ਹਮਲੇ ਦੇ ਕੇਸ ’ਚ ਸੋਮਨਾਥ ਭਾਰਤੀ ਨੂੰ ਦੋ ਸਾਲ ਕੈਦ ਦੀ ਸਜ਼ਾ

ਨਵੀਂ ਦਿੱਲੀ (ਸਮਾਜ ਵੀਕਲੀ): ਇੱਥੋਂ ਦੀ ਇੱਕ ਅਦਾਲਤ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਸ) ਦੇ ਸੁਰੱਖਿਆ ਕਰਮੀਆਂ ’ਤੇ ਹਮਲੇ ਦੇ ਦੋਸ਼ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਅੱਜ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਬਾਰੇ ‘ਆਪ’ ਨੇ ਕਿਹਾ ਕਿ ਉਨ੍ਹਾਂ ਨਾਲ ਨਾਇਨਸਾਫ਼ੀ ਹੋਈ ਹੈ। ਵਧੀਕ ਚੀਫ ਮੈਟਰੋਪਾਲਿਟਨ ਜੱਜ ਰਵਿੰਦਰ ਕੁਮਾਰ ਪਾਂਡੇ ਨੇ ‘ਆਪ’ ਵਿਧਾਇਕ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।

ਫਿਲਹਾਲ ਭਾਰਤੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤਾਂ ਜੋ ਉਹ ਇਸ ਕੇਸ ’ਚ ਦੋਸ਼ੀ ਠਹਿਰਾਏ ਜਾਣ ਤੇ ਜੇਲ੍ਹ ਦੀ ਸਜ਼ਾ ਖ਼ਿਲਾਫ਼ ਹਾਈ ਕੋਰਟ ’ਚ ਅਪੀਲ ਦਾਇਰ ਕਰ ਸਕਣ। ਸ਼ਿਕਾਇਤਕਰਤਾ ਅਨੁਸਾਰ 9 ਸਤੰਬਰ 2016 ਨੂੰ ਸੋਮਨਾਥ ਭਾਰਤੀ ਨੇ ਤਕਰੀਬਨ 300 ਹੋਰ ਲੋਕਾਂ ਨਾਲ ਏਮਸ ’ਚ ਜੇਸੀਬੀ ਨਾਲ ਇੱਕ ਚਾਰਦੀਵਾਰੀ ਢਾਹ ਦਿੱਤੀ ਸੀ। ਅਦਾਲਤ ਨੇ ਕਿਹਾ, ‘ਅਦਾਲਤ ਦਾ ਮੰਨਣਾ ਹੈ ਕਿ ਸ਼ਿਕਾਇਤਕਰਤਾ ਧਿਰ ਨੇ ਦੋਸ਼ੀ ਸੋਮਨਾਥ ਭਾਰਤੀ ਖ਼ਿਲਾਫ਼ ਆਪਣਾ ਮਾਮਲਾ ਸਾਬਤ ਕਰ ਕਰ ਦਿੱਤਾ ਹੈ।’ ਅਦਾਲਤ ਨੇ ਭਾਰਤੀ ਦੇ ਸਹਿਯੋਗੀਆਂ ਤੇ ਕੇਸ ਦੇ ਹੋਰ ਮੁਲਜ਼ਮਾਂ ਜਗਤ ਸੈਣੀ, ਦਿਲੀਪ ਝਾਅ, ਸੰਦੀਪ ਸੋਨੂੰ ਅਤੇ ਰਾਕੇਸ਼ ਪਾਂਡੇ ਨੂੰ ਬਰੀ ਕਰ ਦਿੱਤਾ ਹੈ।

ਉੱਧਰ ਆਮ ਆਦਮੀ ਪਾਰਟੀ ਨੇ ਕਿਹਾ, ‘ਸੋਮਨਾਥ ਇੱਕ ਅਪੀਲ ਦਾਇਰ ਕਰ ਰਹੇ ਹਨ। ਸਾਨੂੰ ਭਰੋਸਾ ਹੈ ਕਿ ਅਪੀਲੀ ਪੱਧਰ ’ਤੇ ਉਨ੍ਹਾਂ ਨਾਲ ਇਨਸਾਫ਼ ਹੋਵੇਗਾ।’ ਪਾਰਟੀ ਨੇ ਕਿਹਾ, ‘ਅਸੀਂ ਨਿਆਂ-ਪਾਲਿਕਾ ਦਾ ਸਨਮਾਨ ਕਰਦੇ ਹਾਂ ਅਤੇ ਸਾਨੂੰ ਨਿਆਂ-ਪਾਲਿਕਾ ’ਤੇ ਪੂਰਾ ਭਰੋਸਾ ਹੈ। ਹਾਲਾਂਕਿ ਸਾਨੂੰ ਲੱਗਦਾ ਹੈ ਕਿ ਇਸ ਮਾਮਲੇ ’ਚ ਸੋਮਨਾਥ ਭਾਰਤੀ ਨਾਲ ਅਨਿਆਂ ਹੋਇਆ ਹੈ।’

Previous articleਕਿਸਾਨਾਂ ਨੇ ਕਾਲੀਆ ਦੀ ਮੀਟਿੰਗ ਵਾਲਾ ਹੋਟਲ ਘੇਰਿਆ
Next articleਲੱਦਾਖ ਵਿਵਾਦ: ਭਾਰਤ-ਚੀਨ ਵਿਚਾਲੇ 9ਵੇਂ ਗੇੜ ਦੀ ਗੱਲਬਾਤ ਅੱਜ