ਕਿਰਨ ਬਾਲਾ ਤੇ ਪਵਨ ਕੁਮਾਰ ਪਠਾਨਕੋਟ ਬਲਾਕ ਸਮਿਤੀ ਦੇ ਚੇਅਰਮੈਨ ਬਣੇ

ਪਠਾਨਕੋਟ ਬਲਾਕ ਸਮਿਤੀ ਦੇ ਚੇਅਰਮੈਨ ਦੀ ਚੋਣ ਸਮੇਂ ਕਾਂਗਰਸੀ ਵਿਧਾਇਕਾਂ ਜੋਗਿੰਦਰ ਪਾਲ (ਹਲਕਾ ਭੋਆ) ਅਤੇ ਅਮਿਤ ਵਿਜ (ਹਲਕਾ ਪਠਾਨਕੋਟ) ਦਰਮਿਆਨ ਕਾਫੀ ਕਸ਼ਮਕਸ਼ ਹੁੰਦੀ ਰਹੀ ਜਿਸ ਕਾਰਨ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਚੋਣ ਨਾ ਹੋ ਸਕੀ। ਪਠਾਨਕੋਟ ਦਾ ਵਿਧਾਇਕ ਚਾਹੁੰਦਾ ਸੀ ਕਿ ਉਸ ਦੇ ਹਲਕੇ ਵਿੱਚੋਂ ਬਲਾਕ ਸਮਿਤੀ ਦਾ ਚੇਅਰਮੈਨ ਚੁਣਿਆ ਜਾਵੇ ਜਦਕਿ ਭੋਆ ਦਾ ਵਿਧਾਇਕ ਇਸ ਗੱਲ ਉਪਰ ਅੜਿਆ ਹੋਇਆ ਸੀ ਕਿ ਉਸ ਦੇ ਹਲਕੇ ਵਿੱਚੋਂ ਚੇਅਰਮੈਨ ਚੁਣਿਆ ਜਾਵੇ। ਇਸ ਉਪਰ ਸਹਿਮਤੀ ਨਾ ਹੁੰਦੀ ਦੇਖ ਕੇ ਅਖੀਰ ਪਠਾਨਕੋਟ ਦਾ ਵਿਧਾਇਕ ਅਮਿਤ ਵਿਜ ਚਲਾ ਗਿਆ। ਬਾਅਦ ਵਿੱਚ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਰਿਟਰਨਿੰਗ ਅਧਿਕਾਰੀ ਅਰਸ਼ਦੀਪ (ਐਸ.ਡੀ.ਐਮ. ਪਠਾਨਕੋਟ) ਨੂੰ ਕਿਹਾ ਕਿ ਉਸ ਕੋਲ ਬਹੁਮਤ ਵਿੱਚ ਬਲਾਕ ਸਮਿਤੀ ਮੈਂਬਰ ਮੌਜੂਦ ਹਨ ਅਤੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਕੀਤੀ ਜਾਵੇ ਜਿਸ ’ਤੇ ਐਸਡੀਐਮ ਨੇ ਚੋਣ ਕਰਵਾ ਦਿੱਤੀ ਅਤੇ ਤਰਗੜ ਕਲਾਂ ਦੀ ਬਲਾਕ ਸਮਿਤੀ ਮੈਂਬਰ ਕਿਰਨ ਬਾਲਾ ਨੂੰ ਚੇਅਰਮੈਨ ਅਤੇ ਆਬਾਦਗੜ੍ਹ ਦੇ ਬਲਾਕ ਸਮਿਤੀ ਮੈਂਬਰ ਪਵਨ ਕੁਮਾਰ ਪੱਪੂ ਨੂੰ ਵਾਈਸ ਚੇਅਰਮੈਨ ਚੁਣ ਲਿਆ ਗਿਆ। ਦੋਹਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਦੋਹਾਂ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ ਅਤੇ ਪਿੰਡਾਂ ਦਾ ਵਿਕਾਸ ਕਰਵਾਉਣਗੇ। ਜ਼ਿਕਰਯੋਗ ਹੈ ਕਿ ਪਠਾਨਕੋਟ ਬਲਾਕ ਸਮਿਤੀ ਵਿੱਚ ਕੁੱਲ 15 ਬਲਾਕ ਸਮਿਤੀ ਮੈਂਬਰ ਹਨ ਜਿਨ੍ਹਾਂ ਵਿੱਚੋਂ 9 ਕਾਂਗਰਸ ਦੇ ਅਤੇ 6 ਭਾਜਪਾ ਦੇ ਹਨ। ਇਸ ਕਰ ਕੇ ਚੇਅਰਮੈਨ ਤੇ ਵਾਈਸ ਚੇਅਰਮੈਨ ਕਾਂਗਰਸ ਦਾ ਹੀ ਬਣਨਾ ਤੈਅ ਸੀ। ਕਾਂਗਰਸ ਦੇ ਬਲਾਕ ਸਮਿਤੀ ਮੈਂਬਰਾਂ ਵਿੱਚੋਂ 5 ਮੈਂਬਰ ਪਠਾਨਕੋਟ ਵਿਧਾਨ ਸਭਾ ਹਲਕੇ ਵਿੱਚ, 3 ਭੋਆ ਵਿਧਾਨ ਸਭਾ ਹਲਕੇ ਵਿੱਚ ਅਤੇ 1 ਸੁਜਾਨਪੁਰ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਸੀ। ਜੋਗਿੰਦਰ ਪਾਲ ਵਿਧਾਇਕ ਨੇ ਪਠਾਨਕੋਟ ਵਿਧਾਨ ਸਭਾ ਹਲਕੇ ਵਿੱਚੋਂ 1 ਮੈਂਬਰ ਤੋੜ ਕੇ ਆਪਣੇ ਨਾਲ ਬਹੁਮਤ ਬਣਾ ਲਿਆ ਅਤੇ ਚੇਅਰਮੈਨ ਤੇ ਉਪ-ਚੇਅਰਮੈਨ ਆਪਣੇ ਪੱਖੀ ਚੁਣ ਲਏ। ਇਸ ਤਰ੍ਹਾਂ ਨਾਲ ਭੋਆ ਦਾ ਵਿਧਾਇਕ ਬਾਜ਼ੀ ਮਾਰ ਗਿਆ।

Previous articleਅਮਿਤ ਸ਼ਾਹ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ
Next articleਬੇਕਾਬੂ ਕਾਰ ਨੇ ਪੰਜ ਦੋ-ਪਹੀਆ ਵਾਹਨ ਦਰੜੇ; ਦੋ ਮੌਤਾਂ