ਅੰਮ੍ਰਿਤਸਰ (ਸਮਾਜ ਵੀਕਲੀ):ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਕਿਸਾਨ ਸੰਘਰਸ਼ ਵਿਚ ਸਿੱਖਾਂ ਦੀ ਸ਼ਮੂਲੀਅਤ ਕੇਂਦਰ ਸਰਕਾਰ ਨੂੰ ਰੜਕ ਰਹੀ ਹੈ ਅਤੇ ਇਸੇ ਲਈ ਸਾਕਾ ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਜਾ ਰਹੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਰੋਕਿਆ ਗਿਆ ਹੈ। ਉਨ੍ਹਾਂ ਸੰਸਦ ਵਿਚ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਖਿਆ ਕਿ ਉਹ ਇਹ ਮਾਮਲਾ ਸੰਸਦ ਵਿਚ ਵੀ ਉਭਾਰਨ।
ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਸਰਕਾਰ ਵਲੋਂ ਜਥਾ ਭੇਜਣ ਤੋਂ ਰੋਕਣ ਲਈ ਸੁਰੱਖਿਆ ਅਤੇ ਕਰੋਨਾ ਦੇ ਦਿੱਤੇ ਗਏ ਕਾਰਨ ਬੇਤੁਕੇ ਹਨ। ਜਥੇ ਨੂੰ ਸੁਰੱਖਿਆ ਮੁਹੱਈਆ ਕਰਨਾ ਪਾਕਿਸਤਾਨ ਸਰਕਾਰ ਦਾ ਕੰਮ ਹੈ ਅਤੇ ਹਰ ਵਾਰ ਹੀ ਪਾਕਿਸਤਾਨ ਸਰਕਾਰ ਸਿੱਖ ਸ਼ਰਧਾਲੂਆਂ ਨੂੰ ਬਿਹਤਰ ਸੁਰੱਖਿਆ ਮੁਹੱਈਆ ਕਰਦੀ ਹੈ। ਪਾਕਿਸਤਾਨ ਵਿਚ ਕਰੋਨਾ ਹੋਣ ਦੇ ਦਿੱਤੇ ਕਾਰਨਾਂ ਬਾਰੇ ਉਨ੍ਹਾਂ ਕਿਹਾ ਕਿ ਮਾਰਚ ਵਿਚ ਕੁੰਭ ਦਾ ਮੇਲਾ ਲੱਗ ਰਿਹਾ ਹੈ, ਜਿੱਥੇ ਲੱਖਾਂ ਸ਼ਰਧਾਲੂ ਆਉਣਗੇ।
ਕੇਂਦਰ ਸਰਕਾਰ ਨੇ ਇਸ ਕੁੰਭ ਮੇਲੇ ਦੀ ਪ੍ਰਵਾਨਗੀ ਦਿੱਤੀ ਹੈ। ਇਸੇ ਤਰ੍ਹਾਂ ਬੰਗਾਲ ਵਿਚ ਚੋਣਾਂ ਹੋ ਰਹੀਆਂ ਹਨ, ਜਿਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਣਗੇ। ਉਨ੍ਹਾਂ ਸਰਕਾਰ ਨੂੰ ਪੁੱਛਿਆ ਕਿ ਕੀ ਇਨ੍ਹਾਂ ਥਾਵਾਂ ’ਤੇ ਕਰੋਨਾ ਨਹੀਂ ਫੈਲੇਗਾ। ਉਨ੍ਹਾਂ ਕਿਹਾ ਕਿ ਜਿਵੇਂ ਮੁਸਲਮਾਨਾਂ ਨੂੰ ਮੱਕਾ ਮਦੀਨਾ ਅਤੇ ਹਿੰਦੂਆਂ ਨੂੰ ਉਨ੍ਹਾਂ ਦੇ ਧਰਮ ਅਸਥਾਨਾਂ ’ਤੇ ਜਾਣ ਤੋਂ ਨਹੀਂ ਰੋਕਿਆ ਜਾਂਦਾ, ਉਸੇ ਤਰ੍ਹਾਂ ਸਿੱਖਾਂ ਨੂੰ ਵੀ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ। ਇਹ ਧਰਮ ਅਸਥਾਨ ਸਿੱਖਾਂ ਲਈ ਵੱਡੀ ਅਹਿਮੀਅਤ ਰੱਖਦੇ ਹਨ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਕੁਝ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਥਾ ਭੇਜਣ ਦੇ ਮਾਮਲੇ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵੀ ਨਾਂਹ-ਪੱਖੀ ਵਿਚਾਰ ਦਿੱਤੇ ਗਏ ਹਨ। ਉਨ੍ਹਾਂ ਸਮੂਹ ਧਰਮਾਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਨਾਲ ਹੋ ਰਹੇ ਇਸ ਧੱਕੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੀ ਆਪੋ-ਆਪਣੇ ਮੁਲਕਾਂ ਵਿਚ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ਤੋਂ ਵੱਡੀ ਗਿਣਤੀ ਵਿਚ ਸਿੱਖਾਂ ਅਤੇ ਹਿੰਦੂਆਂ ਦੇ ਸੁਨੇਹੇ ਆਏ ਹਨ, ਜਿਨ੍ਹਾਂ ਨੇ ਭਾਵੁਕ ਹੁੰਦਿਆਂ ਭਾਰਤ ਸਰਕਾਰ ਦੇ ਇਸ ਫ਼ੈਸਲੇ ਦੀ ਕਰੜੀ ਆਲੋਚਨਾ ਕੀਤੀ ਹੈ। ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਕਈ ਸਿੱਖ ਸ਼ਰਧਾਲੂਆਂ ਦੀਆਂ ਇਸ ਫ਼ੈਸਲੇ ਖ਼ਿਲਾਫ਼ ਅੱਖਾਂ ਨਮ ਹੋਈਆਂ ਹਨ।