ਅਮਰੀਕਾ ਨੇ ਸਭ ਤੋਂ ਮਾੜਾ ਦੌਰ ਪਾਰ ਕੀਤਾ: ਟਰੰਪ

ਵਾਸ਼ਿੰਗਟਨ  (ਸਮਾਜਵੀਕਲੀ)ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਨੇ ਨਵੇਂ ਕਰੋਨਾਵਾਇਰਸ ਕੇਸਾਂ ਦੇ ਮਾਮਲੇ ਵਿੱਚ ‘ਸਭ ਤੋਂ ਮਾੜਾ ਦੌਰ’ ਪਾਰ ਕਰ ਲਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮਹੀਨੇ ਕੁਝ ਸੂਬੇ ਦੁਬਾਰਾ ਖੋਲ੍ਹ ਦਿੱਤੇ ਜਾਣਗੇ। ਅਮਰੀਕਾ ਵਿੱਚ ਇਸ ਵੇਲੇ ਕੋਵਿਡ-19 ਦੇ 6,37,000 ਤੋਂ ਵੱਧ ਕੇਸ ਹਨ ਅਤੇ 30,950 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਦੁਨੀਆਂ ਭਰ ਵਿਚੋਂ ਸਭ ਤੋਂ ਵੱਡਾ ਅੰਕੜਾ ਹੈ।

ਵ੍ਹਾਈਟ ਹਾਊਸ ਵਿੱਚ ਬੁੱਧਵਾਰ ਨੂੰ ਕਰੋਨਾਵਾਇਰਸ ਸਬੰਧੀ ਪ੍ਰੈਸ ਕਾਨਫਰੰਸ ਮੌਕੇ ਟਰੰਪ ਨੇ ਕਿਹਾ ਕਿ ਸੂਬਿਆਂ ਦੇ ਗਵਰਨਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਵੀਰਵਾਰ ਨੂੰ ਦੇਸ਼ ਨੂੰ ਮੁੜ ਖੋਲ੍ਹਣ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਟਰੰਪ ਪ੍ਰਸ਼ਾਸਨ ਨੇ ਦੁਨੀਆਂ ਦੇ ਸਭ ਤੋਂ ਵੱਡੇ ਅਰਥਚਾਰੇ ਨੂੰ ਮੁੜ ਖੋਲ੍ਹਣ ਦੀ ਮਿਤੀ ਪਹਿਲਾਂ 1 ਮਈ ਨਿਰਧਾਰਿਤ ਕੀਤੀ ਸੀ ਪਰ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਕੁਝ ਸੂਬੇ ਇਸ ਮਿਤੀ ਤੋਂ ਪਹਿਲਾਂ ਖੋਲ੍ਹੇ ਜਾ ਸਕਦੇ ਹਨ।

ਉਨ੍ਹਾਂ ਕਿਹਾ, ‘‘ਅਸੀਂ ਸਾਰੇ ਵਾਪਸੀ ਕਰਾਂਗੇ, ਸਾਨੂੰ ਸਾਡਾ ਮੁਲਕ ਮੁੜ ਲੀਹ ’ਤੇ ਚਾਹੀਦਾ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਜੰਗ ਭਾਵੇਂ ਜਾਰੀ ਹੈ ਪਰ ਅੰਕੜਿਆਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਦੇਸ਼ ਭਰ ਵਿੱਚ ਅਸੀਂ ਸਭ ਤੋਂ ਮਾੜੇ ਦੌਰ ਨੂੰ ਪਾਰ ਕਰ ਗਏ ਹਾਂ। ਉਮੀਦ ਹੈ ਇਹ ਜਾਰੀ ਰਹੇਗਾ ਅਤੇ ਅਸੀਂ ਲਗਾਤਾਰ ਵਿਕਾਸ ਕਰਦੇ ਰਹਾਂਗੇ।’’

ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਨੇ ਅਮਰੀਕਾ ਨੂੰ ਮਜ਼ਬੂਤ ਸਥਿਤੀ ਵਿਚ ਲਿਆ ਖੜ੍ਹਾ ਕੀਤਾ ਹੈ ਜਦੋਂ ਅਸੀਂ ਦੇਸ਼ ਨੂੰ ਮੁੜ ਖੋਲ੍ਹਣ ਲਈ ਸੂਬਿਆਂ ਵਾਸਤੇ ਨਿਰਦੇਸ਼ ਤਿਆਰ ਕਰ ਸਕਦੇ ਹਾਂ। ਇਸੇ ਦੌਰਾਨ ਕਰੋਨਾਵਾਇਰਸ ਬਾਰੇ ਵ੍ਹਾਈਟ ਹਾਊਸ ਟਾਸਕ ਫੋਰਸ ਦੀ ਮੈਂਬਰ ਡਾ. ਦੇਬੋਰਾਹ ਬਰਿੱਕਸ ਨੇ ਦੱਸਿਆ ਕਿ ਪਿਛਲੇ ਪੰਜ-ਛੇ ਦਿਨਾਂ ਵਿੱਚ ਦੇਸ਼ ਭਰ ਵਿੱਚੋਂ ਆ ਰਹੇ ਨਵੇਂ ਕੇਸਾਂ ਵਿੱਚ ਕਮੀ ਦਰਜ ਕੀਤੀ ਗਈ ਹੈ।

ਉਨ੍ਹਾਂ ਕਿਹਾ, ‘‘ਇਸ ਨਾਲ ਸਾਡਾ ਹੌਸਲਾ ਕੁਝ ਵਧਿਆ ਹੈ ਪਰ ਸਾਨੂੰ ਇਹ ਵੀ ਪਤਾ ਹੈ ਕਿ ਪੂੁਰੇ ਅਮਰੀਕਾ ਵਿੱਚ ਮੌਤਾਂ ਹੋ ਰਹੀਆਂ ਹਨ।’’
ਉਨ੍ਹਾਂ ਦੱਸਿਆ ਕਿ ਨੌਂ ਸੂਬਿਆਂ ਵਿੱਚ ਹਜ਼ਾਰ ਤੋਂ ਘੱਟ ਕੇਸ ਹਨ ਅਤੇ ਰੋਜ਼ਾਨਾ 30 ਤੋਂ ਵੀ ਘੱਟ ਕੇਸ ਆ ਰਹੇ ਹਨ।

Previous articleਕਰੋਨਾ: ਇਕੋ ਦਿਨ ਵਿੱਚ 43 ਮੌਤਾਂ
Next articleਕਰੋਨਾਵਾਇਰਸ: ਸੂਰਤ ਦੇ ਕੁਝ ਇਲਾਕਿਆਂ ਵਿੱਚ ਕਰਫਿਊ ਲਗਾਇਆ