ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਵਿਚ ਕਿਸਾਨਾਂ ਨੇ ਅੱਜ ਮਾਲ ਗੱਡੀਆਂ ਲਈ ਰੇਲ ਮਾਰਗ ਖੋਲ੍ਹ ਦਿੱਤੇ ਹਨ। ਕਿਸਾਨਾਂ ਨੇ ਰੇਲ ਮਾਰਗਾਂ ’ਤੇ 28 ਥਾਵਾਂ ਉਪਰ ਲਾਏ ਮੋਰਚੇ 15 ਦਿਨਾਂ ਲਈ ਮੁਲਤਵੀ ਕਰ ਦਿੱਤੇ ਹਨ। ਇਹ ਕਿਸਾਨ ਹੁਣ ਮੁਸਾਫਰ ਗੱਡੀਆਂ ਦੀ ਰੋਕ ਯਕੀਨੀ ਬਣਾਉਣ ਲਈ ਰੇਲਵੇ ਸਟੇਸ਼ਨਾਂ ’ਤੇ ਬੈਠ ਗਏ ਹਨ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫਿਰੋਜ਼ਪੁਰ ਦੇ ਰੇਲ ਮਾਰਗ ਤੋਂ ਧਰਨਾ ਚੁੱਕ ਦਿੱਤਾ ਹੈ ਅਤੇ ਦੇਵੀਦਾਸਪੁਰਾ (ਅੰਮ੍ਰਿਤਸਰ) ਰੇਲਵੇ ਟਰੈਕ ਉੱਤੇ ਲੱਗੇ ਧਰਨੇ ਨੂੰ 29 ਅਕਤੂਬਰ ਤਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ 30 ਕਿਸਾਨ ਧਿਰਾਂ ਨੇ ਖਾਦ ਅਤੇ ਕੋਲੇ ਦੀ ਸਪਲਾਈ ’ਤੇ ਅਸਰ ਪੈਣ ਕਾਰਨ 5 ਨਵੰਬਰ ਤੱਕ ਮਾਲ ਗੱਡੀਆਂ ਨੂੰ ਛੋਟ ਦੇਣ ਦਾ ਫੈਸਲਾ ਕੀਤਾ ਹੈ। ਰੇਲ ਮਾਰਗ ਖੁੱਲ੍ਹਦੇ ਸਾਰ ਹੀ ਖਾਦ ਅਤੇ ਕੋਲਾ ਕੰਪਨੀਆਂ ਨੇ ਸੂਬੇ ਵਿਚ ਸਪਲਾਈ ਦੇਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਖਾਦ ਅਤੇ ਕੋਲੇ ਦੇ ਕਰੀਬ 80 ਰੈਕ ਪੰਜਾਬ ਲਈ ਰਵਾਨਾ ਹੋ ਚੁੱਕੇ ਹਨ ਜੋ ਆਉਂਦੇ ਦਿਨਾਂ ਵਿਚ ਪੁੱਜਣੇ ਸ਼ੁਰੂ ਹੋ ਜਾਣਗੇ।

ਇੰਡੀਅਨ ਪੋਟਾਸ਼ ਲਿਮਿਟਡ ਦੇ ਖੇਤਰੀ ਅਧਿਕਾਰੀ ਰਵੀ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੜਕ ਰਸਤੇ 22 ਹਜ਼ਾਰ ਮੀਟਰਿਕ ਟਨ ਡੀਏਪੀ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ ਜਦੋਂ ਕਿ ਬਾਕੀ ਖਾਦ ਦੀ ਲੋਡਿੰਗ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਯੂਰੀਆ ਖਾਦ ਦੇ ਸੱਤ ਰੈਕ ਵੀ ਆ ਰਹੇ ਹਨ। ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਲਈ ਵੀ ਪੋਟਾਸ਼ ਤੇ ਡੀਏਪੀ ਖਾਦ ਦਾ ਇੱਕ ਰੈਕ ਆਉਂਦੇ ਦਿਨਾਂ ਵਿਚ ਪੁੱਜ ਜਾਵੇਗਾ। ਇਸੇ ਤਰ੍ਹਾਂ ਚੰਬਲ ਫਰਟੀਲਾਈਜ਼ਰ ਦੇ ਅਧਿਕਾਰੀ ਬੀ ਕੇ ਪੰਜਾਬੀ ਨੇ ਦੱਸਿਆ ਕਿ ਪੰਜ ਕੁ ਦਿਨਾਂ ਤੱਕ ਡੀਏਪੀ ਖਾਦ ਦੇ ਚਾਰ ਰੈਕ ਪੁੱਜ ਜਾਣਗੇ ਅਤੇ ਨਵੇਂ ਆਰਡਰ ਵੀ ਕਰ ਦਿੱਤੇ ਗਏ ਹਨ। ਬਾਕੀ ਕੰਪਨੀਆਂ ਦੇ ਰੈਕ ਵੀ ਲੋਡ ਹੋਣੇ ਸ਼ੁਰੂ ਹੋ ਗਏ ਹਨ।

ਪਾਵਰਕੌਮ ਵੀ ਰੇਲ ਮਾਰਗ ਖੁੱਲ੍ਹਣ ਮਗਰੋਂ ਮੁਸਤੈਦ ਹੋ ਗਿਆ ਹੈ। ਡਾਇਰੈਕਟਰ (ਜਨਰੇਸ਼ਨ) ਜਤਿੰਦਰ ਗੋਇਲ ਨੇ ਦੱਸਿਆ ਕਿ ਪਾਵਰਕੌਮ ਦੇ 7 ਰੈਕ ਕੋਲਾ ਸਪਲਾਈ ਲਈ ਰਵਾਨਾ ਹੋ ਚੁੱਕੇ ਹਨ। ਇਸੇ ਤਰ੍ਹਾਂ ਪ੍ਰਾਈਵੇਟ ਥਰਮਲਾਂ ਦੇ 77 ਰੈਕ ਵੀ ਰਾਹ ਵਿਚ ਹਨ ਜੋ ਆਉਂਦੇ ਦਿਨਾਂ ਵਿਚ ਪੁੱਜ ਜਾਣਗੇ।

ਉਧਰ ਲੁਧਿਆਣਾ ਦੀ ਖੁਸ਼ਕ ਬੰਦਰਗਾਹ ਤੋਂ ਵੀ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਖਾਦ ਅਤੇ ਕੋਲੇ ਦੀ ਕਿੱਲਤ ਨੂੰ ਦੇਖਦਿਆਂ ਬਸਤੀ ਟੈਂਕਾਂ ਵਾਲੀ (ਫਿਰੋਜ਼ਪੁਰ) ’ਚ ਲੱਗੇ ਧਰਨੇ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਜਦਕਿ ਦੇਵੀਦਾਸਪੁਰਾ (ਅੰਮ੍ਰਿਤਸਰ) ਰੇਲਵੇ ਟਰੈਕ ਉੱਤੇ ਲੱਗਿਆ ਧਰਨਾ 29 ਅਕਤੂਬਰ ਤਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅੰਬਾਨੀ-ਅਡਾਨੀ ਦੇ 25 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ 800 ਤੋਂ ਵੱਧ ਪਿੰਡਾਂ ਵਿੱਚ ਪੁਤਲੇ ਫੂਕੇ ਜਾਣਗੇ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਭਾਜਪਾ ਦੇ 9 ਆਗੂਆਂ ਦੇ ਘਰਾਂ ਅਤੇ 52 ਕਾਰਪੋਰੇਟ ਕਾਰੋਬਾਰਾਂ ਅੱਗੇ ਦਿਨ-ਰਾਤ ਦੇ ਧਰਨੇ ਜਾਰੀ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਦਸਹਿਰੇ ਵਾਲੇ ਦਿਨ ਦੁਪਹਿਰ 12 ਤੋਂ 3 ਵਜੇ ਤੱਕ ਕੇਂਦਰ ਸਰਕਾਰ ਤੇ ਅੰਬਾਨੀ-ਅਡਾਨੀ ਦੇ ਪੁਤਲੇ ਫੂਕੇ ਜਾਣਗੇ। ਵੱਖ ਵੱਖ ਥਾਵਾਂ ’ਤੇ ਧਰਨਿਆਂ ਨੂੰ ਅੱਜ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ, ਰਾਜਵਿੰਦਰ ਸਿੰਘ ਰਾਮਨਗਰ ਆਦਿ ਨੇ ਸੰਬੋਧਨ ਕੀਤਾ।

Previous articleपंजाब सरकार द्भारा केन्द्र के कृषि विरोधी कनून के विरुद्ध बिल लाने पर वर्करो ने लड्डू बांटे
Next articleਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ