ਕਰਫ਼ਿਊ: ਲੋਕਾਂ ਤੇ ਪ੍ਰਸ਼ਾਸਨ ਦੇ ਦਾਅਵਿਆਂ ਨੇ ਕੀਤੀ ਇਕ-ਦੂਜੇ ਵੱਲ ਪਿੱਠ

ਜੈਤੋ- ਪ੍ਰਸ਼ਾਸਨ ਨੇ ਕਰਫ਼ਿਊ ’ਚ ਕੁਝ ਨਰਮੀ ਲਿਆਂਦੀ ਹੈ। ਕੁਤਾਹੀ ਕਰਨ ਵਾਲਿਆਂ ਦੀ ਝਾੜ-ਝੰਬ ਘਟਾ ਦਿੱਤੀ ਗਈ ਹੈ। ਲੋਕ ਘਰਾਂ ’ਚ ਆਪ ਹੀ ਟਿਕ ਗਏ ਹਨ। ਕਰਫ਼ਿਊ ਤੋਂ ਪੈਦਾ ਸਥਿਤੀ ਬਾਰੇ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਪ੍ਰਸਪਰ ਵਿਰੋਧੀ ਦਾਅਵੇ ਕੀਤੇ ਜਾ ਰਹੇ ਹਨ।
ਘਰਾਂ ’ਚ ਦੜ ਵੱਟ ਕੇ ਬੈਠਣ ਦੀ ਸਰਕਾਰ ਦੀ ਅਪੀਲ ਨੂੰ ਲੋਕਾਂ ਨੇ ਇਕ ਹੱਦ ਤੱਕ ਸਵੀਕਾਰਿਆ ਹੈ। ਚੰਦ ਲੋਕ ਹੀ ਹਨ ਜੋ ਕਰਫ਼ਿਊ ਦੀ ਉਲੰਘਣਾ ਕਰਕੇ ਘਰ ਦੀ ਦਹਿਲੀਜ਼ ਤੋਂ ਬਾਹਰ ਕਦਮ ਧਰਦੇ ਹਨ। ਪੁਲੀਸ ਵੀ ਹੱਥ ਹੌਲਾ ਕਰਨ ਦੀ ਥਾਂ ਅਜਿਹਿਆਂ ਨੂੰ ਸ਼ਰਮਸ਼ਾਰ ਕਰ ਕੇ ਘਰਾਂ ਅੰਦਰ ਵਾੜਨ ਲੱਗੀ ਹੋਈ ਹੈ। ਇਸ ਦੇ ਨਾਲ ਹੀ ਲੋਕਾਂ ਦੇ ਘਰਾਂ ’ਚੋਂ ਖਾਣ-ਪੀਣ ਦੀਆਂ ਵਸਤਾਂ ਖਤਮ ਹੋਣ ਲੱਗੀਆਂ ਹਨ। ਪਸ਼ੂ ਪਾਲਕਾਂ ਨੂੰ ਪਸ਼ੂ ਖੁਰਾਕ ਦੀ ਤੋਟ ਸਤਾ ਰਹੀ ਹੈ। ਸਭ ਤੋਂ ਵੱਡੀ ਕਮੀ ਨੋਟਾਂ ਦੀ ਹੈ।
ਬੈਂਕਾਂ ਸਾਰੀਆਂ ਬੰਦ ਹਨ ਅਤੇ ਏਟੀਐੱਮ’ਜ਼ ਨੂੰ ਤਾਲੇ ਲੱਗੇ ਹੋਏ ਹਨ। ਪ੍ਰਸ਼ਾਸਨ ਦਾਅਵੇ ਕਰ ਰਿਹਾ ਹੈ ਕਿ ਰਾਸ਼ਨ, ਫ਼ਲ, ਸਬਜ਼ੀਆਂ, ਦੁੱਧ ਤੇ ਦਵਾਈਆਂ ਲੋਕਾਂ ਦੇ ਦਰਾਂ ਤੱਕ ਪੁੱਜਦਾ ਕਰ ਦਿੱਤਾ ਹੈ। ਲੋਕ ਕਹਿੰਦੇ ਹਨ ਕਿ ਜਦੋਂ ਜੇਬ੍ਹਾਂ ਖਾਲੀ ਹਨ ਤਾਂ ਇਹ ਨਿਆਮਤਾਂ ਖ਼ਰੀਦੀਏ ਕਿਵੇਂ?
ਪਿੰਡ ਦਲ ਸਿੰਘ ਵਾਲਾ ਦੇ ਜਸਵੀਰ ਸਿੰਘ ਸੋਹਲ ਨੇ ਤਾਂ ਪ੍ਰਸ਼ਾਸਨ ਵੱਲੋਂ ਘਰਾਂ ਤੱਕ ਰਾਸ਼ਨ ਪਹੁੰਚਾਉਣ ਦੇ ਦਾਅਵਿਆਂ ਨੂੰ ਹਕੀਕਤ ਤੋਂ ਬਿਲਕੁਲ ਵਿਪ੍ਰੀਤ ਦੱਸਿਆ ਹੈ। ਦਿਹਾੜੀ ਕਰ ਕੇ ਖਾਣ ਵਾਲਿਆਂ ਦੀ ਹਾਲਤ ਕਿਸੇ ਸਰਕਾਰ ਦੇ ਏਜੰਡੇ ’ਤੇ ਨਹੀਂ। ਉਸ ਨੇ ਆਖਿਆ ਕਰਫ਼ਿਊ ਨੇ ਗਰੀਬਾਂ ਦੀ ਆਰਥਿਕਤਾ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ ਜੋ ਕਈ ਸਾਲ ਸੂਤ ਨਹੀਂ ਆਉਣੀਆਂ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੋਰਾ ਮੱਤਾ ਨੇ ਕਰਫ਼ਿਊਗ੍ਰਸਤ ਲੋਕਾਂ ਨੂੰ ਮਿਲਦੀ ਇਮਦਾਦ ਬਾਰੇ ਸਰਕਾਰ ਵੱਲੋਂ ਹਿੱਕ ਠੋਕੇ ਜਾਣ ਨੂੰ ਸਿਆਸਤ ਤੋਂ ਪ੍ਰੇਰਿਤ ਕਿਹਾ। ਕਿਸਾਨ ਆਗੂ ਸਿਕੰਦਰ ਸਿੰਘ ਦਬੜ੍ਹੀਖਾਨਾ ਨੇ ਕਰਫ਼ਿਊ ਤੋਂ ਬਾਅਦ ਪਿੰਡਾਂ ’ਚ ਮੈਡੀਕਲ ਸਹੂਲਤਾਂ ਹਾਸ਼ੀਏ ’ਤੇ ਜਾਣ, ਆਰਓ ਬੰਦ ਹੋਣ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਦੇ ਗ਼ੈਰ ਮਿਆਰੀ ਤੋਂ ਇਲਾਵਾ ਮਹਿੰਗੇ ਹੋਣ ਦਾ ਦੋਸ਼ ਲਾਇਆ ਹੈ।

Previous articleਕਰੋਨਾ ਦੀ ਮਹਾਮਾਰੀ ਨੂੰ ਮਾਤ ਦੇ ਰਿਹੈ ‘ਬਾਬੇ ਨਾਨਕ ਦਾ ਫ਼ਲਸਫ਼ਾ’
Next articleਕੁਝ ਘੰਟਿਆਂ ਲਈ ਪੁਲੀਸ ਦੇ ਪਹਿਰੇ ਹੇਠ ਖੁੱਲ੍ਹੇ ਪੈਟਰੋਲ ਪੰਪ