ਬੇਕਾਬੂ ਕਾਰ ਨੇ ਪੰਜ ਦੋ-ਪਹੀਆ ਵਾਹਨ ਦਰੜੇ; ਦੋ ਮੌਤਾਂ

ਜਗਰਾਉਂ ਰੇਲਵੇ ਪੁਲ ’ਤੇ ਕਾਰ ਅਤੇ ਮੋਟਰਸਾਈਕਲਾਂ ਵਿਚਾਲੇ ਹੋਈ ਟੱਕਰ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਸਮੇਤ ਦੋ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਅੰਮ੍ਰਿਤਪਾਲ ਸਿੰਘ ਵਾਸੀ ਗਾਂਧੀ ਨਗਰ ਗੱਡੀ ’ਤੇ ਜਾ ਰਿਹਾ ਸੀ। ਜਦੋਂ ਉਹ ਰੇਲਵੇ ਪੁਲ ਤੋਂ ਲੰਘਿਆ ਤਾਂ ਕਾਰ ਬੇਕਾਬੂ ਹੋ ਗਈ ਅਤੇ ਪੁਲ ’ਤੇ ਜਾ ਰਹੇ ਤਿੰਨ ਮੋਟਰਸਾਈਕਲ ਅਤੇ ਦੋ ਸਕੂਟਰਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਘਟਨਾ ਅੱਖੀਂ ਦੇਖਣ ਵਾਲਿਆਂ ਅਨੁਸਾਰ ਕਾਰ ਤੇਜ ਸੀ। ਟੱਕਰ ਹੋਣ ਕਾਰਨ ਇੱਕ ਸਕੂਟਰ ਸਵਾਰ ਪੁਲ ਤੋਂ ਹੇਠਾਂ ਡਿੱਗ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਲਟੀਆਂ ਖਾਂਦੀ ਕਾਰ ਨੇ ਦੋ ਹੋਰ ਰਾਹਗੀਰਾਂ ਨੂੰ ਟੱਕਰ ਮਾਰੀ ਤੇ ਸਕੂਟਰ, ਮੋਟਰਸਾਈਕਲ ਚਕਨਾ ਚੂਰ ਹੋ ਗਏ। ਦੂਸਰਾ ਸਕੂਟਰ ਸਵਾਰ ਵੀ ਗੰਭੀਰ ਜ਼ਖ਼ਮੀ ਹੋ ਗਿਆ ਤੇ ਤੀਸਰਾ ਵੀ ਟੱਕਰ ਵੱਜਣ ਮਗਰੋਂ ਦੂਰ ਜਾ ਡਿੱਗਾ। ਰਾਹਗੀਰਾਂ ਨੇ ਐਬੂਲੈਂਸ ਨੂੰ ਫੋਨ ਕੀਤਾ। ਐਂਬੂਲੈਂਸ ਨੇ ਦੋਵਾਂ ਜ਼ਖ਼ਮੀਆਂ ਅਤੇ ਮ੍ਰਿਤਕ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਇੱਕ ਹੋਰ ਜ਼ਖ਼ਮੀ ਦਮ ਤੋੜ ਗਿਆ। ਤੀਸਰੇ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਲੁਧਿਆਣੇ ਭੇਜ ਦਿੱਤਾ ਹੈ, ਕਾਰ ਚਾਲਕ ਵੀ ਜ਼ਖ਼ਮੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਵਿਅਕਤੀਆਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ’ਚ ਪੁਲ ਤੋਂ ਹੇਠਾਂ ਡਿੱਗੇ ਵਿਅਕਤੀ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਅਗਵਾੜ ਲਧਾਈ, ਦੂਸਰੇ ਮ੍ਰਿਤਕ ਦੀ ਪਛਾਣ ਗੁਰਦਿਆਲ ਸਿੰਘ ਵਾਸੀ ਫਿਲੀ ਗੇਟ ਅਤੇ ਜ਼ਖਮੀ ਦੀ ਪਛਾਣ ਰਾਜ ਕੁਮਾਰ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ ਅਤੇ ਕਾਰ ਚਾਲਕ ਨੂੰ ਹਿਰਾਸਤ ’ਚ ਲੈ ਲਿਆ ਹੈ।

Previous articleਕਿਰਨ ਬਾਲਾ ਤੇ ਪਵਨ ਕੁਮਾਰ ਪਠਾਨਕੋਟ ਬਲਾਕ ਸਮਿਤੀ ਦੇ ਚੇਅਰਮੈਨ ਬਣੇ
Next articleਸੇਰੇਨਾ ਦੀ ਯੂਐੱਸ ਓਪਨ ਵਿੱਚ ਰਿਕਾਰਡ 100ਵੀਂ ਜਿੱਤ