ਕਰੋਨਾ ਪਾਸ, ਸਿੱਖਿਆ ਦਾ ਨਾਸ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਹਾਲੀਵੁੱਡ ਦੀਆਂ ਸਾਇੰਸ ਫਿਕਸ਼ਨ ਦੀਆਂ ਫਿਲਮਾਂ ਤੋਂ ਵੀ ਅੱਗੇ ਲੰਘਦੇ ਹੋਏ ਸਰਕਾਰਾਂ ਨੇ ਕਰੋਨਾ ਐਸਾ ਫੈਲਾਇਆ ਹੈ ਕਿ ਹੁਣ ਇਕੱਠਾ ਕਰਨ ਦਾ ਨਾਂ ਹੀ ਨਹੀਂ ਲੈ ਰਹੀਆਂ। ਕੁੱਬੇ ਦੇ ਵੱਜੀ ਲੱਤ ਅਤੇ ਉਸ ਨੂੰ ਆਰਾਮ ਆਉਣ ਵਾਂਗੂੰ ਇਹ ਮੰਤਰ ਵਿਦੇਸ਼ੀ, ਦੇਸੀ ਅਤੇ ਰਾਜ ਸਰਕਾਰਾਂ ਦੇ ਹੱਥਾਂ ਵਿੱਚ ਲੱਡੂ ਦੇ ਗਿਆ ਉਹ ਵੀ ਦੋ-ਦੋ। ਪੰਜਾਬ ਸਰਕਾਰ ਦਾ ਕੁਝ ਜਿਆਦਾ ਹੀ ਮੋਹ ਪੈ ਗਿਆ ਇਸ ਨਾਲ। ਸ਼ੁਰੂ ਤੋਂ ਹੀ ਸਰਕਾਰਾਂ ਲਈ ਪੜ੍ਹੇ ਲਿਖੇ ਅਤੇ ਜਾਗਰੂਕ ਲੋਕ ਭ੍ਰਿਸ਼ਟਾਚਾਰ ਰੂਪੀ ਕਬਾਬ ਵਿਚ ਹੱਡੀ ਵਾਂਗੂੰ ਆ ਜਾਂਦੇ ਹਨ। ਇਸ ਲਈ ਨਾ ਰਹੇ ਬਾਂਸ ਨਾ ਵੱਜੇ ਬੰਸਰੀ, ਇੱਕ ਅੜੀ ਕਰੇ ਸਕੱਤਰ ਉੱਤੋਂ ਫੈਸਲਾ ਨਾ ਲਵੇ ਮੰਤਰੀ।

ਜਦੋਂ ਜੀ ਆਇਆ ਕਰੋਨਾ ਨੂੰ ਜੀ ਆਇਆਂ ਨੂੰ। ਚੱਲਦੇ-ਚੱਲਦੇ ਪੇਪਰਾਂ ਦੀ ਗੱਡੀ ਦੇ ਪਹੀਏ ਨੂੰ ਮਹੀਨਾ ਮਾਰਚ ਦੇ ਅੰਤ ਤੱਕ ਜਾਮ ਕਰ ਦਿੱਤਾ ਗਿਆ। ਬੋਰਡ ਜਮਾਤਾਂ ਦੇ ਪੇਪਰ ਅਤੇ ਵਿਦਿਆਰਥੀ ਨਾ ਇੱਧਰ ਦੇ ਰਹੇ ਨਾ ਉੱਧਰ ਦੇ। ਜਿਸ ਤਰਜ ਨਾਲ ਘਰ-ਘਰ ਕਰੋਨਾ ਵੰਡਦੇ ਅਧਿਆਪਕ ਮਾਫ਼ ਕਰਨਾ ਸਰਕਾਰੀ ਭਾਸ਼ਾ ਵਿਚ ਦਾਖ਼ਲਿਆਂ ਲਈ ਪ੍ਰੇਰਿਤ ਕਰਦੇ ਅਧਿਆਪਕ  ਅਨਾਉੰਸਮੈੰਟਾਂ ਕਰਵਾ ਰਹੇ ਹਨ ਉਸ ਅਨੁਸਾਰ ਨਵਾਂ ਸ਼ੈਸ਼ਨ ਅਪ੍ਰੈਲ ਦੀ ਪਹਿਲੀ ਤਾਰੀਖ ਤੋਂ ਸ਼ੁਰੂ ਹੋ ਜਾਵੇਗਾ। ਨਵੇਂ ਸ਼ੈਸ਼ਨ ਦੀ ਸ਼ੁਰੂਆਤ ਲਈ ਵਿਦਿਆਰਥੀਆਂ ਨੂੰ ਆਪਣੀ ਜਮਾਤ ਤੋਂ ਅੱਗੇ ਵੀ ਵਧਾਇਆ ਜਾਵੇਗਾ।

ਬਿਨਾ ਪੇਪਰ ਲਏ ਜਿਵੇਂ ਕਿਵੇਂ ਤੁੱਥ-ਮੁੱਥ ਕਰਕੇ ਬੱਚਿਆਂ ਨੂੰ ਪਾਸ ਕਰਨ ਦਾ ਇਹ ਲਗਾਤਾਰ ਦੂਜਾ ਸਾਲ ਹੋਵੇਗਾ। ਇਸ ਦਾ ਭਿਆਨਕ ਨਤੀਜਾ ਨਿਕਲੇਗਾ। ਇਹ ਭਿਆਨਕਤਾ ਬੱਚੇ ਦੀ ਭਵਿੱਖ ਦੀ ਇਮਾਰਤ ਦੀਆਂ ਨੀਹਾਂ ਕੱਚੀਆਂ ਅਤੇ ਪੋਲੀਆਂ ਰੱਖ ਦੇਵੇਗੀ ਅਤੇ ਉਹ ਕਦੀ ਵੀ ਆਤਮ ਵਿਸ਼ਵਾਸ ਨਾਲ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਹੌਸਲਾ ਨਹੀਂ ਪ੍ਰਾਪਤ ਕਰ ਸਕੇਗਾ। ਬੱਚੇ ਦਾ ਨੁਕਸਾਨ ਸਿੱਧੇ ਰੂਪ ਵਿਚ ਮਾਪਿਆਂ ਜਾਂ ਪਰਿਵਾਰ ਦਾ ਨੁਕਸਾਨ ਤਾਂ ਆਪਣੇ ਆਪ ਵਿੱਚ ਹੈ ਹੀ।

ਅਧਿਆਪਕਾਂ  ਅਤੇ ਸਕੂਲਾਂ ਨੂੰ ਇਸ ਨਾਲ ਵੱਡੀ ਮਾਰ ਪਵੇਗੀ। ਪਹਿਲਾਂ ਸਰਕਾਰੀ ਦੀ ਗੱਲ ਕਰੀਏ ਤਾਂ ਉੱਥੇ ਅੰਕੜਾ ਸਕੱਤਰ ਦੀ ਦਹਿਸ਼ਤ ਅਤੇ ਉਸ ਦੇ ਅੰਕੜਾ ਖੇਡ ਕਾਰਨ ਸਿੱਖਿਆ ਦੀਆਂ ਧੱਜੀਆਂ ਪਹਿਲਾਂ ਹੀ ਉੱਡ ਚੁੱਕੀਆਂ ਹਨ। ਅਧਿਆਪਕਾਂ ਨੂੰ ਫਾਲਤੂ ਕੰਮਾਂ ਵਿੱਚ ਐਨਾ ਉਲਝਾਇਆ ਹੋਇਆ ਹੈ ਕਿ ਉਹ ਵਿਦਿਆਰਥੀ ਨੂੰ ਪੜ੍ਹਾਉਣ ਲਈ ਤਰਸ ਜਾਂਦਾ ਹੈ। ਕਮਜੋਰ ਨੀਹਾਂ ਦੇ ਬੱਚੇ ਜਦੋਂ ਅੱਗੇ ਦੀਆਂ ਜਮਾਤਾਂ ਜਾਂ ਬੋਰਡ ਇਮਤਿਹਾਨ ਵਿੱਚ ਬੈਠਣਗੇ ਤਾਂ ਰਿਜਲਟ ਚੰਗੇ ਰਹਿਣ ਦੀ ਉਮੀਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਹਰ ਸਿਆਣਾ ਬੰਦਾ ਇਸ ਗੱਲ ਦੀ ਸਮਝ ਰੱਖਦਾ ਹੈ ਕਿ ਜਿੰਨਾ ਗੁੜ ਪਾਵਾਂਗੇ ਉੱਨਾ ਮਿੱਠਾ ਹੋਣਾ ਹੈ ਪਰ ਮਿਹਨਤ ਜਾਂ ਪੜ੍ਹਾਈ ਦਾ ਮਿੱਠਾ ਲਗਾਤਾਰ ਦੋ ਸ਼ੈਸ਼ਨ ਨਹੀਂ ਪਿਆ ਤਾਂ ਅੱਗੇ ਫਿੱਕਾ ਫਿੱਕਾ ਮਾਹੌਲ ਦਿਖਾਈ ਦਿੰਦਾ ਹੈ।

ਫਿਰ ਵੀ ਸੌ ਫੀਸਦੀ ਨਤੀਜਿਆਂ ਦਾ ਕੇਵਲ ਪ੍ਰਚਾਰ ਹੀ ਨਹੀਂ ਕੀਤਾ ਜਾਵੇਗਾ ਸਗੋਂ ਅਜਿਹੇ ਨਤੀਜੇ ਦੇਣ ਲਈ ਅਧਿਆਪਕਾਂ ਨੂੰ ਮਜਬੂਰ ਵੀ ਕੀਤਾ ਜਾਵੇਗਾ ਜੋ ਕਿ ਅਸਿੱਧੇ ਰੂਪ ਵਿੱਚ ਨਕਲ ਕਰਵਾਉਣ ਦਾ ਇਸ਼ਾਰਾ ਹੋਵੇਗਾ। ਜੋ ਅਜਿਹਾ ਕਰਵਾਉਣ ਵਿਚ ਸਫਲ ਹੋਣਗੇ ਉਨ੍ਹਾਂ ਲਈ ਪ੍ਰਸ਼ੰਸਾ ਪੱਤਰ ਥੋਕ ਵਿੱਚ ਵੰਡ ਦਿੱਤੇ ਜਾਣੇ ਹਨ ਬਾਕੀਆਂ ਨੂੰ ਤਾਂ ਬਦਲੀ ਕਰਵਾਉਣੀ ਵੀ ਮੁਸ਼ਕਿਲ ਹੋ ਜਾਣੀ ਹੈ ਕਿਉਂਕਿ ਰਿਜਲਟਾਂ ਦੇ ਅੰਕ ਬਦਲੀ ਦੇ ਅੰਕਾਂ ਵਿਚ ਜੁੜਦੇ ਹਨ। ਫਿਰ ਹੁਣ ਖੇਡ ਸਾਫ ਹੈ ਕਿ ਬਦਲੀ ਦੇ ਚਾਹਵਾਨ ਅੰਕੜਾ ਉੱਚਾ ਰੱਖੋ ਅਤੇ ਬਦਲੀ ਕਰਵਾ ਲਓ। ਇਮਾਨਦਾਰ ਬੈਠੇ ਕਰਮਾਂ ਦੀ ਧੂਣੀ ਸੇਕੋ। ਹੁਣ ਬੱਚਿਆਂ ਦੀ ਵਿਦਿਅਕ ਕਮਜ਼ੋਰੀ ਮਾਪਿਆਂ ਅਤੇ ਸਮਾਜ ਤੱਕ ਪਹੁੰਚੇਗੀ। ਚੋਰੀਆਂ ਕਦੋਂ ਛੁਪੀਆਂ ਰਹਿੰਦੀਆਂ ਹਨ?

ਸਮਾਜ ਜੋ ਪਹਿਲਾਂ ਹੀ ਸਰਕਾਰੀ ਪ੍ਰਚਾਰ ਅਤੇ ਘੜੀਆਂ ਮਿਥੀਆਂ ਕਾਰਪੋਰੇਟਰੀ ਚਾਲਾਂ ਵਿਚ ਫਸ ਕੇ ਪਬਲਿਕ ਸਰਵਿਸਜ ਪ੍ਰਦਾਨ ਕਰਦੇ ਵਿਭਾਗਾਂ ਦਾ ਵਿਰੋਧੀ ਬਣ ਰਿਹਾ ਹੈ ਸਿੱਖਿਆ ਮਹਿਕਮੇ ਨਾਲੋਂ ਰਹਿੰਦਾ ਖੂੰਹਦਾ ਵੀ ਟੁੱਟ ਜਾਵੇਗਾ। ਜੋ ਬੱਚੇ ਦਾਖਲ ਹਨ ਉਹ ਵੀ ਸਕੂਲ ਛੱਡਣਗੇ ਅਤੇ ਨਵੇਂ ਦਾਖਲੇ ਬੰਦ ਹੋ ਜਾਣਗੇ। ਫਿਰ ਪੋਸਟਾਂ ਉੱਤੇ ਗਾਜ ਡਿੱਗੇਗੀ ਅਤੇ ਸਕੂਲਾਂ ਨੂੰ ਪੱਕੇ ਜਿੰਦਰੇ ਮਾਰਨ ਦੇ ਸਰਕਾਰੀ ਸੁਪਨਿਆਂ ਨੂੰ ਬਹਾਨਾ ਮਿਲ ਜਾਵੇਗਾ ਕਿ ਬੱਚੇ ਨਹੀਂ ਤਾਂ ਬੰਦ ਕੀਤਾ ਹੈ।

ਹੁਣ ਅਧਿਆਪਕ ਵੀ ਸੋਚ ਲੈਣ ਕਿ ਵਹਾਅ ਦੇ ਨਾਲ ਤੈਰਦੇ ਹੋਏ ਮਹਿਕਮਾ  ਵਿਕਾਊ ਕਰਨ ਵਿੱਚ ਸਾਥ ਦੇਣਾ ਹੈ ਜਾਂ ਸੱਚ ਉੱਤੇ ਪਹਿਰਾ ਦਿੰਦੇ ਹੋਏ ਆਪਣੀ, ਸਰਕਾਰੀ ਸਕੂਲਾਂ ਦੀ ਅਤੇ ਵਿਦਿਆਰਥੀਆਂ ਦੇ ਭਵਿੱਖ ਦੀ ਲੜਾਈ ਲੜਨੀ ਹੈ। ਪਿਛਲੇ ਦਿਨੀਂ ਹੋਈ ਇੰਟਰਵਿਊ ਵਿਚ ਸਿੱਖਿਆ ਮੰਤਰੀ ਜੀ ਨੇ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਸੇਵਾ ਨਵਿਰਤੀ ਤੋਂ ਬਾਅਦ ਮਿਲਣ ਵਾਲੇ ਲਾਭਾਂ ਦੇ ਵਾਅਦਿਆਂ ਤੋਂ ਭੱਜਦੇ ਹੋਏ ਜੋ ਅਸੰਵੇਦਨਸ਼ੀਲ ਬਿਆਨ ਦਿੱਤਾ ਹੈ ਉਹ ਅਤਿ ਨਿੰਦਣਯੋਗ ਹੈ। ਖਜਾਨੇ ਨੂੰ ਲੱਗੇ ਘੁਣ ਵਿਧਾਇਕ ਜੋ ਲੱਖਾਂ ਰੁਪਏ ਦਾ ਚੂਨਾ ਹਰ ਮਹੀਨੇ ਲਗਾ ਰਹੇ ਹਨ ਇਕ ਕਰਮਚਾਰੀ ਨੂੰ ਸਾਰੀ ਉਮਰ ਕੰਮ ਕਰਨ ਤੋਂ ਬਾਅਦ ਸੁਰੱਖਿਅਤ ਬੁਢਾਪਾ ਨਿਸਚਿਤ ਕਰਨ ਦੀ ਥਾਂ ਐਸੀ ਗੈਰ ਇਖਲਾਕੀ ਅਤੇ ਦਿਲਤੋੜਵੀਂ ਗੱਲ ਕਰਨ ਤਾਂ ਕਰਮਚਾਰੀ ਕਿਸ ਉਮੀਦ ਆਸਰੇ ਕੰਮ ਵਿਚ ਰੀਝ ਲਗਾਵੇਗਾ?

ਬੇਰੁਜ਼ਗਾਰਾਂ ਅਧਿਆਪਕਾਂ ਪ੍ਰਤੀ ਪੁਲਿਸ ਦੀ ਬਰਾਬਰਤਾ ਵੇਖ ਕੇ ਹਰ ਕੋਮਲ ਦਿਲ ਨੂੰ ਠੇਸ ਪਹੁੰਚੀ ਹੈ। ਉਹ ਸਰਕਾਰ ਜੋ ਰੋਜ਼ਗਾਰ ਦੇਣ ਦੇ ਵਾਅਦੇ ਨਾਲ ਆਈ ਹੋਵੇ ਉਸਦਾ ਇਹ ਰਵੱਈਆ ਅਲੋਕਤੰਤਰੀ ਹੈ। ਪ੍ਰਾਈਵੇਟ ਸਕੂਲਾਂ ਨੂੰ ਪਿਛਲੇ ਸ਼ੈਸ਼ਨ ਵਿਚ ਵੀ ਮਾਪਿਆਂ ਦੇ ਫੀਸਾਂ ਨਾ ਜਮ੍ਹਾ ਕਰਵਾਉਣ ਅਤੇ ਬੱਚਿਆਂ ਦੇ ਦਾਖਲੇ ਵਿਚ ਸਮੱਸਿਆਵਾਂ ਆਈਆਂ ਉਨ੍ਹਾਂ ਦਾ ਲਗਦਾ ਹੈ ਅਗਲਾ ਸਮਾਂ ਵੀ ਬੁਰਾ ਆ ਰਿਹਾ ਹੈ। ਉਹ ਵੀ ਲੱਗੇ ਹਨ ਆਪਣੀਆਂ ਯੂਨੀਅਨਾਂ ਨਾਲ ਸਰਕਾਰ ਦਾ ਪਿੱਟ ਸਿਆਪਾ ਕਰਨ ਪਰ ਉਨ੍ਹਾਂ ਤੋਂ ਸਰਕਾਰ ਨੂੰ ਗਰਜ ਹੈ ਇਸ ਵਾਰ ਵੀ ਫੀਸਾਂ ਤਾਂ ਇਕੱਠੀਆਂ ਕਰ ਹੀ ਲੈਣਗੇ। ਮੁਸ਼ਕਿਲ ਤਾਂ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਝੱਲਣੀ ਪੈਂਦੀ ਹੈ ਜਿਨ੍ਹਾਂ ਦੀਆਂ ਤਨਖਾਹਾਂ ਕੱਟ ਲਈਆਂ ਜਾਂਦੀਆਂ ਹਨ ਕਰੋਨਾ ਕਰੋਨਾ ਚੀਖ ਕੇ।
ਜੇ ਇੱਕ ਅਪ੍ਰੈਲ ਤੋਂ ਨਵਾਂ ਸ਼ੈਸ਼ਨ ਸ਼ੁਰੂ ਹੈ ਤਾਂ ਕਈ ਸਵਾਲ ਖੜ੍ਹੇ ਹਨ। ਬਿਨਾਂ ਰਿਜਲਟ ਪੰਜਵੀਂ ਜਮਾਤ ਛੇਵੀਂ ਨਹੀਂ ਬਣੇਗੀ। ਪ੍ਰਾਇਮਰੀ ਵਿੱਚ ਦੋ ਪੰਜਵੀਆਂ ਹੋ ਗਈਆਂ ਪਰ ਅੱਗੇ ਛੇਵੀਂ ਕੋਈ ਨਹੀਂ। ਇਹੋ ਹਾਲ ਅੱਠਵੀਂ ਦਾ ਅਤੇ ਨੌਵੀਂ ਦਾ। ਇਹੋ ਹਾਲ ਤੇ ਦਸਵੀਂ ਅਤੇ ਗਿਆਰਵੀਂ। ਪੇਪਰ ਬਾਰਵੀਂ ਦੇ ਵੀ ਨਹੀਂ ਹੋਏ। ਸਕੂਲ, ਅਧਿਆਪਕ ਜਾਂ ਵਿਭਾਗ ਕੰਧਾਂ ਕੌਲਿਆਂ ਨੂੰ ਰੰਗ ਲਿੱਪਣ ਤੋਂ ਥੋੜ੍ਹਾ ਸਮਾਂ ਕੱਢ ਕੇ ਮਾਪਿਆਂ ਦੇ ਇਹਨਾਂ ਸਵਾਲਾਂ ਦਾ ਜਵਾਬ ਦੇਣਗੇ? ਛੇਵੀਂ, ਨੌਵੀਂ, ਗਿਆਰਵੀਂ ਜਮਾਤ ਦੀ ਪੜ੍ਹਾਈ ਕਦੋਂ ਤੋਂ ਸ਼ੁਰੂ ਹੋਵੇਗੀ?

ਇਹਨਾਂ ਦੋ ਦੋ ਬਣਾ ਲਈਆਂ ਜਮਾਤਾਂ ਲਈ ਸਕੂਲ ਵਿੱਚ ਇਨਫਰਾਸਟਰੱਕਚਰ ਅਤੇ ਅਧਿਆਪਕ ਉਪਲੱਬਧ ਹਨ ਜਾ ਅਗਲਾ ਸ਼ੈਸ਼ਨ ਵੀ ਰੋਲ ਦੇਣ ਦੀ ਹੁਣੇ ਤੋਂ ਤਿਆਰੀ ਖਿੱਚ ਲਈ ਹੈ? ਮੇਰੀ ਕਿਸਾਨ ਜਥੇਬੰਦੀਆਂ  ਦੁਆਰਾ ਪਿੰਡ ਪਿੰਡ ਵਿੱਚ ਬਣਾਈ ਜਾ ਰਹੀ ਇੱਕੀ ਮੈਂਬਰੀ ਕਮੇਟੀ ਨੂੰ ਵੀ ਅਪੀਲ ਹੈ ਕਿ ਸਿੱਖਿਅਤ ਹੋਣ ਕਰਕੇ ਹੀ ਕਾਲੇ ਕਾਨੂੰਨ ਕਿਸਾਨਾਂ ਦੇ ਸਮਝ ਵਿੱਚ ਆਏ ਹਨ। ਹੁਣ ਸਰਕਾਰ ਸਿੱਖਿਆ ਤੋਂ ਹੀ ਭੱਜ ਰਹੀ ਹੈ। ਦਿਖਾਵਾ ਹੋ ਰਿਹਾ ਹੈ ਸਿੱਖਿਆ ਦੇ ਨਾਂ ਉੱਤੇ। ਆਪਣੇ ਸਵਾਲਾਂ ਵਿਚ ਸਿੱਖਿਆ ਦੇ ਇਸ ਕੀਤੇ ਜਾ ਰਹੇ ਨਾਸ ਬਾਰੇ ਵੀ ਰਾਜ ਕਰ ਰਹੀ ਧਿਰ ਨੂੰ ਘੇਰ ਕੇ ਜਵਾਬ ਮੰਗਿਆ ਜਾਵੇ।

ਇਹ ਸਵਾਲ ਤੁਹਾਡੇ ਬੱਚਿਆਂ ਨੂੰ ਸਕੂਲ ਵਿਚ ਦਾਖਲ ਕਰਨ  ਆਏ ਸਤਿਕਾਰਯੋਗ ਅਧਿਆਪਕਾਂ ਨੂੰ ਵੀ ਇੱਜ਼ਤ ਨਾਲ ਪੁੱਛ ਲੈਣਾ ਕਿ ਪੜਾਉਣ ਤੋਂ ਇਲਾਵਾ ਹੋਰ ਕੀ ਕੀ ਕੰਮ ਉਨ੍ਹਾਂ ਤੋਂ ਲਿਆ ਜਾਂਦਾ ਹੈ ਅਤੇ ਉਹ ਬੱਚੇ ਅਤੇ ਉਸ ਦੀ ਪੜ੍ਹਾਈ ਨੂੰ ਕਿੰਨਾ ਸਮਾਂ ਦੇਣਗੇ? ਇਸ ਸਵਾਲ ਨਾਲ ਪਹਿਲਾਂ ਹੀ ਮਜਬੂਰ ਕੀਤੇ ਹੋਏ ਅਧਿਆਪਕ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ। ਕਿਉਂਕਿ ਵਾਧੂ ਕੰਮ ਸਕੂਲ ਸਮੇਂ ਤੋਂ ਬਾਅਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਹਨ। ਫਿਰ ਅਧਿਆਪਕ ਦਾ ਸਾਥ ਦੇਣਾ ਸਮਾਜ ਦਾ ਫਰਜ ਬਣਦਾ ਹੈ ਕਿਉਂਕਿ ਇੱਕ ਪ੍ਰਸੰਨ ਅਧਿਆਪਕ, ਇੱਕ ਚਿੰਤਾਮੁਕਤ ਅਧਿਆਪਕ ਹੀ ਬੱਚੇ ਨੂੰ ਲਾਡ ਪਿਆਰ ਨਾਲ ਉਸਦੀ ਮਾਨਸਿਕਤਾ ਨੂੰ ਸਮਝਦੇ ਹੋਏ ਪੜ੍ਹਾ ਸਕਦਾ ਹੈ।

ਜਿੰਨਾ ਚੀਜਾਂ ਦੇ ਪ੍ਰਚਾਰ ਦਾ ਜੋਰ ਲੱਗਿਆ ਹੋਇਆ ਹੈ ਚਾਹੇ ਉਹ ਕਮਰੇ ਹੋਣ ਜਾਂ ਪੜ੍ਹਾਉਣ ਦੇ ਡਿਜੀਟਲ ਉਪਕਰਨ ਉਹਨਾਂ ਦਾ ਲਾਭ ਲੈਣ ਲਈ ਵੀ ਬੱਚੇ ਕੋਲ ਇਕਾਗਰਚਿੱਤ ਅਧਿਆਪਕ ਦਾ ਹੋਣਾ ਸਭ ਤੋਂ ਵੱਧ ਜਰੂਰੀ ਹੈ। ਮੇਰੀ ਉਮਰ ਤੋਂ ਪਹਿਲਾ ਦੇ ਵੀ ਬਹੁਤ ਸਾਰਿਆਂ ਨੂੰ ਯਾਦ ਹੋਵੇਗਾ ਕਿ ਸਕੂਲਾਂ ਵਿੱਚ ਸਾਧਨਾਂ ਦੀ ਘਾਟ ਸੀ, ਨਾ ਬੈਂਚ ਸੀ ਨਾ ਤਾਟ ਸੀ, ਪਰ ਫਿਰ ਵੀ ਪੂਰੀ ਠਾਠ ਸੀ, ਕਿਉਂਕਿ ਉਦੋਂ ਇਕੱਲੇ ਕਮਰੇ ਨਹੀਂ ਬੱਚੇ, ਅਧਿਆਪਕ ਅਤੇ ਕਿਤਾਬ ਦਾ ਸਾਥ ਸਮਾਰਟ ਹੋਇਆ ਕਰਦਾ ਸੀ।
ਇੱਕ ਸਵਾਲ ਇਹ ਵੀ ਪੁੱਛਣਾ ਬਣਦਾ ਹੈ ਕਿ ਬੱਚਿਆਂ ਨੂੰ ਅਗਲੇ ਸ਼ੈਸ਼ਨ ਦੀਆਂ ਪਾਠ ਪੁਸਤਕਾਂ ਕਦੋਂ ਤੱਕ ਮਿਲ ਜਾਣਗੀਆਂ? ਕੀ ਬੀਤੇ ਸ਼ੈਸ਼ਨ ਦੀ ਤਰ੍ਹਾਂ ਇਸ ਵਾਰ ਵੀ ਸਤੰਬਰ ਤੱਕ ਇੱਕ ਇੱਕ ਕਰਕੇ ਕਿਤਾਬ ਵੰਡਣ ਦੀ ਤਿਆਰੀ ਤਾਂ ਨਹੀਂ। ਜੇਕਰ ਹੈ ਤਾਂ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਬੱਚਿਆਂ ਤੇ ਇਸ ਦਾ ਨਕਾਰਾਤਮਕ ਅਸਰ ਪਵੇਗਾ। ਜੋ ਤੁਹਾਡੇ ਕੋਲ ਪਹਿਲਾਂ ਤੋਂ ਹੀ ਹਨ ਉਹ ਤਾਂ ਆਦੀ ਕਰ ਹੀ ਲਏ ਹਨ। ਇਹ ਵੀ ਕਿ ਬੋਰਡ ਜਮਾਤਾਂ ਦੇ ਪੇਪਰ ਹਾਲੇ ਹੋਰ ਕਿੰਨਾ ਕੁ ਲਟਕਾਉਣੇ ਹਨ?
ਜਾਗਰੂਕ ਲੋਕਾਂ ਨੂੰ ਸਿੱਖਿਆ ਬਚਾਉਣ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਾ ਹਾਂ।

ਰਮੇਸ਼ਵਰ ਸਿੰਘ
99148 80392

Previous articleयोगी आदित्यनाथ को आपराधिक पृष्टभूमि के व्यक्ति ने किया सम्मनित, रिहाई मंच ने उठाया सवाल
Next articleਪੱਤਰਕਾਰ ਤੇ ਲੇਖਕ ਮਨਜੀਤ ਸਿੰਘ ਇਬਲੀਸ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ