(ਸਮਾਜ ਵੀਕਲੀ)
ਮੇਰਾ ਯਾਰ ਬੜਾ ਬਚਕਾਣਾ, ਕਲਾ ਨਿਰਾਲੀ ਹੈ
ਗੱਲ ਕਹਿ ਕੇ ਮੁੱਕਰ ਜਾਣਾ, ਕਲਾ ਨਿਰਾਲੀ ਹੈ
ਉੱਪਰੋਂ – ਉੱਪਰੋਂ ਤਾਂ ਬਹੁਤੀ ਖੁਸ਼ੀ ਵਿਖਾਉਂਦਾ ਏ
ਪਰ ਅੰਦਰੋਂ ਸੜ ਭੁਜ ਜਾਣਾ, ਕਲਾ ਨਿਰਾਲੀ ਹੈ
ਉਂਝ ਜਾਨ ਦੇਣ ਦੀਆਂ ਗੱਲਾਂ ਹਰਦਮ ਕਰਦਾ ਉਹ
ਨਾ ਔਖ ਵੇਲੇ ਕੰਮ ਆਣਾ, ਕਲਾ ਨਿਰਾਲੀ ਹੈ
ਪਹਿਲਾਂ ਫ਼ੁਕਰਪੁਣੇ ਵਿੱਚ ਆ ਕੇ ਚੁਗ਼ਲੀ ਕਰ ਜਾਂਦਾ
ਫਿਰ ਝੂਠੀ ਸੌਂਹ ਖਾ ਜਾਣਾਂ , ਕਲਾ ਨਿਰਾਲੀ ਹੈ
ਉਹਦਾ ਪਲ ਵਿੱਚ ਤੋਲ਼ਾ ਪਲ ਵਿੱਚ ਮਾਸਾ ਹੋ ਜਾਣਾ
ਗਿਰਗਿਟ ਜਿਹਾ ਰੰਗ ਵਟਾਉਣਾ, ਕਲਾ ਨਿਰਾਲੀ ਹੈ
ਆਪਣੇ ਮਸਲੇ ਤਾਂ ਉਸ ਤੋਂ ਹੁੰਦੇ ਹੱਲ ਨਹੀਂ
ਦੂਜਿਆਂ ਵਿੱਚ ਟੰਗ ਅੜਾਉਣਾ, ਕਲਾ ਨਿਰਾਲੀ ਹੈ
ਗੱਲ ਸਮਝ ਲਏ ਤਾਂ ਬੇਹਤਰ ਉਹਦੇ ਮੇਰੇ ਲਈ
ਕਿਤੇ ਪੈ ਨਾ ਜਾਏ ਪਛਤਾਣਾ, ਕਲਾ ਨਿਰਾਲੀ ਹੈ
ਸਮਝੇ ਨਾ “ਖੁਸ਼ੀ ਮੁਹੰਮਦਾ” ਕਿ ਅਣਜਾਣ ਹਾਂ ਮੈਂ
ਉਹਦੀ ਰਗ਼ ਰਗ਼ ਮੈਂ ਪਹਿਚਾਣਾਂ, ਕਲਾ ਨਿਰਾਲੀ ਹੈ
ਖੁਸ਼ੀ ਮੁਹੰਮਦ “ਚੱਠਾ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly