ਜੈਪੁਰ (ਸਮਾਜਵੀਕਲੀ) : ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੀ ਕੌਮੀ ਉਪ ਪ੍ਰਧਾਨ ਵਸੁੰਧਰਾ ਰਾਜੇ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕਾਂਗਰਸ, ਭਾਜਪਾ ਅਤੇ ਭਾਜਪਾ ਲੀਡਰਸ਼ਿਪ ’ਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜਸਥਾਨ ਦੇ ਮੌਜੂਦਾ ਰਾਜਨੀਤਕ ਖਿੱਚੋਤਾਣ ਵਿਚਾਲੇ ਰਾਜੇ ਦਾ ਇਹ ਪਹਿਲਾ ਬਿਆਨ ਹੈ।
ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਆਡੀਓ ਟੇਪ ਕਾਂਡ ਕਾਰਨ ਹੰਗਾਮਾ ਮਚਿਆ ਹੋਇਆ ਹੈ। ਰਾਜੇ ਨੇ ਆਪਣੀ ਚੁੱਪ ਤੋੜਦਿਆਂ ਟਵੀਟ ਕੀਤਾ, ‘‘ਇਹ ਬਦਕਿਸਮਤੀ ਹੈ ਕਿ ਕਾਂਗਰਸ ਦੇ ਅੰਦਰੂਨੀ ਝਗੜੇ ਦਾ ਨੁਕਸਾਨ ਅੱਜ ਰਾਜਸਥਾਨ ਦੀ ਜਨਤਾ ਨੂੰ ਝੱਲਣਾ ਪੈ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਅਜਿਹੇ ਸਮੇਂ ਵਿੱਚ ਜਦੋਂ ਸੂਬੇ ਵਿੱਚ ਕਰੋਨਾ ਦੀ ਲਾਗ ਕਾਰਨ 500 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ ਅਤੇ 26000 ਦੇ ਕਰੀਬ ਲੋਕ ਪੀੜਤ ਹਨ… ਜਦੋਂ ਟਿੱਡੀਦਲ ਲਗਾਤਾਰ ਕਿਸਾਨਾਂ ਦੇ ਖੇਤਾਂ ’ਤੇ ਹਮਲਾ ਕਰ ਰਿਹਾ ਹੈ.. ਅਜਿਹੇ ਸਮੇਂ ਜਦੋਂ ਔਰਤਾਂ ਖ਼ਿਲਾਫ਼ ਅਪਰਾਧ ਵਧੇ ਹਨ, ਅਜਿਹੇ ਸਮੇਂ ਕਾਂਗਰਸ, ਭਾਜਪਾ ਅਤੇ ਭਾਜਪਾ ਲੀਡਰਸ਼ਿਪ ’ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ’’ ਉਨ੍ਹਾਂ ਕਿਹਾ , ‘‘ ਸਰਕਾਰ ਲਈ ਸਿਰਫ ਅਤੇ ਸਿਰਫ ਜਨਤਾ ਦਾ ਹਿੱਤ ਹੀ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ।’’ ਉਨ੍ਹਾਂ ਲਿਖਿਆ ਹੈ ਕਿ ‘ਕਦੇ ਤਾਂ ਜਨਤਾ ਬਾਰੇ ਸੋਚੋ। ’