40-40 ਲੱਖ ਖ਼ਰਚ ਕੇ ਆਪਣੇ ਪਰਿਵਾਰ ਸਮੇਤ ਇੰਗਲੈਂਡ ਆਏਂ ਲੋਕ ਸਬੰਧਤ ਫਰਮ ਵੱਲੋਂ ਕੰਮ ਨਾ ਦਿੱਤੇ ਜਾਣ ਕਾਰਨ ਕਸੂਤੇ ਫਸੇ

ਕੈਪਸਨ:- ਠੱਗੀ ਦਾ ਸ਼ਿਕਾਰ ਹੋ ਕੇ ਯੂ.ਕੇ ਚ ਧੱਕੇ ਖਾਣ ਲਈ ਮਜਬੂਰ ਹੋਏ ਪਰਿਵਾਰਾਂ ਦਾ ਮਸਲਾ ਭਾਰਤੀ ਹਾਈ ਕਮਿਸ਼ਨਰ ਲੰਡਨ ਵਿਕਰਮ ਦੁਰਾਏਸੁਆਮੀ ਕੋਲ ਉਠਾਉਂਦੇ ਹੋਏ ਸ਼ੀਤਲ ਸਿੰਘ ਗਿੱਲ। ਤਸਵੀਰ:-ਸੁਖਜਿੰਦਰ ਸਿੰਘ  ਢੱਡੇ

40-40 ਲੱਖ ਖ਼ਰਚ ਕੇ ਆਪਣੇ ਪਰਿਵਾਰ ਸਮੇਤ ਇੰਗਲੈਂਡ ਆਏਂ ਲੋਕ ਸਬੰਧਤ ਫਰਮ ਵੱਲੋਂ ਕੰਮ ਨਾ ਦਿੱਤੇ ਜਾਣ ਕਾਰਨ ਕਸੂਤੇ ਫਸੇ
*ਵਾਪਿਸ ਪੰਜਾਬ ਜਾਣ ਲਈ ਟਿਕਟਾਂ ਖ਼ਰੀਦਣ ਲਈ ਵੀ ਨਹੀਂ ਹਨ ਪੈਸੇ
*ਸ਼ੀਤਲ ਸਿੰਘ ਗਿੱਲ ਨੇ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦਾ ਮਸਲਾ ਭਾਰਤੀ ਹਾਈ ਕਮਿਸ਼ਨਰ ਲੰਡਨ ਕੋਲ਼ ਉਠਾਇਆ

(ਸਮਾਜ ਵੀਕਲੀ

ਲੈਸਟਰ (ਇੰਗਲੈਂਡ),17 ਅੰਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਕੇਅਰ ਹਾਊਮ ਦੇ ਵਰਕਰ ਵੀਜੇ ਤੇ ਇੰਗਲੈਂਡ ਆਏਂ ਵੱਡੀ ਗਿਣਤੀ ਚ ਪਰਿਵਾਰਾਂ ਸਮੇਤ ਲੋਕ ਇਸ ਵੇਲੇ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ, ਕਿਉਂਕਿ ਵਰਕ ਵੀਜੇ ਤੇ ਇੰਗਲੈਂਡ ਆਏਂ ਲੋਕਾਂ ਜਿਨ੍ਹਾਂ ਚ ਬਹੁਗਿਣਤੀ ਲੜਕੀਆਂ ਦੀ ਹੈ, ਸਬੰਧਤ ਕੇਅਰ ਹੋਮ ਵੱਲੋਂ ਕੰਮ ਨਾ ਦਿੱਤੇ ਜਾਣ ਕਾਰਨ ਆਪਣੇ ਬੱਚਿਆਂ ਅਤੇ ਪਤੀ ਸਮੇਤ ਤੰਗੀ ਦੇ ਦਿਨ ਬਤੀਤ ਕਰਨ ਲਈ ਮਜਬੂਰ ਹਨ। ਇਸੇ ਤਰ੍ਹਾਂ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਈ ਆਪਣੇ ਦੋ ਬੱਚਿਆਂ ਅਤੇ ਪਤੀ ਸਮੇਤ 40 ਲੱਖ ਦੇ ਕਰੀਬ ਖ਼ਰਚ ਕੇ ਇੰਗਲੈਂਡ ਆਈ ਅੰਮ੍ਰਿਤਸਰ ਜ਼ਿਲ੍ਹੇ ਦੀ ਇਕ ਲੜਕੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣਾਂ ਸਾਰਾ ਗਰਿਣਾ ਗੱਟਾ ਵੇਚ ਕੇ ਅਤੇ ਜ਼ਮੀਨ ਗਿਰਵੀ ਰੱਖ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਵਧੀਆ ਭਵਿੱਖ ਲਈ ਤਿੰਨ ਮਹੀਨੇ ਪਹਿਲਾਂ ਇੰਗਲੈਂਡ ਆਏ ਸਨ, ਅਤੇ ਉਸ ਵੇਲੇ ਸਬੰਧਤ ਏਜੰਟ ਵੱਲੋਂ ਉਨ੍ਹਾਂ ਦਾ ਵਰਕ ਪਰਮਿਟ ਵੀਜਾ ਇਹ ਕਹਿ ਕੇ ਲਗਵਾਈਆਂ ਸੀ ਕਿ ਸਬੰਧਤ ਕੇਅਰ ਹੋਮ ਤੁਹਾਨੂੰ ਕੰਮ ਦੇਵੇਗਾ, ਪ੍ਰੰਤੂ ਜਦ ਅਸੀਂ ਇਥੇ ਆ ਕੇ ਸਬੰਧਤ ਕੇਅਰ ਹੋਮ ਨਾਲ ਕੰਮ ਲਈ ਸੰਪਰਕ ਕੀਤਾ ਤਾਂ ਕੇਅਰ ਹੋਮ ਨੇ ਇਹ ਕਹਿ ਕੇ ਕੰਮ ਦੇਣ ਤੋਂ ਨਾਂਹ ਕਰ ਦਿੱਤੀ ਕਿ ਸਾਡੀ ਸਿਰਫ਼ ਤੁਹਾਨੂੰ ਵੀਜ਼ਾ ਦਿਵਾਉਣ ਤੱਕ ਦੀ ਗੱਲ ਤੈਅ ਹੋਈ ਸੀ।

ਉਕਤ ਲੜਕੀ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਜਿਥੇ ਮੈਂ ਅਤੇ ਮੇਰਾ ਪਤੀ ਇਥੇ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਕੇ ਦਿਨ ਕੱਟ ਰਹੇ, ਉਥੇ ਹੁਣ ਮੇਰੇ ਬੱਚਿਆਂ ਦਾ ਸਕੂਲ ਨਾ ਜਾਣ ਕਰਕੇ ਭਵਿੱਖ ਖਰਾਬ ਹੋ ਰਿਹਾ ਹੈ। ਪੀੜਤ ਲੜਕੀ ਨੇ ਦੱਸਿਆ ਕਿ ਸਾਡੇ ਕੋਲ ਹੁਣ ਵਾਪਸ ਇੰਡੀਆ ਜਾਣ ਲਈ ਟਿਕਟ ਖ਼ਰੀਦਣ ਲਈ ਵੀ ਕੁਝ ਨਹੀਂ ਬਚਿਆ।

ਇਸ ਸਬੰਧੀ ਜਦ ਇੰਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਅਤੇ ਇੰਡੀਅਨ ਵਰਕਰਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਏਜੰਟਾ ਦੀ ਠੱਗੀ ਦਾ ਸ਼ਿਕਾਰ ਹੋਏ ਇੱਕ ਨਹੀਂ ਬਹੁਗਿਣਤੀ ਪਰਿਵਾਰ ਹਨ. ਸ. ਗਿੱਲ ਨੇ ਦੱਸਿਆ ਕਿ ਯੂ.ਕੇ ਹੌਮ ਆਫਿਸ ਦੇ ਅੰਕੜਿਆਂ ਮੁਤਾਬਕ ਸਾਲ 2023 ਕੇਅਰ ਹੋਮਾਂ ਵੱਲੋਂ 3 ਲੱਖ 52 ਹਜ਼ਾਰ ਦੇ ਕਰੀਬ ਵੀਜੇ ਜਾਰੀ ਕੀਤੇ ਗਏ ਸਨ, ਜਿਨ੍ਹਾਂ ਚ ਬਹੁਗਿਣਤੀ ਭਾਰਤੀਆਂ ਦੀ ਸੀ, ਯੂ ਕੇ ਹੌਮ ਆਫਿਸ ਵੱਲੋਂ ਇਨਕੁਆਰੀ ਤੋਂ ਬਾਅਦ ਇਨ੍ਹਾਂ ਚੌ 337 ਕੇਅਰ ਹੋਮ ਦੇ ਲਾਇਸੰਸ ਰੱਦ ਕੀਤੇ ਗਏ ਅਤੇ 569 ਦੇ ਕਰੀਬ ਮੁਅੱਤਲ ਕੀਤੇ ਗਏ ਹਨ। ਸ ਗਿੱਲ ਨੇ ਦੱਸਿਆ ਕਿ ਯੁ.ਕੇ ਹੋਮ ਆਫਿਸ ਵੱਲੋਂ ਇੱਕ ਅਜਿਹੀ ਵੀ ਫਰਮ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਦਾ ਕੋਈ ਥਾਂ ਟਿਕਾਣਾ ਹੀ ਨਹੀਂ ਹੈ, ਪਰ ਉਸ ਫਰਮ ਨੇ 275 ਦੇ ਕਰੀਬ ਵੀਜੇ ਜਾਰੀ ਕੀਤੇ ਹਨ। ਇਸੇ ਤਰ੍ਹਾਂ ਇੱਕ ਹੋਰ ਫਰਮ ਨੇ 1234 ਵੀਜੇ ਜਾਰੀ ਕੀਤੇ, ਪਰ ਜਦ ਹੋਮ ਆਫਿਸ ਵੱਲੋਂ ਚੈੱਕ ਕੀਤਾ ਗਿਆ ਤਾਂ ਉਥੇ ਸਿਰਫ਼ 4 ਵਰਕਰ ਹੀ ਕੰਮ ਕਰਦੇ ਪਾਏ ਗਏ ਸਨ । ਗਿੱਲ ਨੇ ਦੱਸਿਆ ਕਿ ਇਸੇ ਤਰ੍ਹਾਂ ਹੁਣ ਹੋਰ ਵੀ ਬਹੁਤ ਸਾਰੇ ਕੇਅਰ ਹੋਮਾ ਦੀ ਯੂ.ਕੇ ਹੋਮ ਆਫਿਸ ਛਾਣਬੀਣ ਕਰ ਰਿਹਾ ਹੈ ਅਤੇ ਜਾਅਲੀ ਪਾਏ ਜਾਣ ਵਾਲਿਆਂ ਦੇ ਲਾਇਸੰਸ ਰੱਦ ਕਰ ਰਿਹਾ ਹੈ। ਪ੍ਰੰਤੂ ਇਨ੍ਹਾਂ ਕੇਅਰ ਹੋਮਾ ਰਾਹੀਂ ਇਥੇ ਆਏ ਲੋਕਾਂ ਨੂੰ 60 ਦਿਨ ਦਾ ਨੋਟਿਸ ਦੇ ਕੇ ਜਾਂ ਤਾਂ ਆਪਣੇ ਦੇਸ਼ ਵਾਪਿਸ ਜਾਣ ਲਈ ਕਿਹਾ ਜਾ ਰਿਹਾ ਹੈ ਅਤੇ ਜਾਂ ਫਿਰ ਹੋਰ ਕਿਸੇ ਸਹੀ ਫਰਮ ਪਾਸ ਆਪਣਾ ਵਰਕ ਵੀਜ਼ਾ ਤਬਦੀਲ ਕਰਵਾਉਣ ਲਈ ਕਿਹਾ ਜਾ ਰਿਹਾ ਹੈ।

ਸ ਗਿੱਲ ਨੇ ਦੱਸਿਆ ਕਿ ਜਿਹੜੇ ਲੋਕ ਏਜੰਟਾਂ ਦੇ ਝਾਂਸੇ ਚ ਆ ਕੇ ਵੱਡੀਆਂ ਰਕਮਾਂ ਖ਼ਰਚ ਕੇ ਠੱਗੀ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਵੱਲੋਂ ਭਾਰਤੀ ਹਾਈ ਕਮਿਸ਼ਨਰ ਲੰਡਨ ਵਿਕਰਮ ਦੁਰਾਏਸੁਆਮੀ ਕੋਲ ਵੀ ਇਹ ਮਸਲਾ ਉਠਾਇਆ ਗਿਆ, ਜਿਸ ਤੇ ਭਾਰਤੀ ਹਾਈ ਕਮਿਸ਼ਨਰ ਲੰਡਨ ਵਿਕਰਮ ਦੁਰਾਏਸੁਆਮੀ ਨੇ ਭਰੋਸਾ ਦਿੱਤਾ ਕਿ ਆਉਂਦੇ ਦਿਨਾਂ ਵਿੱਚ ਯੂ.ਕੇ ਸਰਕਾਰ ਨਾਲ ਤਾਲਮੇਲ ਕਰਕੇ ਅਜਿਹੇ ਧੋਖੇਬਾਜ਼ ਏਜੰਟਾਂ ਅਤੇ ਫਰਮਾਂ ਖਿਲਾਫ ਸ਼ਿਕੰਜਾ ਕੱਸਿਆ ਜਾਵੇਗਾ। ਭਾਰਤੀ ਹਾਈ ਕਮਿਸ਼ਨਰ ਨੇ ਇਥੇ ਆਉਣ ਵਾਲੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਛਾਣਬੀਣ ਕਰਕੇ ਹੀ ਕਿਸੇ ਏਜੰਟ ਜਾਂ ਫਰਮ ਤੇ ਭਰੋਸਾ ਕਰਨ।

Previous articleAustralian unemployment rate rises to 3.8 pc in March
Next articleCM Siddaramaiah claims Congress will win up to 20 Lok Sabha seats in Karnataka