ਕਿਸਾਨੀ ਮੋਰਚਾ ਅਤੇ ਉਸ ਵਿਚ ਔਰਤਾਂ ਦਾ ਯੋਗਦਾਨ

ਕਿਸਾਨ (ਅੰਨਦਾਤਾ) ਜੋ ਦਿਨ ਰਾਤ ਇੱਕ ਕਰਕੇ ਸਭ ਦਾ ਢਿੱਡ ਭਰਦਾ ਹੈ। ਇਸ ਦੇ ਬਾਵਜੂਦ ਵੀ ਇਸ ਅੰਨਦਾਤੇ ਦਾ ਜੀਵਨ ਸ਼ੁਰੂ ਤੋਂ ਹੀ ਸੰਘਰਸ਼ਮਈ ਰਿਹਾ ਹੈ ਭਾਵ ਕਿ ਕਈ ਤਰ੍ਹਾਂ ਦੀਆਂ ਮਾਰਾਂ ਵਕਤ ਬੇਵਕਤ ਝੱਲਣੀਆਂ ਪਈਆਂ ਹਨ ਅਤੇ ਝੱਲ ਵੀ ਰਿਹਾ ਹੈ। ਕਦੇ ਇਹ ਮਾਰ ਕੁਦਰਤ ਵੱਲੋਂ ਬੇਵਕਤ ਮੀਂਹ, ਹਨੇਰੀ, ਝੱਖੜ, ਗੜੇਮਾਰੀ ਹੋਵੇ ਜਾਂ ਹੜ, ਸੋਕਾ ਹੋਵੇ। ਕਦੇ ਇਹ ਮਾਰ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨ ਮਾਰੂ ਨੀਤੀਆਂ ਦੇ ਰੂਪ ਵਿਚ ਹੋਵੇ। ਪਿਛਲੇ ਵਰ੍ਹੇ ਸਮਕਾਲੀ ਸਰਕਾਰ ਨੇ ਕਰੋਨਾ ਕਾਲ ਦਾ ਸਹਾਰਾ ਲੈ ਜਾਂ ਉਸ ਕਾਲ ਦਾ ਲਾਹਾ ਲੈ ਕੇ ਤਿੰਨ ਕਾਲੇ ਖੇਤੀ ਬਿੱਲ ਬਣਾ  ਉਨ੍ਹਾਂ ਨੂੰ ਸਭਾ ਵਿਚ ਪਾਸ ਕਰ ਕਿਸਾਨੀ ਦੇ ਹੱਕਾਂ ਉਤੇ ਖ਼ਤਰਾ ਪੈਦਾ ਕੀਤਾ ਜਾਂ ਕਹੀਏ ਕਿ ਉਹਨਾਂ ਦੇ ਹੱਕਾਂ ਉਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ। ਪਿਛਲੇ ਲੰਬੇ ਸਮੇਂ ਤੋਂ ਭਾਰਤ ਦੇ ਕਿਸਾਨ ਦਿੱਲੀ ਦੀਆਂ ਸੜਕਾਂ ਦੇ ਸਫਿਆਂ ਉੱਤੇ ਇਤਿਹਾਸ ਸਿਰਜ ਰਹੇ ਹਨ।  ਕਿਸਾਨ ਪਿਛਲੇ ਵਰ੍ਹੇ ਤੋਂ ਹੀ ਆਪਣੇ ਘਰ ਬਾਰ ਤਿਆਗ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ ਤੇ ਕਿਸਾਨੀ ਸੰਘਰਸ਼ ਦੇ ਨਾਮ ਅਧੀਨ ਇਤਿਹਾਸ ਸਿਰਜ ਰਹੇ ਹਨ। ਇਹ ਲੜਾਈ ਇਕੱਲੇ ਕਿਸਾਨ ਦੀ ਨਹੀਂ ਹੈ, ਉਸ ਹਰੇਕ ਇਨਸਾਨ ਦੀ ਹੈ ਜੋ ਅੰਨ੍ਹ ਦਾ ਸੇਵਨ ਕਰਦਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ।
           ਇਸ ਸੰਘਰਸ਼ ਵਿਚ ਸਾਰੇ ਹੀ ਲੋਕ ਭਾਵ ਕਿ ਹਰੇਕ ਵਰਗ ਹੀ ਆਪਣਾ ਬਣਦਾ ਸਰਦਾ ਯੋਗਦਾਨ ਪਾ ਰਿਹਾ ਹੈ। ਇਸ ਸੰਘਰਸ਼ ਵਿਚ ਕਿਸਾਨ ਬੀਬੀਆਂ ਵੀ ਪੂਰਾ ਸਹਿਯੋਗ ਦੇ ਰਹੀਆਂ ਹਨ ਜਾਂ ਕਹਾਂ ਕਿ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹਨ। ਕਿਸਾਨ ਬੀਬੀਆਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਿਸਾਨੀ ਸੰਘਰਸ਼ ਨੂੰ ਪੂਰਾ ਮੋਢਾ ਦੇ ਰਹੀਆਂ ਹਨ।ਭਾਵੇਂ ਗੱਲ ਹੋਵੇ ਕਿਸਾਨ ਵੀਰਾਂ ਦੇ ਦਿੱਲੀ ਹੋਣ ਕਰਕੇ ਘਰ ਬਾਰ ਸੰਭਾਲਣ ਦੀ ਜ਼ਿੰਮੇਵਾਰੀ, ਮਾਲ ਡੰਗਰ ਸੰਭਾਲਣ ਦੀ ਜ਼ਿੰਮੇਵਾਰੀ ਜਾਂ ਫਸਲ ਬਾੜੀ ਦੀ ਦੇਖ ਭਾਲ ਦੀ ਜ਼ਿੰਮੇਵਾਰੀ ਹੋਵੇ ਜਾਂ ਦਿੱਲੀ ਪਹੁੰਚੇ ਕਿਸਾਨ ਵੀਰਾਂ ਲਈ ਲੰਗਰ ਪ੍ਰਸ਼ਾਦਾ ਤਿਆਰ ਕਰਨ ਦੀ ਜ਼ਿੰਮੇਵਾਰੀ ਹੋਵੇ। ਇਸਦੇ ਨਾਲ ਨਾਲ ਹੀ ਔਰਤਾਂ ਸ਼ਹੀਦ ਹੋਣ ਵਿਚ ਵੀ ਪਿੱਛੇ ਨਹੀਂ ਹਨ। ਜਿਵੇਂ ਕਿ ਪਿਛਲੇ ਦਿਨੀਂ ਹੀ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਤਿੰਨ ਕਿਸਾਨ ਬੀਬੀਆਂ ਨੇ ਕਿਸਾਨੀ ਸੰਘਰਸ਼ ਵਿਚ ਸ਼ਹੀਦੀ ਜਾਮ ਵੀ ਪੀਤਾ। ਕਿਸਾਨ ਬੀਬੀਆਂ ਹਰੇਕ ਫਰਜ਼ ਨੂੰ ਹੀ ਤਨਦੇਹੀ ਨਾਲ ਨਿਭਾਅ ਰਹੀਆਂ ਹਨ।
                ਕਿਸਾਨੀ ਮੋਰਚੇ ਵਿਚ ਔਰਤਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਪੱਖ ਤੋਂ ਮਰਦਾਂ ਤੋਂ ਪਿੱਛੇ ਨਹੀਂ ਹਨ ਬਲਕਿ ਮਰਦਾਂ ਦੇ ਬਰਾਬਰ ਦੀ ਹੈਸੀਅਤ ਰੱਖ ਕੇ  ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ  ਜ਼ਿੰਦਗੀ ਦੀ ਹਰ ਔਖੀ ਤੋਂ ਔਖੀ ਸਥਿਤੀ ਵਿਚ ਵੀ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹਨ। ਔਰਤਾਂ ਆਪਣਾ ਮੁਕਾਮ ਹਾਸਿਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਜਾਗਰੂਕ ਹਨ। ਔਰਤਾਂ ਸਟੇਜਾਂ ਤੋਂ ਵੀ ਵਿਚਾਰ ਚਰਚਾ ਕਰਨ ਦੇ ਯੋਗ ਹਨ ਅਤੇ ਕਰ ਵੀ ਰਹੀਆਂ ਹਨ। ਔਰਤਾਂ ਕਾਨੂੰਨੀ ਸਲਾਹ ਵੀ ਦੇ ਰਹੀਆਂ ਹਨ। ਔਰਤਾਂ ਆਪਣੇ ਨਾਲ ਹੋਣ ਵਾਲੇ ਸਮਾਜਿਕ ਵਰਤਾਰਿਆਂ ਨੂੰ ਨਕਾਰ ਕੇ ਅੱਗੇ ਵਧ ਰਹੀਆਂ ਹਨ ਅਤੇ ਇਤਿਹਾਸ ਸਿਰਜ ਰਹੀਆਂ ਹਨ। ਉਹ ਆਪਣੇ ਨਾਲ ਹੋਣ ਵਾਲੀ ਹਰ ਇਕ ਬੇਇਨਸਾਫ਼ੀ ਖਿਲਾਫ ਵੀ ਲੜਨ ਲਈ ਦਿ੍ੜਤਾ ਪ੍ਰਗਟ ਕਰ ਰਹੀਆਂ ਹਨ।
                      ਕਿਸਾਨੀ ਸੰਘਰਸ਼ ਵਿਚ ਔਰਤਾਂ ਦਾ ਮਰਦਾਂ ਦੇ ਬਰਾਬਰ ਯੋਗਦਾਨ ਇਕ ਇਤਿਹਾਸਕ ਕਦਮ ਵੀ ਹੋਵੇਗਾ। ਜਿਵੇਂ ਇਤਿਹਾਸ ਵਿਚ ਵੀ ਉਨ੍ਹਾਂ ਔਰਤਾਂ ਨੂੰ ਯਾਦ ਕੀਤਾ ਜਾਂਦਾ ਹੈ ਜੋ ਮਰਦਾਂ ਦਾ ਪੂਰਾ ਸਾਥ ਦਿੰਦੀਆਂ ਸਨ ਭਾਵੇਂ ਉਹ ਯੁੱਧ ਦਾ ਮੈਦਾਨ ਹੀ ਕਿਉਂ ਨਾਂ ਹੋਵੇ। ਔਰਤਾਂ ਦਾ ਕਿਸਾਨ ਮੋਰਚਿਆਂ ਦੇ ਵਿਚ ਇਕੱਠ ਅਤੇ ਉਨ੍ਹਾਂ ਦੁਆਰਾ ਦਿੱਤਾ ਜਾ ਰਿਹਾ ਸਾਥ ਕਿਸਾਨ ਮੋਰਚੇ ਨੂੰ ਹੋਰ ਸ਼ਕਤੀ, ਬਲ ਪ੍ਰਦਾਨ ਕਰ ਰਿਹਾ ਹੈ। ਹੁਣ ਉਹ ਦਿਨ ਦੂਰ ਨਹੀਂ ਇਸ ਸੰਘਰਸ਼ ਦੇ ਅੱਗੇ ਸਰਕਾਰ ਨੂੰ ਵੀ ਗੋਡੇ ਟੇਕਣੇ ਪੈਣਗੇ।
ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮਜਬੂਰ ਹੋਣਾ ਪਵੇਗਾ।
          ਇਸ ਮੋਰਚੇ ਵਿਚ ਕਿਸਾਨਾਂ ਦੀ ਜਿੱਤ ਕੰਧ ਤੇ ਉੱਕਰੀ ਹੋਈ ਮੂਰਤੀ ਵਾਂਗ ਸਾਫ਼ ਦਿਖਾਈ ਦੇ ਰਹੀ ਹੈ ਭਾਵ ਕਿ ਕਿਸਾਨਾਂ ਦੀ ਜਿੱਤ ਯਕੀਨੀ ਹੈ। ਇਹ ਮੋਰਚਾ ਪੂਰੇ ਭਾਰਤ ਦੀ ਨੁਹਾਰ ਬਦਲ ਕੇ ਰੱਖ ਦੇਵੇਗਾ। ਇਸ ਮੋਰਚੇ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਮੋਰਚਾ ਇਤਿਹਾਸ ਦੇ ਰੂਪ ਵਿਚ ਪੜ੍ਹਾਇਆ ਜਾਵੇਗਾ। ਆਉਣ ਵਾਲੀਆਂ ਪੀੜ੍ਹੀਆਂ ਮਾਣ ਮਹਿਸੂਸ ਕਰਨਗੀਆਂ ਕਿ ਓਸ ਮੋਰਚੇ ਵਿਚ ਸਾਡੀਆਂ ਕਿਸਾਨ ਬੀਬੀਆਂ ਨੇ ਆਪਣੇ ਤਨੋਂ ਮਨੋਂ ਅਤੇ ਧਨੋ ਪੂਰਾ ਸਾਥ ਦਿੱਤਾ ਸੀ ਤਾਂ ਹੀ ਇਹ ਮੋਰਚਾ ਸਫ਼ਲ ਹੋਇਆ। ਇਹ ਮੋਰਚਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਹਮੇਸ਼ਾ ਅਗਵਾਈ ਕਰੇਗਾ ਕਿ ਕਿਸ ਧੀਰਜ, ਸੁਚੱਜਤਾ ਦੇ ਨਾਲ ਗਰਮੀ, ਸਰਦੀ, ਮੀਂਹ ਤੇ ਹਨੇਰੀ ਵਿੱਚ ਵੀ ਇਹ ਮੋਰਚਾ ਬਰਕਰਾਰ ਰਿਹਾ ਅਤੇ ਅਖੀਰ ਜਿੱਤ ਪ੍ਰਾਪਤ ਕੀਤੀ।
“ਅਰਸ਼ਪ੍ਰੀਤ ਕੌਰ ਸਰੋਆ”
Previous articleफर्जी एनकाउंटर में मारे गए कामरान के घर पहुंचे रिहाई मंच अध्यक्ष मुहम्मद शुऐब, अंतिम दम तक लड़ी जाएगी इंसाफ की लड़ाई
Next articleਮੱਘਰ ਮਹੀਨਾ ਚੜ੍ ਗਿਆ