ਨਿਰਭਯਾ ਕੇਸ: ਦੋਸ਼ੀਆਂ ਦੀ ਮੌਤ ਦੇ ਸੱਜਰੇ ਵਾਰੰਟ ਜਾਰੀ

ਨਵੀਂ ਦਿੱਲੀ- ਨਿਰਭਯਾ ਸਮੂਹਕ ਜਬਰ-ਜਨਾਹ ਤੇ ਕਤਲ ਦੇ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਨੇ ਅੱਜ ਚਾਰੇ ਦੋਸ਼ੀਆਂ ਦੀ ਮੌਤ ਦੇ ਤਾਜ਼ਾ ਵਾਰੰਟ ਜਾਰੀ ਕਰ ਦਿੱਤੇ ਹਨ। ਇਹ ਵਾਰੰਟ ਚੌਥੀ ਵਾਰ ਜਾਰੀ ਹੋਏ ਹਨ। ਨਵੇਂ ਹੁਕਮਾਂ ਅਨੁਸਾਰ ਦੋਸ਼ੀਆਂ ਨੂੰ ਹੁਣ 20 ਮਾਰਚ ਨੂੰ ਫਾਹੇ ਲਾਇਆ ਜਾਵੇਗਾ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਹੁਕਮ ਸਣਾਉਂਦਿਆਂ ਕਿਹਾ ਕਿ 20 ਮਾਰਚ ਨੂੰ ਤੜਕੇ ਸਾਢੇ ਪੰਜ ਵਜੇ ਦੋਸ਼ੀਆਂ ਨੂੰ ਫਾਹੇ ਟੰਗਿਆ ਜਾਵੇਗਾ ਜਦੋਂ ਤੱਕ ਉਹ ਦਮ ਨਹੀਂ ਤੋੜ ਦਿੰਦੇ। ਇਸ ਦੌਰਾਨ ਨਿਰਭਯਾ ਦੀ ਮਾਂ ਨੇ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਫਾਂਸੀ ਦੀ ਸਜ਼ਾ ਦਾ ਮਾਮਲਾ ਪਹਿਲਾਂ ਵੀ ਤਿੰਨ ਵਾਰ ਲਟਕ ਚੁੱਕਿਆ ਹੈ ਪਰ ਉਸ ਦੇ ਕਲੇਜੇ ਨੂੰ ਉਦੋਂ ਠੰਢ ਪਵੇਗੀ ਜਦੋਂ ਦੋਸ਼ੀ ਫਾਹੇ ਟੰਗ ਦਿੱਤੇ ਜਾਣਗੇ।
ਸੁਣਵਾਈ ਦੌਰਾਨ ਵਧੀਕ ਇਸਤਗਾਸਾ ਧਿਰ ਦੇ ਵਕੀਲ ਇਰਫ਼ਾਨ ਅਹਿਮਦ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਦੋਸ਼ੀਆਂ ਦੇ ਫਾਂਸੀ ਤੋਂ ਬਚਣ ਲਈ ਸਾਰੇ ਕਾਨੂੰਨੀ ਰਾਹ ਬੰਦ ਹੋ ਚੁੱਕੇ ਹਨ, ਇਸ ਲਈ ਉਨ੍ਹਾਂ ਖ਼ਿਲਾਫ਼ ਤਾਜ਼ਾ ਮੌਤ ਦਾ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ। ਇਸ ਦੌਰਾਨ ਦੋਸ਼ੀਆਂ ਦੇ ਪੱਖ ਦੇ ਵਕੀਲ ਏਪੀ ਸਿੰਘ ਨੇ ਅਦਾਲਤ ਕੋਲੋਂ ਆਪਣੇ ਮੁਵੱਕਿਲਾਂ ਨਾਲ ਗੱਲਬਾਤ ਕਰਨ ਲਈ ਹੋਰ ਸਮੇਂ ਦੀ ਮੰਗ ਕੀਤੀ। ਗ਼ੌਰਤਲਬ ਹੈ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਦੋਸ਼ੀ ਪਵਨ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਗਈ ਸੀ। ਇਸ ਮਗਰੋਂ ਅਦਾਲਤ ਨੇ ਬੁੱਧਵਾਰ ਨੂੰ ਦਿੱਲੀ ਸਰਕਾਰ ਤੇ ਤਿਹਾੜ ਜੇਲ੍ਹ ਅਥਾਰਿਟੀ ਨੂੰ ਨੋਟਿਸ ਭੇਜ ਕੇ ਤਾਜ਼ਾ ਫ਼ੈਸਲੇ ਤੋਂ ਜਾਣੂ ਕਰਵਾਇਆ।

Previous articleਕਾਂਗਰਸ ਦੇ 7 ਮੈਂਬਰ ਲੋਕ ਸਭਾ ’ਚੋਂ ਮੁਅੱਤਲ
Next articleਕਰੋਨਾਵਾਇਰਸ: ਹਰ ਸੰਭਵ ਉਪਰਾਲਾ ਕਰ ਰਹੀ ਹੈ ਸਰਕਾਰ