ਸਪੀਕਰ ਦੇ ਮੇਜ਼ ਤੋਂ ਕਾਗਜ਼ ਚੁੱਕ ਕੇ ਸੁੱਟਣ ਦਾ ਦੋਸ਼
ਨਵੀਂ ਦਿੱਲੀ- ਸਦਨ ’ਚ ‘ਦੁਰਵਿਹਾਰ’ ਅਤੇ ‘ਮਰਿਆਦਾ’ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਾਂਗਰਸ ਦੇ ਸੱਤ ਮੈਂਬਰਾਂ ਨੂੰ ਅੱਜ ਬਜਟ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਲੋਕ ਸਭਾ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਮੈਂਬਰਾਂ ’ਤੇ ਦੋਸ਼ ਲੱਗਾ ਹੈ ਕਿ ਉਨ੍ਹਾਂ ਸਪੀਕਰ ਦੇ ਮੇਜ਼ ਤੋਂ ਕਾਗਜ਼ ਚੁੱਕ ਕੇ ਉਨ੍ਹਾਂ ਨੂੰ ਹਵਾ ’ਚ ਉਛਾਲ ਦਿੱਤਾ। ਮੁਅੱਤਲ ਕੀਤੇ ਗਏ ਮੈਂਬਰਾਂ ’ਚ ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ), ਗੌਰਵ ਗੋਗੋਈ, ਟੀ ਐੱਨ ਪ੍ਰਤਾਪਨ, ਡੀਨ ਕੁਰੀਆਕੋਜ਼ੇ, ਮਨਿਕਾ ਟੈਗੋਰ, ਰਾਜਮੋਹਨ ਊਨੀਥਨ ਅਤੇ ਬੇਨੀ ਬੇਹਾਨਨ ਸ਼ਾਮਲ ਹਨ। ਜਿਵੇਂ ਹੀ ਸਦਨ ਦੁਪਹਿਰ ਬਾਅਦ ਤਿੰਨ ਵਜੇ ਮੁੜ ਜੁੜਿਆ ਤਾਂ ਲੋਕ ਸਭਾ ਦੀ ਕਾਰਵਾਈ ਚਲਾ ਰਹੀ ਮੀਨਾਕਸ਼ੀ ਲੇਖੀ ਨੇ ਕਾਂਗਰਸ ਦੇ ਸੱਤ ਮੈਂਬਰਾਂ ਦੇ ਨਾਮ ਲਏ। ਚੇਅਰ ਵੱਲੋਂ ਜਦੋਂ ਕਿਸੇ ਮੈਂਬਰ ਦਾ ਨਾਮ ਲਿਆ ਜਾਂਦਾ ਹੈ ਤਾਂ ਉਸ ਨੂੰ ਦਿਨ ਭਰ ਲਈ ਸਦਨ ਦੀ ਕਾਰਵਾਈ ’ਚ ਹਾਜ਼ਰੀ ਨਹੀਂ ਭਰਨ ਦਿੱਤੀ ਜਾਂਦੀ ਹੈ। ਮੈਂਬਰਾਂ ਦਾ ਨਾਮ ਲੈਂਦਿਆਂ ਸ੍ਰੀਮਤੀ ਲੇਖੀ ਨੇ ਦੱਸਿਆ,‘‘ਸਦਨ ’ਚ ਜਦੋਂ ਮਿਨਰਲ ਕਾਨੂੰਨ (ਸੋਧ) ਬਿਲ, 2020 ’ਤੇ ਚਰਚਾ ਹੋ ਰਹੀ ਸੀ ਤਾਂ ਕੁਝ ਮੈਂਬਰਾਂ ਨੇ ਸਪੀਕਰ ਦੇ ਮੇਜ਼ ਤੋਂ ‘ਜਬਰੀ’ ਪੇਪਰ ਖੋਹ ਕੇ ਉਨ੍ਹਾਂ ਨੂੰ ਹਵਾ ’ਚ ਉਛਾਲ ਦਿੱਤਾ। ਅਜਿਹੀ ਮੰਦਭਾਗੀ ਘਟਨਾ ਸ਼ਾਇਦ ਸੰਸਦੀ ਇਤਿਹਾਸ ’ਚ ਪਹਿਲੀ ਵਾਰ ਵਾਪਰੀ ਹੈ। ਮੈਂ ਅਜਿਹੇ ਵਤੀਰੇ ਦੀ ਨਿਖੇਧੀ ਕਰਦੀ ਹਾਂ।’’ ਇਸ ਮਗਰੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੈਂਬਰਾਂ ਨੂੰ ਸਦਨ ’ਚੋਂ ਬਜਟ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ। ਵਿਰੋਧੀ ਮੈਂਬਰਾਂ ਦੇ ਵਿਰੋਧ ਵਿਚਕਾਰ ਇਸ ਮਤੇ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ ਕਰ ਦਿੱਤਾ ਗਿਆ। ਸ੍ਰੀਮਤੀ ਲੇਖੀ ਨੇ ਸੱਤ ਮੈਂਬਰਾਂ ਨੂੰ ਤੁਰੰਤ ਸਦਨ ’ਚੋਂ ਜਾਣ ਲਈ ਕਿਹਾ ਅਤੇ ਫਿਰ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ।
ਇਸ ਤੋਂ ਪਹਿਲਾਂ ਲੋਕ ਸਣਾ ਦੀ ਕਾਰਵਾਈ ਅੱਜ ਚਾਰ ਵਾਰ ਮੁਲਤਵੀ ਕਰਨੀ ਪਈ। ਕਾਂਗਰਸ ਮੈਂਬਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਕੀਤੀ ਗਈ ਇਤਰਾਜ਼ਯੋਗ ਟਿੱਪਣੀ ’ਤੇ ਰਾਜਸਥਾਨ ਤੋਂ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦੇ ਸੰਸਦ ਮੈਂਬਰ ਹਨੂਮਾਨ ਬੇਨੀਵਾਲ ਨੂੰ ਸਦਨ ’ਚੋਂ ਮੁਅੱਤਲ ਕਰਨ ਦੀ ਮੰਗ ਕਰ ਰਹੇ ਸਨ। ਕਾਂਗਰਸ ਮੈਂਬਰ ਸਪੀਕਰ ਦੇ ਆਸਣ ਸਾਹਮਣੇ ਆ ਗਏ ਅਤੇ ਪ੍ਰਦਰਸ਼ਨ ਕਰਨ ਲੱਗ ਪਏ। ਸਦਨ ਦੀ ਕਾਰਵਾਈ ਚਲਾ ਰਹੀ ਰਮਾ ਦੇਵੀ ਨੇ ਕਾਂਗਰਸ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਨਾਅਰੇਬਾਜ਼ੀ ਦੀ ਪਰਵਾਹ ਨਾ ਕੀਤੀ। ਜਦੋਂ ਮਿਨਰਲ ਕਾਨੂੰਨ (ਸੋਧ) ਬਿੱਲ, 2020 ਪਾਸ ਕਰਨ ਦਾ ਅਮਲ ਚੱਲ ਰਿਹਾ ਸੀ ਤਾਂ ਕਾਂਗਰਸ ਦੇ ਗੌਰਵ ਗੋਗੋਈ ਨੂੰ ਕਾਗਜ਼ ਸੁੱਟਦੇ ਦੇਖਿਆ ਗਿਆ। ਇਸ ਮਗਰੋਂ ਉਨ੍ਹਾਂ ਸਦਨ ਨੂੰ ਦੁਪਹਿਰ ਤਿੰਨ ਵਜੇ ਤੱਕ ਮੁਲਤਵੀ ਕਰ ਦਿੱਤਾ ਸੀ।