ਕੁਝ ਘੰਟਿਆਂ ਲਈ ਪੁਲੀਸ ਦੇ ਪਹਿਰੇ ਹੇਠ ਖੁੱਲ੍ਹੇ ਪੈਟਰੋਲ ਪੰਪ

ਬੱਲੂਆਣਾ- ਕਰਫਿਊ ਦੇ ਅੱਜ ਚੌਥੇ ਦਿਨ ਕੁਝ ਘੰਟਿਆਂ ਲਈ ਅਬੋਹਰ ਦੇ ਇੱਕਾ-ਦੁੱਕਾ ਪੈਟਰੋਲ ਪੰਪ ਖੁੱਲੇ। ਇਨ੍ਹਾਂ ਪੈਟਰੋਲ ਪੰਪਾਂ ’ਤੇ ਪੁਲੀਸ ਦਾ ਕਰੜਾ ਪਹਿਰਾ ਨਜ਼ਰ ਆਇਆ। ਇਕ ਪਾਸੇ ਜਿੱਥੇ ਪੈਟਰੋਲ ਪੰਪ ਦੇ ਕਰਿੰਦਿਆਂ ਨੂੰ ਮਾਸਕ ਵਿੱਚ ਪਾਬੰਦ ਹੋ ਕੇ ਪੈਟਰੋਲ ਪਾਉਣ ਲਈ ਛੋਟ ਦਿੱਤੀ ਗਈ ਉੱਥੇ ਤੇਲ ਪੁਆਉਣ ਲਈ ਆਉਣ ਵਾਲੇ ਵਹੀਕਲਾਂ ਨੂੰ ਵੀ ਇਕ ਦੂਜੇ ਤੋਂ ਮਿਥੀ ਦੂਰੀ ਬਣਾ ਕੇ ਰਹਿਣ ਲਈ ਪੁਲੀਸ ਨੇ ਚੰਗੀ ਸਖਤੀ ਵਰਤਣ ਤੋਂ ਗੁਰੇਜ਼ ਨਹੀਂ ਕੀਤਾ। ਅੱਜ ਸ਼ਹਿਰ ਦੇ ਸਾਰੇ ਮੰਦਰਾਂ ਦੇ ਕਪਾਟ ਬੰਦ ਰਹੇ। ਇਸ ਤੋਂ ਇਲਾਵਾ ਕਈ ਗੁਰਦੁਆਰਿਆਂ ਦੇ ਮੁੱਖ ਗੇਟ ਬੰਦ ਸਨ ਪਰ ਲੋੜੀਂਦੇ ਪ੍ਰਬੰਧ ਅਪਣਾ ਕੇ ਕੁਝ ਗੁਰਦੁਆਰਿਆਂ ਦੇ ਭਾਈ ਲਗਾਤਾਰ ਪਾਠ ਕਰਦੇ ਵੇਖੇ ਗਏ। ਸ਼ਹਿਰ ਦਾ ਇੱਕੋ-ਇਕ ਨਹਿਰੂ ਪਾਰਕ ਕਰਫਿਊ ਕਾਰਨ ਸੁੰਨਸਾਨ ਹੋ ਗਿਆ ਹੈ। ਨਗਰ ਨਿਗਮ ਕਮਿਸ਼ਨਰ ਵੱਲੋਂ ਪਾਰਕ ਨੂੰ ਬੰਦ ਕਰਨ ਸਬੰਧੀ ਹਦਾਇਤ ਵਾਲਾ ਇਕ ਵੱਡਾ ਫਲੈਕਸ ਮੁੱਖ ਗੇਟ ਦੇ ਨਾਲ ਲਗਾ ਦਿੱਤਾ ਹੈ। ਪਿੰਡਾਂ ਤੇ ਕਸਬਿਆਂ ਵਿੱਚ ਵੀ ਸੰਨਾਟਾ ਛਾਇਆ ਹੋਇਆ ਹੈ। ਕਰਫਿਊ ਕਰਕੇ ਲੋਕ ਆਪਣੇ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ।

Previous articleਕਰਫ਼ਿਊ: ਲੋਕਾਂ ਤੇ ਪ੍ਰਸ਼ਾਸਨ ਦੇ ਦਾਅਵਿਆਂ ਨੇ ਕੀਤੀ ਇਕ-ਦੂਜੇ ਵੱਲ ਪਿੱਠ
Next articleਕਰਫਿਊ: ਰਸੋਈ ਦੇ ਸਾਮਾਨ ਦੀ ਘਰ-ਘਰ ਸਪਲਾਈ ਸ਼ੁਰੂ