ਨਵੀਂ ਦਿੱਲੀ (ਸਮਾਜ ਵੀਕਲੀ) : ਇਥੇ ਕੌਮੀ ਰਾਜਧਾਨੀ ਦੇ ਸਿੰਘੂ ਬਾਰਡਰ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਕਿਸਾਨਾਂ ਦੇ ਸਮਰਥਨ ਵਿੱਚ ਭਾਰਤ ਦੇ ਕੌਮਾਂਤਰੀ ਖਿਡਾਰੀ ਵੀ ਪੁੱਜ ਗਏ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਜ਼ਿੱਦ ਛੱਡੇ ਤੇ ਕਿਸਾਨਾਂ ਦੀ ਆਵਾਜ਼ ਸੁਣੇ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ।
ਇਨ੍ਹਾਂ ਨਾਮੀ ਖਿਡਾਰੀਆਂ ਵਿੱਚ ਉੱਘੇ ਭਲਵਾਨ ਕਰਤਾਰ ਸਿੰਘ, ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ, ਮੁੱਕੇਬਾਜ਼ ਵਜਿੰਦਰ ਸਿੰਘ, ਅਥਲੀਟ ਕੌਰ ਸਿੰਘ, ਅਜੀਤ ਸਿੰਘ, ਜੱਸਾ ਸਿੰਘ ਪੱਟੀ ਤੇ ਪਿਆਰਾ ਸਿੰਘ ਸ਼ਾਮਲ ਹਨ। ਇਨ੍ਹਾਂ ਨੇ ਐਲਾਨ ਕੀਤਾ ਕਿ ਉਹ ਭਲਕੇ 7 ਦਸੰਬਰ ਨੂੰ ਰਾਸ਼ਟਰਪਤੀ ਨੂੰ ਆਪਣੇ ਪੁਰਸਕਾਰ ਵਾਪਸ ਕਰਕੇ ਖੇਤੀ ਕਾਨੂੰਨਾਂ ਦਾ ਵਿਰੋਧ ਪ੍ਰਗਟਾਉਣ ਦੇ ਨਾਲ ਨਾਲ ਕਿਸਾਨਾ ਸੰਘਰਸ਼ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਨਗੇ। ਵਜਿੰਦਰ ਸਿੰਘ ਨੇ ਕਿਹਾ ਕਿ ਉਹ ਆਪਣਾ ਇਕ ਕਰੋੜ ਰੁਪਏ ਦਾ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਵੀ ਮੋੜ ਰਿਹਾ ਹੈ।