ ਫ਼ਤਹਿ ਅਲੀ ਖ਼ਾਨ, ਸਾਬਰੀ ਬ੍ਰਦਰਜ਼, ਹੰਸ ਰਾਜ ਹੰਸ, ਵਡਾਲੀ ਬ੍ਰਦਰਜ਼, ਮੀਕਾ ਸਿੰਘ, ਜਸਪਿੰਦਰ ਨਰੂਲਾ, ਨੂਰਾਂ ਸਿਸਟਰਜ਼ ਵਰਗੇ ਨਾਂ ਸ਼ਾਮਿਲ ਹਨ । ਪਰ ਕੀ ਕਿਸੇ ਨੂੰ ਪਤਾ ਹੈ ਕਿ ਇਸ ਨੂੰ ਕਿਸ ਨੇ ਲਿਖਿਆ ? ਕਿਸ ਨੇ ਇਹਨੂੰ ਤਰਜ਼ ਬਖ਼ਸ਼ੀ ? ਤੇ ਉਨ੍ਹਾ ਦਾ ਕੀ ਹਸ਼ਰ ਹੋਇਆ ? ਨਹੀਂ । ਅਸੀਂ ਤਾਂ ਬਸ ਮਸਤ ਹੋ ਕੇ ਗਾ ਸਕਦੇ ਹਾਂ, ਮਸਤ ਹੋ ਕੇ ਸੁਣ ਸਕਦੇ ਹਾਂ ਤੇ ਮਸਤ ਹੋ ਕੇ ਵਾਹ-ਵਾਹ ਕਰ ਸਕਦੇ ਹਾਂ । ਤੇ ਇਹ ਮਸਤੀਆਂ ਜਿਨ੍ਹਾ ਦੀ ਬਦੌਲਤ ਹਨ, ਉਨ੍ਹਾ ਨੂੰ ਅਸਲੋਂ ਵਿਸਾਰੀ ਬੈਠੇ ਹਾਂ ।

ਦਮਾ ਦਮ ਮਸਤ ਕਲੰਦਰ ਗੀਤ ਦਾ ਸ਼ਾਇਰ ਸਾਗਰ ਸਿੱਦੀਕੀ ਸੀ,ਜੋ ਉਰਦੂ ਤੇ ਪੰਜਾਬੀ ਦਾ ਵੱਡਾ ਸ਼ਾਇਰ ਸੀ । ਪਰ ਉਸ ਨੂੰ ਸਾਰੀ ਹਯਾਤੀ ਕੰਗਾਲੀ ਹੰਢਾਉਣੀ ਪਈ । ਜ਼ਮਾਨੇ ਨੇ ਉਸ ਦੀ ਏਸ ਹੱਦ ਤਕ ਬੇਧਿਆਨੀ ਕੀਤੀ ਕਿ ਉਹ ਭੁੱਖਾ-ਭਾਣਾ ਇਕ ਦਿਨ ਲਾਹੌਰ ਦੀ ਇਕ ਸੜਕ ਕਿਨਾਰੇ ਮੁਰਦਾ ਹਾਲਤ ਚ ਪਾਇਆ ਗਿਆ ।

ਇਸ ਮਕਬੂਲ ਗੀਤ ਦਾ ਸੰਗੀਤਕਾਰ ਆਸ਼ਿਕ ਹੁਸੈਨ ਸੀ, ਜਿਸ ਨੇ ਸਭ ਤੋਂ ਪਹਿਲਾਂ ਇਕ ਪਾਕਿਸਤਾਨੀ ਫ਼ਿਲਮ ‘ਜਬਰੂ’ ਲਈ 1958 ਵਿਚ ਇਸ ਦੀ ਤਰਜ਼ ਬਣਾਈ । ਇਸ ਫ਼ਿਲਮ ਨੂੰ ਇਨਾਇਤ ਹੁਸੈਨ ਭੱਟੀ ਨੇ ਡਾਇਰੈਕਟ ਕੀਤਾ ਸੀ । ਫ਼ਿਲਮ ਵਿਚ ਧਮਾਲ ਵਾਲੇ ਇਕ ਸੂਫ਼ੀਆਨਾ ਗੀਤ ਦੀ ਲੋੜ ਸੀ, ਜਿਸ ਨੂੰ ਪੂਰਾ ਕਰਨ ਲਈ ਇਸ ਗੀਤ ਦੀ ਚੋਣ ਕੀਤੀ ਗਈ ਅਤੇ ਆਸ਼ਿਕ ਹੁਸੈਨ ਨੇ ਇਸ ਨੂੰ ਕੰਪੋਜ਼ ਕੀਤਾ। ਏਨੀ ਵਧੀਆ ਕੰਪੋਜੀਸ਼ਨ ਸੀ,ਕਿ ਹੁਣ ਤੱਕ ਸਾਰੇ ਗਵੱਈਆਂ ਨੇ ਓਸੇ ਕੰਪੋਜੀਸ਼ਨ ਨੂੰ ਹੀ ਆਧਾਰ ਬਣਾਇਆ ਹੈ ।

ਆਸ਼ਿਕ ਹੁਸੈਨ ਦਾ ਜਨਮ 1924 ਚ ਹੋਇਆ । ਉਹ ਲਾਹੌਰ ਦਾ ਰਹਿਣ ਵਾਲਾ ਸੀ । ਉਸ ਨੇ ਕਈ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਲਈ ਮਿਊਜ਼ਿਕ ਦਿੱਤਾ । ਪਰ ਉਹ ਪੈਸੇ ਨਾਲੋਂ ਆਪਣੀ ਖ਼ੁੱਦਾਰੀ ਨੂੰ ਪਹਿਲ ਦੇਣ ਵਾਲਾ ਫ਼ੱਕਰ ਬੰਦਾ ਸੀ । ਹੌਲੀ ਹੌਲੀ ਫ਼ਿਲਮਾਂ ਵਾਲਿਆਂ ਨੇ ਉਸ ਨੂੰ ਦਰ ਕਿਨਾਰ ਕਰ ਦਿੱਤਾ । ਆਪਣੀ ਉਮਰ ਉਸ ਨੇ ਗਰੀਬੀ ਅਤੇ ਮੰਦਹਾਲੀ ਵਿਚ ਗੁਜ਼ਾਰੀ । ਇਹ ਮਹਾਨ ਸੰਗੀਤਕਾਰ ਆਪਣੀ ਉਮਰ ਦੇ ਆਖਰੀ ਦਹਾਕਿਆਂ ਵਿਚ ਭੱਟੀ ਗੇਟ ਲਾਹੌਰ ਦੇ ਬਾਜ਼ਾਰ ਹਕੀਮਾਂ ਦੇ ਅਜਿਹੇ ਕੋਠੜੀਨੁਮਾ ਮਕਾਨ ਚ ਰਹਿੰਦਾ ਰਿਹਾ, ਜਿੱਥੇ ਬਿਜਲੀ ਤਕ ਨਹੀਂ ਸੀ ।

ਉਸ ਦਾ ਪੇਟ ਭਰਨ ਲਈ ਉਸ ਦਾ ਪੋਤਰਾ ਆਸਿਫ਼ ਅਲੀ, ਜੋ ਖੁਦ ਚੰਗਾ ਕੀ ਬੋਰਡ ਪਲੇਅਰ ਸੀ, ਸੜਕ ਕਿਨਾਰੇ ਪਕੌੜਿਆਂ ਦੀ ਰੇਹੜੀ ਲਾਉਂਦਾ ਸੀ । ਤੇ ਫਿਰ ਉਹ ਵੀ ਵਿਚਾਰਾ ਚੱਲ ਵਸਿਆ । ਕਿਹਾ ਜਾਂਦਾ ਹੈ ਕਿ ਆਸ਼ਿਕ ਹੁਸੈਨ ਵੀ ਅਤਿ ਗਰੀਬੀ ਅਤੇ ਗੁੰਮਨਾਮੀ ਹੰਢਾਉਂਦਿਆਂ 2017 ਵਿਚ ਵਫ਼ਾਤ ਪਾ ਗਿਆ । ਲੋਕ ਇਨ੍ਹਾ ਫ਼ਨਕਾਰਾਂ ਨੂੰ ਇਸ ਹੱਦ ਤਕ ਭੁਲਾ ਦਿੰਦੇ ਹਨ ਕਿ ਪਾਤਰ ਸਾਹਿਬ ਦਾ ਇਕ ਮਿਸਰਾ ਯਾਦ ਆ ਰਿਹਾ ਹੈ : ਕੀ ਪਤਾ ਸੀ ਜੱਗ ਤੈਨੂੰ ਇਸ ਤਰਾਂ ਭੁੱਲ ਜਾਏਗਾ ।

 ਜਸਪਾਲ ਘਈ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਰੰਗਲਾ ਪੰਜਾਬ