ਲੋਕ ਨਿਰਮਾਣ ਮੰਤਰੀ ਵਲੋਂ ਫਿਲੌਰ ਤੋਂ ਫਗਵਾੜਾ ਤੱਕ 2500 ਦੇਸੀ ਅੰਬ ਦੇ ਪੌਦੇ ਲਗਾਉਣ ਦੀ ਸ਼ੁਰੂਆਤ, ਸੜਕਾਂ ਦੀ ਮੁਰੰਮਤ ਲਈ 3000 ਕਰੋੜ ਪ੍ਰਵਾਨ-ਸਿੰਗਲਾ

ਫਿਲੌਰ (ਸਮਾਜ ਵੀਕਲੀ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸੁਚਾਰੂ ਢੰਗ ਨਾਲ ਮਨਾਉਣ ਲਈ ਪੰਜਾਬ ਦੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਸ੍ਰੀ ਵਿਜੈ ਸਿੰਗਲਾ ਵਲੋਂ ਜੀ.ਟੀ.ਰੋਡ ਫਿਲੌਰ ਤੋਂ ਫਗਵਾੜਾ ਤੱਕ 2500 ਦੇਸੀ ਅੰਬਾਂ ਦੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰੀ ਸਿੰਗਲਾ ਜਿਨਾਂ ਨੇ ਇਸ ਮੌਕੇ ਪੌਦੇ ਲਗਾਏ ਨੇ ਕਿਹਾ ਕਿ ਦੇਸੀ ਅੰਬਾਂ ਦੇ ਇਹ ਪੌਦੇ ਖਾਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਂਗੋ ਰਿਸਰਚ ਸੈਂਟਰ ਦਸੂਹਾ ਪਾਸੋਂ ਖ਼ਰੀਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੇਸੀ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਦੇ ਪੌਦੇ ਜੀ.ਟੀ.ਰੋਡ ਦੇ ਦੋਵੇਂ ਪਾਸੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨਾਂ ਪੌਦਿਆਂ ਦੀ ਸਹੀ ਸਾਂਭ-ਸੰਭਾਲ ਬਾਂਸਾ ਨਾਲ ਬਣਾਏ ਗਏ ਰੁੱਖ ਗਾਰਡਾਂ ਨਾਲ ਕੀਤੀ ਜਾਵੇਗੀ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੌਦੇ ਲਗਾਉਣ ਦੀ ਇਹ ਮੁਹਿੰਮ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚਾ ਸਜਦਾ ਹੋਵੇਗਾ ਜੋ ਖੁਦ ਕੁਦਰਤ ਦੇ ਬਹੁਤ ਵੱਡੇ ਪ੍ਰੇਮੀ ਸਨ ਅਤੇ ਉਨਾਂ ਨੇ ਅਪਣੀਆਂ ਸਿੱਖਿਆਵਾਂ ਰਾਹੀਂ ਕੁਦਰਤ ਦੀ ਰੱਖਿਆ ਦਾ ਸੰਦੇਸ਼ ਦਿੱਤਾ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਮਾਨਵਤਾ ਦੀ ਭਲਾਈ ਲਈ ਦਿੱਤੇ ਗਏ ਸੰਦੇਸ਼ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਨੂੰ ਜ਼ਿਲ੍ਹੇ ਵਿੱਚ ਵਾਤਾਵਰਣ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਜੈਵਿਕ ਵਿਭਿੰਨਤਾ ਵਿਚ ਇਕਸਾਰਤਾ ਲਈ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੌਦੇ ਲਗਾਉਣ ਨਾਲ ਜ਼ਿਲ੍ਹੇ ਵਿੱਚ ਜਿਥੇ ਹਰਿਆਵਲ ਹੇਠ ਰਕਬਾ ਵਧੇਗਾ ਉਥੇ ਹੀ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੋ ਪੜ੍ਹਾਵਾਂ ਵਿੱਚ ਸੜਕਾਂ ਦੀ ਮੁਰੰਮਤ ਲਈ 3000 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ’ਤੇ 15 ਸਤੰਬਰ ਤੋਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਸਿੰਗਲਾ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਫਿਲੌਰ ਰਾਜੇਸ਼ ਕੁਮਾਰ ਸ਼ਰਮਾ, ਮੁੱਖ ਇੰਜੀਨੀਅਰ ਉਤਰੀ ਲੋਕ ਨਿਰਮਾਣ ਵਿਭਾਗ (ਬੀ.ਐਡ ਆਰ.) ਅਰੁਣ ਕੁਮਾਰ ਅਤੇ ਸੁਪਰਡੰਟ ਇੰਜੀਨੀਅਰ ਟੀ.ਆਰ.ਕਟਨੂਰੀਆ, ਕਾਰਜਕਾਰੀ ਇੰਜੀਨੀਅਰ ਬੀ.ਐਸ ਤੁਲੀ ਅਤੇ ਕਮਲ ਨਯਨ ਤੇ ਹੋਰ ਵੀ ਹਾਜ਼ਰ ਸਨ।

Previous articleਪਟਿਆਲਾ ਫੋਕਲ ਪੁਆਇੰਟ ਸਥਿਤ ਕੈਮੀਕਲ ਫੈਕਟਰੀ ਵਿੱਚ ਸ਼ਾਰਟ ਸਰਕਟ ਹੋਣ ਨਾਲ ਲੱਗੀ ਅੱਗ
Next articleਅਮਰੀਕਾ, ਭਾਰਤ-ਪਾਕਿ ਦਰਮਿਆਨ ਸਿੱਧੀ ਗੱਲਬਾਤ ਦੇ ਹੱਕ ‘ਚ