ਅਹਿਮਦਾਬਾਦ (ਸਮਾਜਵੀਕਲੀ) – ਗੁਜਰਾਤ ਸਰਕਾਰ ਨੇ ਸੂਰਤ ਦੇ ਸੰਘਣੀ ਆਬਾਦੀ ਵਾਲੇ ਪੰਜ ਇਲਾਕਿਆਂ ਵਿਚ ਵੀਰਵਾਰ ਅੱਧੀ ਰਾਤ ਤੋਂ ਇਕ ਹਫ਼ਤੇ ਲਈ ਕਰਫਿਊ ਲਗਾ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਵਿੱਚ ਸਕੱਤਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਇਲਾਕੇ ਸਲਾਬਤਪੁਰਾ, ਮਹਿਧਾਰਪੁਰਾ, ਲਾਲਗੇਟ, ਅਠਵਾਲਾਈਨ ਅਤੇ ਕਮਰੂਨਗਰ ਪੁਲੀਸ ਚੌਕੀ ਅਧੀਨ ਆਉਂਦੇ ਹਨ।
ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਸੂਰਤ ਵਿੱਚ 12 ਘੰਟਿਆਂ ਦੇ ਅੰਦਰ ਕਰੋਨਾਵਾਇਰਸ ਦੇ 35 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ। ਸੂਰਤ ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾਵਾਇਰਸ ਦੇ 86 ਮਾਮਲੇ ਸਾਹਮਣੇ ਆ ਚੁੱਕੇ ਹਨ। ਮੁੱਖ ਮੰਤਰੀ ਦਫ਼ਤਰ ਦੇ ਸਕੱਤਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕਰਫਿਊ 22 ਅਪਰੈਲ ਸਵੇਰੇ 6 ਵਜੇ ਤੱਕ ਲਾਗੂ ਰਹੇਗਾ ਅਤੇ ਇਨ੍ਹਾਂ ਦਿਨਾਂ ਦੌਰਾਨ ਸਿਰਫ਼ ਔਰਤਾਂ ਨੂੰ ਜ਼ਰੂਰੀ ਸਾਮਾਨ ਖਰੀਦਣ ਲਈ ਬਾਅਦ ਦੁਪਹਿਰ 1 ਵਜੋ ਤੋਂ ਲੈ ਕੇ ਸ਼ਾਮ 4 ਵਜੇ ਤੱਕ ਤਿੰਨ ਘੰਟਿਆਂ ਦੀ ਛੋਟ ਦਿੱਤੀ ਜਾਵੇਗੀ।
ਜੇਕਰ ਔਰਤਾਂ ਨੇ ਸਮਾਜਿਕ ਦੂਰੀ ਸਬੰਧੀ ਨਿਯਮਾਂ ਦੀ ਪਾਲਣਾ ਨਾ ਕੀਤੀ ਅਤੇ ਵੱਡੀ ਗਿਣਤੀ ’ਚ ਬਾਹਰ ਆਈਆਂ ਤਾਂ ਇਹ ਛੋਟ ਵਾਪਸ ਲੈ ਲਈ ਜਾਵੇਗੀ। ਸੂਰਤ ਦੇ ਪੁਲੀਸ ਕਮਿਸ਼ਨਰ ਆਰ.ਬੀ. ਬ੍ਰਹਮਭੱਟ ਨੇ ਕਿਹਾ ਕਿ ਕਰਫਿਊ ਜ਼ਰੂਰੀ ਹੈ ਕਿਉਂਕਿ ਕੋਵਿਡ-19 ਦੇ ਕਈ ਮਾਮਲੇ ਇਨ੍ਹਾਂ ਇਲਾਕਿਆਂ ’ਚੋਂ ਸਾਹਮਣੇ ਆਏ ਹਨ।
ਉਨ੍ਹਾਂ ਕਿਹਾ ਕਿ ਰੈਪਿਡ ਐਕਸ਼ਨ ਫੋਰਸ, ਸਟੇਟ ਰਿਜ਼ਰਵ ਪੁਲੀਸ ਤੇ ਸਥਾਨਕ ਪੁਲੀਸ ਨੂੰ ਇਨ੍ਹਾਂ ਇਲਾਕਿਆਂ ਵਿੱਚ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਤਾਇਨਾਤ ਕੀਤਾ ਗਿਆ ਹੈ।