ਕਰੋਨਾ ਨੇ ਪੰਜਾਬ ’ਚ ਲਈ ਇਕ ਹੋਰ ਜਾਨ

ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਵਿੱਚ ਪਿਛਲੇ ਚਾਰ ਦਿਨਾਂ ਤੋਂ ਕਰੋਨਾਵਾਇਰਸ ਕਾਰਨ ਲਗਾਤਾਰ ਮੌਤਾਂ ਹੋਣ ਨਾਲ ਇਸ ਖ਼ਤਰਨਾਕ ਵਾਇਰਸ ਕਾਰਨ ਮੌਤਾਂ ਦਾ ਅੰਕੜਾ 25 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਅੰਮ੍ਰਿਤਸਰ ਵਿੱਚ ਅੱਜ ਇੱਕ ਵਿਅਕਤੀ ਇਸ ਵਾਇਰਸ ਨਾਲ ਜ਼ਿੰਦਗੀ ਮੌਤ ਦੀ ਲੜਾਈ ਦੌਰਾਨ ਦਮ ਤੋੜ ਗਿਆ।

ਇਸੇ ਦੌਰਾਨ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਪਿਛਲੇ 7 ਦਿਨਾਂ ਤੋਂ ਰਿਕਾਰਡ ਵਾਧਾ ਜਾਰੀ ਹੈ। ਸਮੁੱਚੇ ਪੰਜਾਬ ’ਚ ਪੈਰ ਪਸਾਰ ਚੁੱਕਿਆ ਇਹ ਵਾਇਰਸ ਹੁਣ ਤੱਕ 1451 ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ ਤੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।

ਪਿਛਲੇ 24 ਘੰਟਿਆਂ ਦੌਰਾਨ 10 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਵਿਅਕਤੀਆਂ ਦਾ ਵੱਡਾ ਅੰਕੜਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਵਿੱਚ 48,, ਤਰਨਤਾਰਨ ਵਿੱਚ 47,, ਫਾਜ਼ਿਲਕਾ 34,, ਫਰੀਦਕੋਟ 27,, ਸੰਗਰੂਰ 22,, ਮੁਕਤਸਰ 15, ਲੁਧਿਆਣਾ 14, ਜਲੰਧਰ 6,, ਕਪੂਰਥਲਾ 5 ਅਤੇ ਪਟਿਆਲਾ ਵਿੱਚ ਇੱਕ ਕੇਸ ਰਿਪੋਰਟ ਹੋਇਆ ਹੈ।

ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਰ ਰਾਤ ਤੱਕ ਜ਼ਿਲ੍ਹਿਆਂ ਤੋਂ ਰਿਪੋਰਟਾਂ ਆਉਣ ਤੋਂ ਬਾਅਦ ਇਹ ਗਿਣਤੀ ਵਧ ਵੀ ਸਕਦੀ ਹੈ। ਹਜ਼ੂਰ ਸਾਹਿਬ ਅਤੇ ਹੋਰਨਾਂ ਸੂਬਿਆਂ ਤੋਂ ਪੰਜਾਬ ਆਏ ਵਿਅਕਤੀ ਸਰਕਾਰ ਲਈ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਰਾਜਸਥਾਨ ਤੋਂ ਆਏ ਕਈ ਵਿਅਕਤੀਆਂ ਦੇ ਨਮੂਨੇ ਵੀ ਅੱਜ ਸਿਹਤ ਵਿਭਾਗ ਨੇ ਪਾਜ਼ੇਟਿਵ ਹੋਣ ਦਾ ਦਾਅਵਾ ਕੀਤਾ ਹੈ।

ਸਿਹਤ ਵਿਭਾਗ ਵੱਲੋਂ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਅਤੇ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਲਗਾਤਾਰ ਸੈਂਪਲ ਲਏ ਜਾ ਰਹੇ ਹਨ। ਹੁਣ ਤੱਕ 30,199 ਸੈਂਪਲ ਲਏ ਗਏ ਹਨ ਤੇ ਵਿਭਾਗ ਨੂੰ ਇਸ ਸਮੇਂ 5,396 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਹੈ।

ਸਿਹਤ ਵਿਭਾਗ ਦਾ ਮੰਨਣਾ ਹੈ ਕਿ ਮੈਡੀਕਲ ਕਾਲਜਾਂ ਦੀਆਂ ਲੈਬਾਰਟਰੀਆਂ ਵਿੱਚ ਟੈਸਟ ਕਰਨ ਦੀ ਸਮਰੱਥਾ ਕਾਰਨ ਕਰੋਨਾਵਾਇਰਸ ਦੇ ਨਤੀਜੇ ਦੇਰੀ ਨਾਲ ਪ੍ਰਾਪਤ ਹੋ ਰਹੇ ਹਨ। ਪੰਜਾਬ ਦੇ ਮਾਝੇ ਨਾਲ ਸਬੰਧਤ ਦੋ ਜ਼ਿਲ੍ਹਿਆਂ ਤਰਨਤਾਰਨ ਅਤੇ ਗੁਰਦਾਸਪੁਰ ਵਿੱਚ ਅੱਜ ਵਧੇਰੇ ਕੇਸ ਸਾਹਮਣੇ ਆਏ ਹਨ।

ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਜ਼ੂਰ ਸਾਹਿਬ ਤੇ ਹੋਰਨਾਂ ਥਾਵਾਂ ਤੋਂ ਆਏ ਵਿਅਕਤੀਆਂ ਨੂੰ ਜਿਸ ਤਰ੍ਹਾਂ ਲਾਗ ਲੱਗਣ ਦੇ ਲੱਛਣ ਸਾਹਮਣੇ ਆ ਰਹੇ ਹਨ, ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 2 ਹਜ਼ਾਰ ਦਾ ਅੰਕੜਾ ਪਾਰ ਕਰ ਸਕਦੀ ਹੈ।

ਕਰੋਨਾਵਾਇਰਸ ਦੇ ਵਧਦੇ ਮਰੀਜ਼ਾਂ ਦਰਮਿਆਨ ਹੀ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ ਕੁੱਲ 133 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਵਿੱਚੋਂ 3 ਦੀ ਹਾਲਤ ਗੰਭੀਰ ਮੰਨੀ ਜਾ ਰਹੀ ਹੈ।

Previous articleਹੰਦਵਾੜਾ ’ਚ ਸ਼ਹੀਦ ਹੋਏ ਫ਼ੌਜੀ ਅਧਿਕਾਰੀਆਂ ਨੂੰ ਅੰਤਿਮ ਵਿਦਾਇਗੀ
Next articleਟਿੱਡੀ ਦਲ ਦੇ ਹਮਲੇ ਨੇ ਕਿਸਾਨਾਂ ਦੇ ਸਾਹ ਸੂਤੇ